ਰਾਹਤ : ਚੰਡੀਗੜ੍ਹ ''ਚ ''ਕੋਰੋਨਾ'' ਕਾਰਨ ਲੱਗੀਆਂ ਪਾਬੰਦੀਆਂ ''ਚ ਢਿੱਲ, ਨਾਈਟ ਕਰਫ਼ਿਊ ਰਹੇਗਾ ਜਾਰੀ
Tuesday, May 25, 2021 - 02:41 PM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਉਂਦੇ ਹੀ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਵਿਚ ਮਿੰਨੀ ਲਾਕਡਾਊਨ ਦੀਆਂ ਪਾਬੰਦੀਆਂ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ। ਹੁਣ ਮੰਗਲਵਾਰ ਤੋਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ ਸਵੇਰੇ 9 ਵਜੇ ਤੋਂ 3 ਵਜੇ ਵਿਚਕਾਰ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਕਰਫ਼ਿਊ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਕਰਫ਼ਿਊ ਰਹੇਗਾ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਸ਼ਾਮ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਜਦੋਂ ਕਿ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਸ਼ਾਮ ਤਿੰਨ ਵਜੇ ਤੱਕ ਹੀ ਖੁੱਲ੍ਹਣਗੀਆਂ, ਉਥੇ ਹੀ ਸਲਾਹਕਾਰ ਮਨੋਜ ਪਰਿਦਾ ਨੇ ਕਿਹਾ ਹੈ ਕਿ ਗੈਰ-ਜ਼ਰੂਰੀ ਦੁਕਾਨਾਂ ਜਿਵੇਂ ਕਿ ਆਟੋ ਸਰਵਿਸ ਸੈਂਟਰ ਦੀਆਂ ਦੁਕਾਨਾਂ ਸਿਰਫ 3 ਵਜੇ ਤੱਕ ਖੁੱਲ੍ਹਣਗੀਆਂ। ਨਾਈ ਦੀਆਂ ਦੁਕਾਨਾਂ ਅਤੇ ਸਪਾ ਐਂਡ ਸੈਲੂਨ ਸੈਂਟਰ ਬੰਦ ਰਹਿਣਗੇ। ਵੀਕੈਂਡ ਕਰਫ਼ਿਊ ਦੌਰਾਨ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦੇ ਸਲਾਹਕਾਰ ਮਨੋਜ ਪਰਿਦਾ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਨਾਲ ਹੀ ਸ਼ਹਿਰ ਵਿਚ ਸ਼ਰਾਬ ਦੇ ਠੇਕੇ ਵੀ ਖੁੱਲ੍ਹ ਜਾਣਗੇ। ਹਾਲੇ ਸ਼ਹਿਰ ਦੇ ਸਾਰੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਥੀਏਟਰ, ਮਿਊਜ਼ੀਅਮ, ਜਿੰਮ, ਲਾਇਬਰੇਰੀ, ਸਪਾ, ਸੈਲੂਨ, ਸੁਖਨਾ ਝੀਲ ਅਤੇ ਰਾਕ ਗਾਰਡਨ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਰੈਸਟੋਰੈਂਟ ਅਤੇ ਹੋਟਲ ਦੇ ਅੰਦਰ ਖਾਣ ਦੀ ਮਨਜ਼ੂਰੀ ਨਹੀਂ ਹੋਵੇਗੀ। ਸਿਰਫ ਹੋਮ ਡਿਲੀਵਰੀ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ ਇਸ ਲਈ ਪ੍ਰਸ਼ਾਸਨ ਨੇ ਸਮੇਂ ਨੂੰ ਵਧਾ ਦਿੱਤਾ ਹੈ। ਪਹਿਲਾਂ ਰਾਤ 9 ਵਜੇ ਤੱਕ ਹੋਮ ਡਲਿਵਰੀ ਦੀ ਮਨਜ਼ੂਰੀ ਸੀ, ਜਿਸ ਨੂੰ ਵਧਾ ਕੇ ਰਾਤ 10 ਵਜੇ ਕਰ ਦਿੱਤਾ ਗਿਆ ਹੈ।
9 ਵਜੇ ਤੋਂ 5 ਵਜੇ ਤੱਕ ਖੁੱਲ੍ਹਣਗੇ ਸੰਪਰਕ ਸੈਂਟਰ
ਸ਼ਹਿਰ ਦੇ ਸਾਰੇ ਸਪੋਟਰਸ ਕੰਪਲੈਕਸ ਬੰਦ ਰਹਿਣਗੇ ਪਰ ਰਾਸ਼ਟਰੀ ਖੇਡਾਂ ਅਤੇ ਓਲੰਪਿਕ ਦੀ ਤਿਆਰੀ ਵਿਚ ਲੱਗੇ ਖਿਡਾਰੀਆਂ ਨੂੰ ਛੋਟ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਸਾਰੇ ਸੰਪਰਕ ਸੈਂਟਰਾਂ ਨੂੰ ਵੀ ਖੋਲ੍ਹ ਦਿੱਤਾ ਹੈ। ਇਹ ਸਾਰੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਖੁੱਲ੍ਹਣਗੇ। ਪ੍ਰਸ਼ਾਸਨ ਨੇ ਨਿੱਜੀ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਮਨਜ਼ੂਰੀ ਦੇਣ। ਇਸ ਤੋਂ ਇਲਾਵਾ ਪ੍ਰਸ਼ਾਸਕ ਬਦਨੌਰ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਲੋਕਾਂ ਵੱਲੋਂ ਲਾਪਰਵਾਹੀ ਵਰਤੀ ਜਾਂਦੀ ਹੈ ਅਤੇ ਕੋਰੋਨਾ ਦੇ ਕੇਸ ਵੱਧਦੇ ਹਨ ਤਾਂ ਸਖ਼ਤਾਈਆਂ ਨੂੰ ਦੁਬਾਰਾ ਲਾਗੂ ਕਰ ਦਿੱਤਾ ਜਾਵੇਗਾ।
ਰੋਜ਼ਾਨਾ ਲੱਗੇਗਾ ਰਾਤ ਦਾ ਕਰਫ਼ਿਊ
ਹੁਕਮ ਅਨੁਸਾਰ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਰਾਤ ਕਰਫ਼ਿਊ ਰਹੇਗਾ। ਇਸ ਦੌਰਾਨ ਲੋਕਾਂ ਦੇ ਬਾਹਰ ਨਿਕਲਣ ’ਤੇ ਰੋਕ ਰਹੇਗੀ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਲਾਕਡਾਊਨ ਰਹੇਗਾ। ਦੋਵੇਂ ਦਿਨ ਲੋਕਾਂ ਦੇ ਬਾਹਰ ਨਿਕਲਣ ’ਤੇ ਵੀ ਰੋਕ ਰਹੇਗੀ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਮਨਜ਼ੂਰੀ ਰਹੇਗੀ। ਪ੍ਰਸ਼ਾਸਨ ਦੀਆਂ ਇਹ ਸਖ਼ਤੀਆਂ 1 ਜੂਨ ਸਵੇਰੇ 5 ਵਜੇ ਤੱਕ ਸ਼ਹਿਰ ਵਿਚ ਪ੍ਰਭਾਵੀ ਰਹਿਣਗੀਆਂ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਆਫ਼ਤਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਅਤੇ ਆਈ. ਪੀ. ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਇਹ ਬੰਦ ਰਹੇਗਾ
ਨਾਈ ਦੀਆਂ ਦੁਕਾਨਾਂ ਅਤੇ ਸਪਾ ਅਤੇ ਸੈਲੂਨ ਸੈਂਟਰ ਬੰਦ ਰਹਿਣਗੇ
ਸੁਖਨਾ ਝੀਲ, ਰਾਕ ਗਾਰਡਨ ਅਤੇ ਸੈਰ ਸਪਾਟੇ ਵਾਲੀਆਂ ਥਾਂਵਾਂ।
ਸਾਰੇ ਮਾਲ, ਸਿਨੇਮਾ ਘਰ, ਮਿਊਜ਼ੀਅਮ ਅਤੇ ਲਾਈਬ੍ਰੇਰੀ
ਸਕੂਲ, ਕਾਲਜ ਸਮੇਤ ਸਾਰੇ ਵਿੱਦਿਅਕ ਅਦਾਰੇ। ਲੋੜ ਅਨੁਸਾਰ ਸਟਾਫ਼ ਨੂੰ ਆਉਣਾ ਹੋਵੇਗਾ।
ਸਾਰੇ ਤਰ੍ਹਾਂ ਦੀ ਸਮਾਜਿਕ, ਸੱਭਿਆਚਾਰਕ, ਖੇਡ ਅਤੇ ਸਿਆਸੀ ਗਤੀਵਿਧੀਆਂ ’ਤੇ ਰੋਕ।