ਸੁੰਦਰ ਮੁੰਦਰੀਏ... ਹੋ, ਤੇਰਾ ਕੌਣ ਵਿਚਾਰਾ... ਹੋ
Sunday, Jan 14, 2018 - 11:30 AM (IST)

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) : ਝਨਾਬ-ਰਾਵੀ ਦੇ ਪਾਣੀਆਂ ਦੀ ਧਰਤੀ ਨੇ ਜਿਸ ਨਾਇਕ ਦਾ ਸਾਡੇ ਇਤਿਹਾਸ 'ਚ ਜ਼ਿਕਰ ਕੀਤਾ ਹੈ, ਉਹ ਬੰਦਾ ਬੰਦਾ ਨਾ ਹੋ ਕੇ ਪੰਜਾਬੀਅਤ ਅੰਦਰ ਵਹਿੰਦੀ ਇਕ ਸੋਚ ਹੈ। ਲੋਹੜੀ ਦਾ ਤਿਉਹਾਰ ਉਸੇ ਜਸ਼ਨ ਦਾ ਪ੍ਰਤੀਕ ਹੈ।
ਮੌਲਵੀ ਨੂਰ ਅਹਿਮਦ ਚਿਸ਼ਤੀ ਆਪਣੀ ਰਚਨਾ 'ਤਹਿਕੀਕਾਤ-ਏ-ਚਿਸ਼ਤੀਆਂ' ਵਿਚ ਜ਼ਿਕਰ ਕਰਦੇ ਹਨ ਕਿ ਅਕਬਰ ਨੇ ਲਾਹੌਰ ਦੇ ਲੰਡਾ ਬਾਜ਼ਾਰ ਦੇ ਨੇੜੇ ਨੀਲੇ ਗੁੰਬਦ ਕੋਲ ਜਨਤਕ ਤੌਰ 'ਤੇ ਦੁੱਲੇ ਭੱਟੀ ਨੂੰ ਫਾਂਸੀ ਦਿੱਤੀ ਸੀ। ਇਹ ਲੋਕਾਂ ਨੂੰ ਸਬਕ ਸੀ ਤਾਂ ਜੋ ਫਿਰ ਤੋਂ ਕੋਈ ਬਗਾਵਤ ਕਰਨ ਲਈ ਆਵਾਜ਼ ਨਾ ਚੁੱਕੇ। ਇਸ ਦੌਰਾਨ ਭੀੜ 'ਚ ਕਾਫੀ ਗੁੱਸੇ ਦੀ ਲਹਿਰ ਸੀ ਅਤੇ ਅਜਿਹੇ ਹਾਲਾਤ ਨੂੰ ਲਾਹੌਰ ਦਾ ਕੋਤਵਾਲ ਅਲੀ ਮਲਕ ਕਾਬੂ ਕਰ ਰਿਹਾ ਸੀ। ਇਸ ਮਾਹੌਲ 'ਚ ਇਕ ਆਵਾਜ਼ ਸੀ, ਜੋ ਬੇਧੜਕ, ਬੇਖੌਫ ਮੁਖਾਲਫਤ ਕਰਨ ਲਈ ਉਭਰੀ। ਇਹ ਪੰਜਾਬ ਦੇ ਸੂਫੀ ਸੰਤ ਸ਼ਾਹ ਹੁਸੈਨ ਸਨ। ਸ਼ਾਹ ਹੁਸੈਨ ਲਿਖਦੇ ਹਨ :
ਕਹੇ ਹੁਸੈਨ ਫਕੀਰ ਨਿਮਾਣਾ ਤਖਤ ਨਾ ਮਿਲਦੇ ਮੰਗੇ...
ਸੂਫੀ ਵੀ ਤਾਂ ਇਨਕਲਾਬੀ ਹੀ ਹੁੰਦੇ ਹਨ। ਉਨ੍ਹਾਂ ਗਾਇਆ। ਨਾ ਲਿਖਣ ਦੀ ਤਾਂਘ ਸੀ, ਨਾ ਨਿਯਮਬੱਧ ਕਰਨ ਦੀ ਲਾਲਸਾ। ਜੇ ਲਾਲਸਾ ਹੁੰਦੀ ਤਾਂ ਘੁੰਗਟ ਚੁੱਕ ਹੁਣ ਸੱਜਣਾ ਦਾ ਗਾਣਾ ਕਿਉਂ ਗਾਉਂਦੇ? ਸੂਫੀ ਨੇ ਸ਼ਰੀਅਤ ਖਿਲਾਫ ਆਜ਼ਾਦ ਮਨ ਦੀ ਆਵਾਜ਼ ਨੂੰ ਉਡਾਨ ਦਿੱਤੀ।
ਸੂਫੀਆਂ ਦਾ ਇਕ ਕਥਨ ਹੈ-ਕੁਨ ਫਾਹੇ ਕੁਨ।
ਇਸ ਦਾ ਅਰਥ ਹੈ ਕਿ ਜੋ ਦਿਲ 'ਚ ਹੈ, ਉਹ ਜ਼ੁਬਾਨ 'ਤੇ ਹੈ। ਕਿਸੇ ਤਰ੍ਹਾਂ ਦਾ ਕੋਈ ਓਹਲਾ ਨਹੀਂ।
ਨਜ਼ਮ ਹੁਸੈਨ ਸਈਅਦ ਆਪਣੇ ਨਾਟਕ 'ਤਖਤ ਲਾਹੌਰ' ਅੰਦਰ ਬੜੇ ਕਮਾਲ ਦੇ ਇਸ਼ਾਰੇ ਕਰਦੇ ਹਨ। ਇਹ ਨਾਟਕ ਦੁੱਲੇ ਭੱਟੀ ਨਾਲ ਸਬੰਧ ਰੱਖ ਕੇ ਵੀ ਦੁੱਲੇ ਦੇ ਬੰਦੇ ਦੇ ਤੌਰ 'ਤੇ ਹਾਜ਼ਰ ਹੋਣ ਦਾ ਨਹੀਂ ਹੈ। ਆਮ ਬੰਦੇ ਅਤੇ ਲੋਕ ਨਾਇਕ 'ਚ ਇਹੋ ਫਰਕ ਹੁੰਦਾ ਹੈ। ਦੁੱਲਾ ਹੁਣ ਇਕ ਸੋਚ ਹੈ। ਨਜ਼ਮ ਹੁਸੈਨ ਆਪਣੇ ਨਾਟਕ 'ਚ ਇਸੇ ਸੋਚ ਨੂੰ ਮਹਿਸੂਸ ਕਰ ਰਹੇ ਹਨ। ਨਜ਼ਮ ਹੁਸੈਨ ਦੇ ਨਾਟਕ 'ਚ ਸ਼ਾਹ ਹੁਸੈਨ ਅਤੇ ਦੁੱਲੇ ਭੱਟੀ ਦੇ ਇਕੋ ਮਦਰੱਸੇ 'ਚ ਪੜ੍ਹਨ ਦਾ ਜ਼ਿਕਰ ਹੈ। ਕਿੰਨੇ ਕਮਾਲ ਦਾ ਸੰਜੋਗ ਹੈ ਕਿ ਇਕੋ ਮਦਰੱਸੇ ਤੋਂ ਇਨਕਲਾਬ ਖੜ੍ਹਾ ਹੋਇਆ। ਇਕ ਕਲਮ ਨਾਲ ਅਤੇ ਦੂਜਾ ਤਲਵਾਰ ਨਾਲ ਜੁਰਮ-ਜਬਰ ਦੇ ਖਿਲਾਫ ਆਪਣੀ ਇਬਾਰਤ ਲਿਖ ਰਿਹਾ ਹੈ। ਲੋਹੜੀ ਦੇ ਤਿਉਹਾਰ ਵੇਲੇ ਖੁਸ਼ੀ ਮਨਾਉਣ ਲੱਗਿਆ ਉਸ ਸੋਚ ਨੂੰ ਪੰਜਾਬ ਦੀ ਸੂਫੀਅਤ ਨੂੰ ਧੁਰ ਅੰਦਰ ਤੋਂ ਮਹਿਸੂਸ ਕਰਨ ਦੀ ਲੋੜ ਹੈ। ਇਸ ਤੋਂ ਬਿਨਾਂ ਸਭ ਮਿੱਟੀ ਹੈ। ਅਸੀਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਹੋਏ ਇਹ ਉਮੀਦ ਕਰੀਏ ਕਿ ਸਾਡਾ ਫਰਜੰਦ ਦੁੱਲੇ ਵਾਂਗੂ ਖਰਾ ਹੋਵੇ। ਇਸ ਧਰਤੀ ਨੂੰ ਦੋਗਲਾਪਨ ਨਹੀਂ ਚਾਹੀਦਾ। ਕੁੜੀਆਂ ਦੀ ਲੋਹੜੀ ਮਨਾਉਂਦੇ ਹੋਏ ਸਾਡੀ ਦੁਆ ਹੋਵੇ ਕਿ ਜ਼ਿੰਦਗੀ ਦਾ ਅਹਿਮ ਅਧਾਰ ਇਹ ਕੁੜੀਆਂ ਆਪਣੀ ਕਹਾਣੀ ਨੂੰ ਹੌਸਲੇ ਨਾਲ, ਵਿਸ਼ਵਾਸ ਨਾਲ ਤਰਾਸ਼ਣ ਅਤੇ ਇਸ ਲਈ ਸਮਾਜ 'ਚ ਇਨ੍ਹਾਂ ਕੁੜੀਆਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ। ਇਹ ਵੀ ਇਤਫਾਕ ਹੈ ਕਿ ਲਾਹੌਰ ਦੇ ਮੈਨੀ ਸਾਹਿਬ ਵਾਲੇ ਕਬਰਿਸਤਾਨ 'ਚ ਜਿਥੇ ਦੁੱਲਾ ਭੱਟੀ ਹੈ, ਉਸੇ ਥਾਂ 'ਤੇ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦੀ ਵੀ ਸਮਾਧ ਹੈ। ਲਹਿੰਦੇ ਪੰਜਾਬ ਦੇ ਸਾਹਿਤ ਨੂੰ ਬੇਹੱਦ ਇਸ਼ਕ ਨਾਲ ਸਮਝਣ ਵਾਲੇ ਡਾ. ਪਰਮਜੀਤ ਸਿੰਘ ਮੀਸ਼ਾ ਕਹਿੰਦੇ ਹਨ ਕਿ ਬਾਗੀਆਂ ਅਤੇ ਸੂਫੀਆ ਦੇ ਰਿਸ਼ਤੇ ਵਿਚਲੀ ਤੰਦ ਬਾਕਮਾਲ ਹੈ।
ਦੁੱਲਾ ਭੱਟੀ ਪੰਜਾਬ ਦੀ ਉਹ ਸੋਚ ਹੈ, ਜੋ ਜਾਣਦਾ ਸੀ ਕਿ ਮੇਰੀ ਹੁਣ ਦੀ ਕੁਰਬਾਨੀ ਅੰਤ ਨਹੀਂ। ਇਹ ਲੜਾਈ ਅੱਜ ਦੀ ਨਹੀਂ। ਇਹ ਬਹੁਤ ਬਾਅਦ ਦੀਆਂ ਗਾਥਾਵਾਂ ਹੋ ਜਾਣੀਆਂ ਹਨ, ਜੋ ਲੋਕਾਂ ਨੂੰ ਸਹੀ ਕਰਨ ਲਈ ਪ੍ਰੇਰਨਗੀਆਂ। ਸੂਫੀ ਵੀ ਤਾਂ ਅਜਿਹੇ ਹੀ ਹਨ। ਉਨ੍ਹਾਂ ਆਪਣੇ ਸਮਿਆਂ 'ਚ ਜੋ ਗਾਇਆ, ਉਸ ਨੂੰ ਬਾਅਦ ਵਾਲੀਆਂ ਕਈ ਸਦੀਆਂ ਨੇ ਸੁਣਿਆ ਹੈ। ਦੁੱਲੇ ਭੱਟੀ ਅਤੇ ਮਾਧੋ ਲਾਲ ਹੁਸੈਨ ਉਰਫ ਸ਼ਾਹ ਹੁਸੈਨ ਦੇ ਰਿਸ਼ਤੇ ਤੋਂ ਪੰਜਾਬ ਦੀ ਅਜੋਕੀ ਗਾਇਕੀ ਵੀ ਆਪਣੇ ਅੰਦਰ ਵੇਖ ਸਕਦੀ ਹੈ। ਕੀ ਇਹ ਗੀਤ ਅੱਜ ਤੋਂ ਸਦੀਆਂ ਬਾਅਦ ਗਾਏ ਜਾਣਗੇ? ਜੋ ਗਾਏ ਜਾਣਗੇ, ਉਹ ਲੋਕ ਗੀਤ ਬਣਨਗੇ। ਪੰਜਾਬ 'ਸੁੰਦਰ ਮੁੰਦਰੀਏ' ਤਾਂ ਅੱਜ ਵੀ ਗਾਉਂਦਾ ਹੈ। ਬਾਰਡਰ ਨੀ ਟੱਪਦਾ ਚਿੱਟਾ ਕੀ ਕੱਲ ਨੂੰ ਗਾਇਆ ਜਾਵੇਗਾ?
ਅਜਿਹਾ ਹਵਾਲਾ ਵੀ ਹੈ ਕਿ ਦੁੱਲਾ ਭੱਟੀ ਦੀ ਸ਼ਹੀਦੀ ਤੋਂ ਬਾਅਦ ਸ਼ਾਹ ਹੁਸੈਨ ਨੇ ਬਹੁਤ ਡਟ ਕੇ ਇਸ ਬਾਰੇ ਮੁਖਾਲਫਤ ਕੀਤੀ ਸੀ। ਕਹਿੰਦੇ ਹਨ ਕਿ ਇਹ ਸ਼ਾਹੀ ਫਰਮਾਨ ਸੀ ਕਿ ਦੁੱਲੇ ਨੂੰ ਸੂਲੀ ਤੋਂ ਉਤਾਰ ਕੇ ਉਸ ਦੀਆਂ ਮੌਤ ਦੀਆਂ ਰਸਮਾਂ ਕੋਈ ਨਹੀਂ ਕਰੇਗਾ। ਸ਼ਾਹ ਹੁਸੈਨ ਲਿਖਦੇ ਹਨ-
ਸ਼ਾਹ ਹੁਸੈਨ ਸ਼ਹਾਦਤ ਪਾਇਰ, ਮਰਨ ਜੋ ਮਿੱਤਰਾਂ ਅੱਗੇ
ਪੰਜਾਬ ਦੀ ਲੋਕ ਧਾਰਾ ਦੇ ਅਜਿਹੇ ਨਾਇਕ, ਅਜਿਹੇ ਸੂਫੀ ਸੰਤਾਂ ਬਾਰੇ ਜਾਣਦੇ ਹੋਏ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਸਦਾ ਮਹਿਸੂਸ ਕਰਦੇ ਰਹੇ। ਦੁੱਲਾ ਆਪਣੇ ਆਪ 'ਚ ਸਾਂਝੀਵਾਲਤਾ ਹੈ। ਲੋਹੜੀ ਦੇ ਤਿਉਹਾਰ ਨੂੰ ਇਸ ਬਹਾਨੇ ਵੀ ਮਨਾਇਓ ਅਤੇ ਧਰਮਾਂ, ਵਿਤਕਰਿਆਂ ਤੋਂ ਉਪਰ ਉਠ ਕੇ ਪੰਜਾਬੀਅਤ ਨੂੰ ਮਹਿਸੂਸ ਕਰੋ।
ਦੁੱਲੇ ਦੇ ਪੁਰਖੇ ਰਾਜਪੂਤ ਹਿੰਦੂ ਸਨ। ਜਾਤ ਤੋਂ ਬਾਹਰੀ ਵਿਆਹ ਕਰਨ ਕਰਕੇ ਉਨ੍ਹਾਂ ਨੂੰ ਕੁਨਬੇ 'ਚੋਂ ਛੇਕ ਦਿੱਤਾ। ਰਾਜਸਥਾਨ ਤੋਂ ਤੁਰਦੇ ਤਰਾਉਂਦੇ ਉਨ੍ਹਾਂ ਆਪਣਾ ਡੇਰਾ ਬਠਿੰਡਾ ਦੇ ਨੇੜੇ ਲਾਇਆ। ਕਹਿੰਦੇ ਨੇ ਕਿ ਦੁੱਲੇ ਦੀ ਗੋਤ ਭੱਟੀ ਤੋਂ ਹੀ ਸ਼ਾਬਦਿਕ ਸਫਰ ਹੁੰਦਾ ਬਠਿੰਡਾ ਬਣਿਆ ਹੈ ਪਰ ਇਥੇ ਵੀ ਉਨ੍ਹਾਂ ਦਾ ਠਿਕਾਣਾ ਵਕਤੀ ਸੀ। ਅਖੀਰ ਉਨ੍ਹਾਂ ਝਨਾ-ਰਾਵੀ ਦੇ ਇਲਾਕੇ 'ਚ ਬਾਰ ਦੇ ਇਲਾਕੇ ਨੂੰ ਆਬਾਦ ਕੀਤਾ। ਇਹ ਇਲਾਕਾ ਦੁੱਲੇ ਦੇ ਦਾਦਾ ਸਾਂਦਲ ਭੱਟੀ ਦੇ ਨਾਂ ਨਾਲ ਮਸ਼ਹੂਰ ਹੈ। ਦੁੱਲੇ ਦੇ ਪੁਰਖਿਆਂ ਦੀ ਬਾਰ ਇਲਾਕੇ ਦੀ ਮੁਗਲੀਆ ਹਕੂਮਤ ਖਿਲਾਫ ਬਗਾਵਤ ਦਾ ਜ਼ਿਕਰ ਬਾਬਰ ਵੱਲੋਂ ਲਿਖੇ ਬਾਬਰਨਾਮਾ 'ਚ ਵੀ ਮਿਲਦਾ ਹੈ। ਦਰਅਸਲ ਬਾਰ ਦਾ ਇਲਾਕੇ ਦਾ ਇਤਿਹਾਸ ਹੀ ਅਜਿਹਾ ਹੈ ਕਿ ਇਹ ਬਾਗੀ ਤੇ ਵਸਿਆ ਅਜਿਹਾ ਕਬੀਲਾ ਸੀ, ਜੋ ਮੂਲੋਂ ਬਾਗੀ ਸੁਭਾਅ ਦੇ ਸਨ। ਮੁਗਲੀਆ ਸਲਤਨਤ ਨਾਲ ਇਨ੍ਹਾਂ ਦੇ ਵਿਰੋਧ ਸਨ, ਜਿਸ ਕਾਰਨ ਇਹ ਗੁਰੀਲਾ ਢੰਗ ਨਾਲ ਉਨ੍ਹਾਂ ਨਾਲ ਆਢਾ ਲੈਂਦੇ ਰਹਿੰਦੇ ਸਨ। ਇਹ ਵੀ ਦਿਲਚਸਪ ਹੈ ਕਿ ਕੁਝ ਕੌਮਾਂ ਦੇ ਖੂਨ 'ਚ ਹੀ ਵੰਗਾਰ ਲਿਖੀ ਹੁੰਦੀ ਹੈ। ਇਕ ਪਾਸੇ ਇਹ ਰਾਅ ਸਿੱਖਾਂ ਦੀ ਜੜ੍ਹ ਰਾਜਪੂਤਾਂ ਨਾਲ ਜਾ ਜੁੜਦੀ ਹੈ। ਠੀਕ ਉਵੇਂ ਜਿਵੇਂ ਦੁੱਲਾ ਭੱਟੀ ਹੁਣਾਂ ਦੀ ਤੰਦ ਵੀ ਰਾਜਪੂਤਨਾ ਹੈ। ਰਾਅ ਸਿੱਖਾਂ ਦਾ ਸਬੰਧ ਚਿਤੌੜਗੜ੍ਹ ਦੀ ਰਾਣੀ ਪਦਮਾਵਤੀ ਦੇ ਭਰਾਵਾਂ ਨਾਲ ਹੈ। ਸਾਡੇ ਲੋਕ ਗੀਤਾਂ 'ਚ ਇਨ੍ਹਾਂ ਭਰਾਵਾਂ ਦਾ ਜ਼ਿਕਰ ਆਮ ਹੈ। ਇਨ੍ਹਾਂ ਭਰਾਵਾਂ ਦਾ ਨਾਮ ਜੈਮਲ ਤੇ ਫੱਤਾ ਸੀ। ਰਾਵਾਂ ਦੇ ਬਜ਼ੁਰਗ ਕਹਿੰਦੇ ਹਨ ਕਿ ਅਸੀਂ ਜੈਮਲ ਫੱਤੇ ਦੀਆਂ ਔਲਾਦਾਂ ਰਾਜਪੂਤ ਸਾਂ ਅਤੇ ਫਿਰ ਸਿੱਖ ਧਰਮ ਦੇ ਪਸਾਰੇ 'ਚ ਸਾਡੇ ਪੁਰਖੇ ਗੁਰੂ ਸਾਹਬ ਹੁਣਾਂ ਦੇ ਪ੍ਰਭਾਵ 'ਚ ਆਏ। ਇਹ ਕਿਹੜੇ ਗੁਰੂ ਸਾਹਿਬ ਦੀ ਸੰਗਤ 'ਚ ਆਏ ਹਨ, ਇਸ ਦਾ ਕੋਈ ਸਪੱਸ਼ਟ ਪ੍ਰਮਾਣ ਨਹੀਂ ਹੈ ਪਰ ਇਹ ਕਹਾੜੀ ਲੋਕ ਧਾਰਾਈ ਪ੍ਰਵਾਹ 'ਚ ਹੈ ਕਿ ਪੁੱਛਿਆ ਕਿ ਰਾਜਪੂਤ ਕੀ ਹੋਇਆ? ਰਾਜਿਆਂ ਦੇ ਪੁੱਤ! ਤੁਸੀਂ ਤਾਂ ਰਾਜ ਕਰਨ ਵਾਲੇ ਸਿੱਖ ਹੋ। ਸੋ ਇੰਝ ਰਾਜ+ਪੂਤ ਤੋਂ ਰਾਜ+ਸਿੱਖ ਹੋ ਗਏ ਅਤੇ ਰਾਜ ਸਿੱਖ ਤੋਂ ਸ਼ਾਬਦਿਕ ਸਫਰ ਰਾਏ ਸਿੱਖ ਜਾਂ ਰਾਅ ਸਿੱਖਾਂ ਤਕ ਹੋ ਗਿਆ।
ਦੁੱਲੇ ਭੱਟੀ ਦੀ ਮਾਂ ਅਤੇ ਅਕਬਰ ਦੇ ਮੁੰਡੇ ਨੂੰ ਲੈ ਕੇ ਵੀ ਇਕ ਕਹਾਣੀ ਹੈ। ਕਹਿੰਦੇ ਹਨ ਕਿ ਦੁੱਲਾ ਅਤੇ ਸਲੀਮ ਹਾਣੋ ਹਾਣੀ ਸਨ। ਸਲੀਮ ਦੀ ਬਾਲ ਅਵਸਥਾ 'ਚ ਵੈਦ ਦੀ ਸਲਾਹ ਨਾਲ ਉਨ੍ਹਾਂ ਨੂੰ ਕਿਸੇ ਹੋਰ ਔਰਤ ਦਾ ਦੁੱਧ ਪਿਲਾਇਆ ਗਿਆ। ਉਹ ਔਰਤ ਦੁੱਲੇ ਦੀ ਮਾਂ ਲੱਧੀ ਸੀ, ਜਿਸ ਨੇ ਇਕੋ ਸਮੇਂ ਦੁੱਲੇ ਅਤੇ ਸਲੀਮ ਨੂੰ ਦੁੱਧ ਪਿਲਾਇਆ ਪਰ ਇਸ ਦਾ ਹਵਾਲਾ ਨਹੀਂ ਹੈ। ਸਾਜ਼ੀ ਜ਼ਮਾਂ ਦੇ ਨਾਵਲ ਨੂੰ ਖੋਜ ਤੋਂ ਬਾਅਦ ਸਾਜ਼ੀ ਜ਼ਮਾਂ ਨੇ ਨਾਵਬ 'ਅਕਬਰ' ਜੋ ਲਿਖਿਆ ਹੈ, ਉਸ 'ਚ ਇਸ ਦਾ ਹਵਾਲਾ ਨਹੀਂ ਹੈ। ਸਾਜ਼ੀ ਜ਼ਮਾਂ ਦੇ ਨਾਵਲ ਨੂੰ ਪੜ੍ਹ ਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਜ਼ੀ ਜ਼ਮਾਂ ਦਾ ਅਕਬਰ ਗੰਗਾ ਜਮੁਨਾ ਤਹਿਜ਼ੀਬ ਦਾ ਨਾਇਕ ਹੈ। ਅਕਬਰ ਨੂੰ ਸਭ ਮਹਾਨ ਬਾਦਸ਼ਾਹ ਕਹਿੰਦੇ ਹਨ। ਯਕੀਨਨ ਉਹ ਹੈ ਵੀ ਸੀ ਪਰ ਜਦੋਂ ਪੰਜਾਬੀਆਂ ਲਈ ਦੁੱਲੇ ਦੀ ਗੱਲ ਤੁਰਦੀ ਹੈ ਤਾਂ ਪੰਜ ਦਰਿਆਵਾਂ ਦੀ ਧਰਤੀ ਦਾ ਨਾਇਕ ਅਦਬੁੱਲਾ ਭੱਟੀ ਉਰਫ ਦੁੱਲਾ ਭੱਟੀ ਹੈ ਅਤੇ ਅਕਬਰ ਇਕ ਤਾਨਾਸ਼ਾਹ ਬਾਦਸ਼ਾਹ ਹੈ, ਜਿਸ ਨੇ ਦੁੱਲੇ ਨੂੰ ਸ਼ਹੀਦ ਕੀਤਾ।
ਲੋਹੜੀ ਦੇ ਮੌਕੇ ਦੁੱਲੇ ਨੂੰ ਲੈ ਕੇ ਇਨ੍ਹਾਂ ਸਾਰੇ ਨਜ਼ਰੀਏ ਦਾ ਵਿਸਥਾਰ ਅਤੇ ਖੋਜ ਵੀ ਹੋਣੀ ਚਾਹੀਦੀ ਹੈ। ਇਹ ਕੋਈ ਆਖਰੀ ਗੱਲ ਨਹੀਂ ਹੈ। ਬੱਸ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਜੇ ਸੂਫੀਆਂ ਦਾ ਅਤੇ ਬਾਗੀਆਂ ਦਾ, ਸਾਡੇ ਲੋਕ ਨਾਇਕਾਂ ਦਾ ਰਿਸ਼ਤਾ ਅਜਿਹਾ ਹੈ ਤਾਂ ਇਸ ਰਿਸ਼ਤੇ ਦੇ ਤਿਉਹਾਰ ਲੋਹੜੀ ਨੂੰ ਕੋਟਿਨ ਕੋਟਿ ਸਿਜਦਾ ਕਰਨ ਨੂੰ ਮਨ ਕਹਿੰਦਾ ਹੈ। ਫਿਰ ਸੁੰਦਰ ਮੁੰਦਰੀਏ ਸਿਰਫ ਗੀਤ ਨਹੀਂ ਰਹਿ ਜਾਂਦਾ। ਇਹ ਪੰਜਾਬ ਦਾ ਮਹਾਨ ਸੂਫੀ ਕਲਾਮ ਹੋ ਜਾਂਦਾ ਹੈ। ਇਸ ਗੀਤ ਦੇ ਬਹੁਤ ਭੇਦ ਹਨ। ਇਸ ਗੀਤ ਨੂੰ ਗਾਉਂਦੇ ਹੋਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਹਿਜ਼ੀਬ ਨੂੰ ਮਹਿਸੂਸ ਕਰਨ ਦੀ ਵੀ ਲੋੜ ਹੈ ਅਤੇ ਦੁੱਲੇ ਦੇ ਮਾਰਫਤ ਸਾਂਝੀਵਾਲਤਾ ਅਤੇ ਦੂਜਿਆਂ ਲਈ ਜੀਣ ਦਾ ਜਜ਼ਬਾ ਮਹਿਸੂਸ ਕਰਨ ਦਾ ਅਹਿਦ ਵੀ ਹੈ। ਰਾਬਿਨ ਹੁੱਡ ਆਫ ਪੰਜਾਬ ਦੁੱਲੇ ਨੂੰ ਵੇਖਦਿਆਂ ਉਹ ਰਾਜਪੂਤ ਹਿੰਦੂ ਵੀ ਹੈ, ਉਸ 'ਚ ਇਸਲਾਮ ਵੀ ਹੈ ਅਤੇ ਪੰਜਾਬ ਦਾ ਪੁੱਤ ਪੰਜਾਬੀਅਤ ਨਾ ਤਾਂ ਸਰਸ਼ਾਰ ਹੈ ਹੀ-ਇਸ ਉਮੀਦ ਨਾਲ ਤੁਹਾਡੇ ਵਿਹੜੇ 'ਚ ਇਹ ਗੀਤ ਸਦਾ ਸਦਾ ਸਲਾਮਤ ਰਹੇ।
ਸੁੰਦਰ ਮੁੰਦਰੀਏੇ ਹੋ!
ਤੇਰਾ ਕੌਣ ਵਿਚਾਰਾ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!