ਲੋਧੀ ਕਲੱਬ ''ਚ ਹੰਗਾਮਾ ਕਰਨ ''ਤੇ 2 ਮੈਂਬਰ ਸਸਪੈਂਡ

Sunday, Apr 08, 2018 - 01:37 PM (IST)

ਲੋਧੀ ਕਲੱਬ ''ਚ ਹੰਗਾਮਾ ਕਰਨ ''ਤੇ 2 ਮੈਂਬਰ ਸਸਪੈਂਡ

ਲੁਧਿਆਣਾ (ਬਹਿਲ)-ਲੋਧੀ ਕਲੱਬ ਵਿਚ ਬੁੱਧਵਾਰ ਦੇਰ ਸ਼ਾਮ ਕਲੱਬ ਦੇ ਇਕ ਸਾਬਕਾ ਮੈੱਸ ਸਕੱਤਰ ਅਤੇ ਇਕ ਮੈਂਬਰ ਦਰਮਿਆਨ ਹੋਈ ਲੜਾਈ ਤੇ ਭਾਰੀ ਹੰਗਾਮੇ ਦਾ ਮੁੱਦਾ ਅੱਜ ਕਲੱਬ ਦੇ ਪ੍ਰਧਾਨ ਅਤੇ ਡੀ. ਸੀ. ਪ੍ਰਦੀਪ ਅਗਰਵਾਲ ਨੇ ਨੋਟਿਸ ਲੈਂਦੇ ਹੋਏ ਦੋਵੇਂ ਮੈਂਬਰਾਂ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹਾਲਾਂਕਿ ਦੋਵੇਂ ਗਰੁੱਪਾਂ ਵਿਚ ਲੜਾਈ ਤੋਂ ਬਾਅਦ ਹੋਣ ਵਾਲੇ ਹੰਗਾਮੇ ਦੇ ਡਰੋਂ ਦੇਰ ਰਾਤ ਆਪਸ ਵਿਚ ਸਮਝੌਤਾ ਕਰ ਕੇ ਕੇਸ ਨੂੰ ਸੁਲਝਾ ਲਿਆ ਸੀ ਅਤੇ ਕਲੱਬ ਵਿਚ ਝਗੜੇ ਤੋਂ ਬਾਅਦ ਪੁੱਜੇ ਸਬੰਧਤ ਥਾਣੇ ਦੇ ਪੁਲਸ ਅਧਿਕਾਰੀਆਂ ਦੀ ਟੀਮ ਨੂੰ ਸਾਬਕਾ ਮੈੱਸ ਸਕੱਤਰ ਵੱਲੋਂ ਦਿੱਤੀ ਗਈ ਸ਼ਿਕਾਇਤ ਵੀ ਵਾਪਸ ਲੈ ਲਈ ਗਈ ਸੀ।
ਅੱਜ ਲੋਧੀ ਕਲੱਬ ਦੇ ਕੁਝ ਮੈਂਬਰਾਂ ਵੱਲੋਂ ਡੀ. ਸੀ. ਦੇ ਨੋਟਿਸ ਵਿਚ ਲੜਾਈ ਦਾ ਮਾਮਲਾ ਲਿਆਉਣ 'ਤੇ ਡੀ. ਸੀ. ਨੇ ਸ਼ਾਮ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਦੌਰਾਨ ਕਲੱਬ ਦੇ ਐਕਟਿੰਗ ਜਨਰਲ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਉਪ ਪ੍ਰਧਾਨ ਡਾ. ਗੌਰਵ ਸਚਦੇਵਾ ਨੂੰ ਕਲੱਬ ਵਿਚ ਲੜਾਈ ਅਤੇ ਹੰਗਾਮੇ ਲਈ ਜ਼ਿੰਮੇਵਾਰ ਮੈਂਬਰਾਂ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਕਮੇਟੀ ਮੈਂਬਰਾਂ ਨੂੰ ਵੀ ਕੇਸ ਦੀ ਜਾਣਕਾਰੀ ਨਾ ਦੇਣ 'ਤੇ ਡੀ. ਸੀ. ਵੱਲੋਂ ਝਾੜ ਲਾਉਣ ਦੀ ਖਬਰ ਹੈ। ਦੱਸ ਦੇਈਏ ਕਿ ਕਲੱਬ ਦੇ ਜਨਰਲ ਸਕੱਤਰ ਜਗਮੋਹਨ ਜੈਨ ਪਿਛਲੇ ਇਕ ਹਫਤੇ ਤੋਂ ਸ਼ਹਿਰ ਤੋਂ ਬਾਹਰ ਹਨ ਅਤੇ ਇਹ ਅਜੀਬ ਸੰਯੋਗ ਦੀ ਗੱਲ ਹੈ ਕਿ ਜਦੋਂ ਵੀ ਜਨਰਲ ਸਕੱਤਰ ਲੁਧਿਆਣਾ ਤੋਂ ਬਾਹਰ ਹੁੰਦੇ ਹਨ, ਉਦੋਂ ਲੋਧੀ ਕਲੱਬ ਵਿਚ ਕੋਈ ਨਾ ਕੋਈ ਝਗੜਾ ਹੋ ਜਾਂਦਾ ਹੈ। ਇਸ ਸਬੰਧੀ ਡਾ. ਗੌਰਵ ਸਚਦੇਵਾ ਨਾਲ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਅਤੇ ਜਦੋਂ ਜਗਮੋਹਨ ਜੈਨ ਤੋਂ ਪੂਰੇ ਕੇਸ ਦੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਲੱਬ ਵਿਚ ਹੰਗਾਮਾ ਹੋਣਾ ਮੰਦਭਾਗੀ ਗੱਲ ਹੈ। ਉਨ੍ਹਾਂ ਨੂੰ ਕਲੱਬ ਸਟਾਫ ਅਤੇ ਅਹੁਦੇਦਾਰਾਂ ਤੋਂ ਪੂਰੇ ਤੱਥਾਂ ਦੀ ਜਾਣਕਾਰੀ ਮਿਲੀ ਹੈ ਕਿ ਡੀ. ਸੀ. ਪ੍ਰਦੀਪ ਅਗਰਵਾਲ ਨੇ ਕਲੱਬ ਵਿਚ ਹੰਗਾਮੇ ਅਤੇ ਲੜਾਈ ਲਈ ਜ਼ਿੰਮੇਵਾਰ ਸਾਬਕਾ ਮੈੱਸ ਸਕੱਤਰ ਰਿਪੁਦਮਨ ਤੇ ਮੈਂਬਰ ਦਲਜੀਤ ਗਰਗ ਨੂੰ ਸਸਪੈਂਡ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕਲੱਬ ਵਿਚ ਹੋਏ ਹੰਗਾਮੇ ਦੀ ਇਕ ਵੀਡੀਓ ਵੀ ਸ਼ਹਿਰ ਵਿਚ ਵਾਇਰਲ ਹੋ ਗਈ ਹੈ, ਜਿਸ ਵਿਚ ਕਲੱਬ ਵਿਚ ਹੋਏ ਹੰਗਾਮੇ ਦੀ ਪੁਸ਼ਟੀ ਹੁੰਦੀ ਹੈ।
 


Related News