ਲਾਕਡਾਊਨ ਵਿਚ ਤਜ਼ਰਬਾ

Friday, May 08, 2020 - 02:24 PM (IST)

ਲਾਕਡਾਊਨ ਵਿਚ ਤਜ਼ਰਬਾ

ਲੇਖਕ : ਗੁਰਬਾਜ ਸਿੰਘ ਹੁਸਨਰ
ਜਦੋਂ ਕਰੋਨਾ ਵਾਇਰਸ ਨੇ ਚੀਨ ਤੋਂ ਬਾਅਦ ਇਟਲੀ, ਸਪੇਨ, ਫਰਾਂਸ, ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਘੇਰਾ ਪਾ ਲਿਆ, ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਮੌਤਾਂ ਹੋਣ ਲੱਗੀਆਂ ਤਾਂ ਇਸ ਤੋਂ ਚਿੰਤਤ ਹੋ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਇਕ ਦਿਨ ਲਈ ਪੂਰਾ ਦੇਸ਼ ਲਾਕ ਡਾਊਨ ਰੱਖਣ ਦਾ ਟਰੈਲ ਲੈ ਕੇ ਆਖਰ 24 ਮਾਰਚ 2020 ਨੂੰ ਇੱਕੀ ਦਿਨ ਲਈ ਪੂਰਾ ਭਾਰਤ ਲਾਕ ਡਾਊਨ ਰੱਖਣ ਦਾ ਹੁਕਮ ਸੁਣਾ ਦਿੱਤਾ। ਜਿਸ ਨਾਲ ਪੂਰੇ ਦੇਸ਼ ਵਿਚ ਸਾਰੇ ਸਕੂਲ ਕਾਲਜ, ਯੂਨੀਵਰਸਿਟੀਆਂ , ਫ਼ੈਕਟਰੀਆਂ, ਕਾਰਖ਼ਾਨੇ, ਉਦਯੋਗ, ਹੋਟਲ, ਜਿੰਮ, ਮੰਦਰ, ਮਸਜਿਦ, ਗੁਰਦੁਆਰੇ, ਚਰਚ, ਬੱਸਾਂ, ਕਾਂਰਾ, ਰੇਲ, ਜਹਾਜ਼ ਸਭ ਬੰਦ ਹੋ ਗਏ। ਗੱਲ ਕੀ ਇਕ ਦੇਸ਼ ਤੋਂ ਦੂਜੇ ਦੇਸ਼ ਅਤੇ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਆਉਣ ਜਾਣਾ ਪੂਰੀ ਤਰ੍ਹਾਂ ਬੰਦ ਹੋ ਗਿਆ। ਖਾਣ-ਪੀਣ ਤੇ ਰੋਜ਼ਾਨਾ ਘਰ ਵਰਤੋਂ ਵਸਤੂ ਦੀਆਂ ਦੁਕਾਨਾਂ, ਮੈਡੀਕਲ ਸਟੋਰ ਛੱਡ ਕੇ ਸਭ ਬਾਜ਼ਾਰ ਬੰਦ ਹੋ ਗਏ। ਕਰੋਨਾ ਵਾਇਰਸ ਇਕ ਆਦਮੀ ਤੋਂ ਦੂਸਰੇ ਨੂੰ ਫੈਲਣ ਕਾਰਨ ਹਰ ਇਕ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਣ, ਸੈਨੇਟਾਈਜ਼ ਕਰਨ, ਮਾਸਕ ਪਾਉਣ ਲਈ ਸਮਝਾਇਆ ਜਾਣ ਲੱਗਾ। ਬੁਖ਼ਾਰ, ਖੰਘ ਤੇ ਸਾਹ ਲੈਣ ਵਿਚ ਤਕਲੀਫ ਇਸ ਦੀਆਂ ਨਿਸ਼ਾਨੀਆਂ ਦੱਸ ਕੇ ਜ਼ਰੂਰਤ ਪੈਣ 'ਤੇ ਡਾਕਟਰੀ ਸਲਾਹ ਲੈਣ ਦੇ ਆਦੇਸ਼ ਦਿੱਤੇ ਜਾਣ ਲੱਗੇ। 

ਹੁਣ ਇੱਕੀ ਦਿਨ ਲਈ ਹਰ ਕੋਈ ਆਪਣੇ ਘਰ ਵਿਚ ਰਹਿ ਕੇ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾਵੇ, ਉਪਰਾਲੇ ਕਰ ਰਿਹਾ ਸੀ। ਟੀ.ਵੀ, ਅਖਬਾਰ, ਸੋਸ਼ਲ ਮੀਡੀਆ ਵਿਚ ਹਰ ਪਾਸੇ ਕੋਰੋਨਾ ਵਾਇਰਸ ਦਾ ਹੀ ਜ਼ਿਕਰ ਹੋ ਰਿਹਾ ਸੀ। ਘਰ ਵਿਚ ਬਾਹਰੋਂ ਕਿਸੇ ਦਾ ਆਉਣਾ ਜਾਣਾ ਬਿਲਕੁਲ ਬੰਦ ਸੀ। ਸੜਕਾਂ 'ਤੇ ਪੁਲਸ ਗਸ਼ਤ ਕਰ ਰਹੀ ਸੀ ਤਾਂ ਕਿ ਕੋਈ ਲਾਕ ਡਾਊਨ ਦਾ ਉਲੰਘਣ ਨਾ ਕਰੇ। ਘਰ ਕੰਮ-ਕਾਰ ਵਿਚ ਮਦਦ ਕਰਾਉਣ ਵਾਲੇ ਕਾਂਮੇ, ਮਾਲੀ ਅਤੇ ਮੇਡ ਦੀ ਵੀ ਇੱਕੀ ਦਿਨ ਲਈ ਛੁੱਟੀ ਕਰ ਦਿੱਤੀ ਗਈ। 

ਹੁਣ ਮੈਂ ਤਿੰਨ-ਚਾਰ ਦਿਨਾਂ ਤੋਂ ਆਪਣੀ ਪਤਨੀ ਤੋਂ ਘਰ ਦੇ ਕੰਮਾਂ ਕਾਰਾ ਵਿਚ ਮਦਦ ਕਰਾਉਣ ਲਈ ਪੁੱਛ ਰਿਹਾ ਸੀ। ਆਖਿਰ ਚਾਰ ਦਿਨਾਂ ਬਾਅਦ ਮੈਨੂੰ ਘਰ ਦੇ ਕੰਮਾਂ ਦੀ ਲਿਸਟ ਮਿਲ ਗਈ। ਮੇਰੇ ਹਿੱਸੇ ਵਿਚ ਘਰ ਦੇ ਸਾਰੇ ਪੱਖੇ ਅਗਜਾਸਟ ਅਤੇ ਏ. ਸੀ. ਸਾਫ਼ ਕਰਨੇ, ਸਾਰੇ ਬਲਬ ਟਿਊਬਾਂ ਦਿਵਾਰ ਘੜੀ ਸਾਫ਼ ਕਰਨ, ਘਰ ਦੇ ਸਾਰੇ ਕਮਰਿਆਂ ਦੀਆਂ ਖਿੜਕੀਆਂ ਖੋਲ੍ਹ ਕੇ ਸਾਫ਼ ਕਰਕੇ ਉਨ੍ਹਾਂ ਦੀਆਂ ਕੁੰਡੀਆਂ ਅਤੇ ਚਿਟਕਣੀਆਂ ਚੈੱਕ ਕਰਨੀਆਂ। ਬੈਡਰੂਮ, ਡਰਾਇੰਗ ਰੂਮ ਸਮੇਤ ਸਾਰੇ ਘਰ ਦੇ ਸ਼ੀਸ਼ੇ ਸਾਫ਼ ਕਰਨੇ। ਕੰਧਾਂ 'ਤੇ ਲੱਗੀਆਂ ਫੋਟੋ, ਸੀਨਰੀਆਂ ਸਾਫ਼ ਕਰਨੀਆਂ। ਸਾਰੀਆਂ ਦਰਾਜ਼ਾਂ ਖੋਲ ਕੇ ਸਮਾਨ ਚੈੱਕ ਕਰਨਾ, ਜੋ ਜ਼ਰੂਰੀ ਹੈ ਸਾਫ਼ ਕਰਕੇ ਰੱਖਣਾ ਅਤੇ ਗੈਰ-ਜ਼ਰੂਰੀ ਸਮਾਨ ਨੂੰ ਬਾਹਰ ਕੱਢਣਾ। ਬਾਥਰੂਮ ਦੇ ਗੀਜ਼ਰ, ਵਾਸ਼ਬਿਸਨ, ਸੈਲਫਾਂ ਸਾਫ਼ ਕਰਨੀਆਂ। ਸਾਰੇ ਪੌਦਿਆਂ ਨੂੰ ਗੋਡੀ ਕਰਨੀ ਸੁੱਕੇ ਪੱਤੇ ਕੱਟਣੇ ਅਤੇ ਸਿਉਂਕ ਦੀ ਦਵਾਈ ਪੌਣੀ ਆਦਿ ।

ਹੁਣ ਮੈਂ ਖੁੱਲ੍ਹਾ ਟਾਈਮ ਹੋਣ ਕਰਕੇ ਇਨ੍ਹਾਂ ਕੰਮਾਂ ਨੂੰ ਬੜੇ ਸੁਚੱਜੇ ਢੰਗ ਨਾਲ ਕਰ ਰਿਹਾ ਸੀ।ਮੇਰੀ ਪਤਨੀ ਇਨ੍ਹਾਂ ਕੰਮਾਂ ਦੀ ਸੁਪਰਵਾਇਜ਼ਿੰਗ ਕਰ ਰਹੀ ਸੀ ਅਤੇ ਦੱਸ ਵੀ ਰਹੀ ਸੀ ਕੇ ਜੋ ਕੱਪੜਾ ਕੋਲ ਹੈ ਇਸ ਦਾ ਇਕ ਕੋਨਾਂ ਗਿੱਲਾ ਕਰਕੇ ਰੱਖੋ। ਕਈ ਜਗਾਹ 'ਤੇ ਸੁੱਕਾ ਕੱਪੜਾ ਮਾਰਨ ਤੋਂ ਬਾਅਦ ਗਿੱਲਾ ਕੱਪੜਾ ਮਾਰਨਾ ਜ਼ਰੂਰੀ ਹੁੰਦਾ ।ਕੰਮ ਕਰਦੇ ਇਕ ਦਿਨ ਮੈਂ ਆਪਣੀ ਪਤਨੀ ਤੋਂ ਪੁੱਛਿਆਂ ਕਿ ਇਹ ਸਾਰਾ ਕੰਮ ਆਪਾ ਲਾਕ ਡਾਊਨ ਵਿਚ ਕੋਰੋਨਾ ਤੋਂ ਬਚਣ ਲਈ ਕਰ ਰਹੇ ਹਾਂ? ਉਸ ਦਾ ਜਵਾਬ ਸੀ ਇਹ ਤਾਂ ਅਸੀਂ ਪੱਚੀ ਸਾਲਾਂ ਤੋਂ ਕਰਦੇ ਆ ਰਹੇ ਹਾਂ । ਤਾਂ ਮੇਰੀਆਂ ਅੱਖਾਂ ਖੁੱਲ੍ਹੀਆਂ ਯਾਰ! ਧੰਨ ਹੈ ਇਹ ਔਰਤਾਂ! ਆਦਮੀ ਸਵੇਰੇ ਤਿਆਰ ਹੋ ਕੇ ਕੰਮ ਨੂੰ ਚਲਾ ਜਾਂਦਾ ਹੈ ਅਤੇ ਸ਼ਾਮ ਨੂੰ ਆਉਂਦਾ ਹੈ। ਸਿਰਫ ਐਤਵਾਰ ਦਾ ਦਿਨ ਹੀ ਹੁੰਦਾ ਹੈ ਘਰ ਰਹਿਣ ਲਈ, ਉਸ ਲਈ ਪਹਿਲਾਂ ਹੀ ਪ੍ਰੋਗਰਾਮ ਤਹਿ ਹੁੰਦਾ ਹੈ ਕਿ ਇਸ ਐਤਵਾਰ ਕਿੱਥੇ ਜਾਣਾ ਅਤੇ ਕੀ ਕਰਨਾ।

ਅਸਲ ਵਿਚ ਹਰ ਕੋਈ ਆਪਣੀ ਹੈਸੀਅਤ ਮੁਤਾਬਕ ਘਰ, ਕੋਠੀ, ਮਕਾਨ ਬਣਾਉਂਦਾ ਹੈ ਅਤੇ ਮੇਨ ਗੇਟ ਤੇ ਨੇਮ ਪਲੇਟ ਲੱਗ ਜਾਂਦੀ ਹੈ ਕਿ ਇਹ ਘਰ ਜਾਂ ਕੋਠੀ ਇਸ ਆਦਮੀ ਦੀ ਹੈ। ਜਦਕਿ ਇੱਟਾਂ ਤੇ ਸੀਮਿੰਟ ਨਾਲ ਤਾਂ ਇਮਾਰਤ ਬਣਾਈ ਜਾਂਦੀ ਹੈ।ਘਰ ਤਾਂ ਉਸ ਨੂੰ ਔਰਤ ਬਣਾਉਂਦੀ ਹੈ ਜੋ ਹਰ ਚੀਜ਼ ਜਾਂ ਸਮਾਨ ਨੂੰ ਤਰਤੀਬ ਨਾਲ ਰੱਖ ਕੇ ਸਾਫ਼ ਸਫਾਈ ਕਰਦੀ ਹੈ। ਸਿਆਣੇ ਕਹਿੰਦੇ ਹਨ ਔਰਤਾਂ ਬਿਨਾਂ ਘਰ ਨਹੀਂ ਵੱਸਦੇ। ਘਰ ਬਨਣਾ ਹੀ ਔਰਤ ਦੀ ਇੱਛਾ ਅਨੁਸਾਰ ਚਾਹੀਦਾ ਹੈ ਅਤੇ ਘਰ ਦੀ ਨੇਮ ਪਲੇਟ ਜਾਂ ਪਹਿਚਾਣ 'ਤੇ ਵੀ ਔਰਤ ਦਾ ਨਾਮ ਆਉਣਾ ਜ਼ਰੂਰੀ ਹੈ ।

ਮੋਬਾਇਲ ਨੰਬਰ : 7494887787


author

Gurminder Singh

Content Editor

Related News