ਫਤਿਹਵੀਰ ਦੀ ਮੌਤ ਤੋਂ ਬਾਅਦ ਵੀ ਨਹੀਂ ਜਾਗਿਆ ਲੋਹੀਆਂ ਪ੍ਰਸ਼ਾਸਨ

06/13/2019 9:20:09 PM

ਲੋਹੀਆਂ ਖਾਸ(ਮਨਜੀਤ)— ਕੁਝ ਦਿਨ ਪਹਿਲਾਂ ਹੀ ਜ਼ਿਲਾ ਸੰਗਰੂਰ ਦੇ ਇਕ ਪਿੰਡ 'ਚ ਖਾਲੀ ਪਏ ਬੋਰਵੈੱਲ 'ਚ ਫਤਿਹ ਵੀਰ ਸਿੰਘ ਨਾਂ ਮਾਸੂਮ ਬੱਚੇ ਦੇ ਡਿੱਗ ਜਾਣ 'ਤੇ ਸਰਕਾਰ ਤੇ ਪ੍ਰਸ਼ਾਸਨ ਦੀ ਨਿਲਾਇਕੀ ਕਾਰਣ ਹੋਈ ਮਾਸੂਮ ਦੀ ਮੌਤ ਨੇ ਹਰ ਵਿਅਕਤੀ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ। ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਰੋਸ ਜਤਾਉਂਦੇ ਹੋਏ ਧਰਨੇ-ਮੁਜਾਹਰੇ ਵੀ ਕੀਤੇ ਗਏ ਪਰ ਲੱਗਦਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਲੋਕ ਅਜੇ ਤੱਕ ਵੀ ਨਹੀਂ ਜਾਗੇ ਸ਼ਾਇਦ ਕੁੰਭਕਰਨੀ ਨੀਂਦੇ ਸੁੱਤੇ ਪਏ ਹਨ।

ਇਸ ਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਲੋਹੀਆਂ ਮੱਖੂ ਰੋਡ 'ਤੇ ਸਥਿਤ ਪਿੰਡ ਕਿੱਲੀ ਵਾੜੇ ਤੋਂ ਬਾਬੇ ਕੇ ਸਕੂਲ ਮੁਹਰੇ ਤੋਂ ਪਿੰਡ ਨਸੀਰ ਪੁਰ ਨੂੰ ਜਾਂਦਿਆਂ ਰੇਲਵੇ ਲਾਇਨ ਨੂੰ ਪਾਰ ਕਰਦਿਆਂ ਹੀ ਥੋੜੀ ਦੂਰ ਰਾਹ 'ਤੇ ਇਕ ਸੱਤ ਇੰਚ ਦਾ ਖੁੱਲਾ ਬੋਰਵੈੱਲ ਮਿਲਿਆ। ਜੋ ਕਿ ਕਿਸੇ ਵੇਲੇ ਵੀ ਇਕ ਹੋਰ ਫਤਿਹ ਵੀਰ ਸਿੰਘ ਨੂੰ ਨਿਗਲ ਸਕਦਾ ਹੈ। ਇਸ ਬਾਰੇ ਜਦੋਂ ਐੱਸ.ਡੀ.ਐੱਮ. ਮੈਡਮ ਡਾ. ਚਾਰੂਮਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸੂਬਾ ਸਰਕਾਰ ਵੱਲੋਂ ਜੋ ਹੈਲਪ ਲਾਇਨ ਨੰਬਰ ਜਾਰੀ ਕੀਤਾ ਗਿਆ ਸੀ ਉਸ 'ਤੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਇਸ ਬੋਰਵੈੱਲ ਨੂੰ ਜਲਦ ਬੰਦ ਕਰਵਾ ਦਿੱਤਾ ਜਾਵੇਗਾ। ਖੁੱਲੇ ਪਏ ਬੋਰਵੈੱਲ ਬਾਰੇ ਜਾਣਕਾਰੀ ਦੇਣ 'ਤੇ ਉਨ੍ਹਾਂ ਜਗ ਬਾਣੀ ਦੇ ਪ੍ਰਤੀਨਿਧੀ ਮਨਜੀਤ ਸਿੰਘ ਦਾ ਧੰਨਵਾਦ ਵੀ ਕੀਤਾ।


Related News