ਟੈਰਰ ਫੰਡਿੰਗ ਮਾਮਲੇ ''ਚ ਗ੍ਰਿਫਤਾਰ ਲਖਬੀਰ ਦੇ ਪਰਿਵਾਰਕ ਮੈਂਬਰਾਂ ਨੇ ਚੁੱਕੇ ਸਵਾਲ
Tuesday, Nov 12, 2019 - 10:26 PM (IST)

ਹੁਸ਼ਿਆਰਪੁਰ (ਅਮਰਿੰਦਰ)-ਹੁਸ਼ਿਆਰਪੁਰ ਦੇ ਹਰਿਆਣਾ ਥਾਣੇ ਅਧੀਨ ਪਿੰਡ ਡਡਿਆਣਾ ਕਲਾਂ ਦੇ ਰਹਿਣ ਵਾਲੇ ਲਖਬੀਰ ਸਿੰਘ ਦੀ ਮੋਹਾਲੀ ਵਿਚ ਸਟੇਟ ਆਪ੍ਰੇਸ਼ਨ ਸੈੱਲ ਵੱਲੋਂ ਟੈਰਰ ਫੰਡਿੰਗ ਮਾਮਲੇ ਵਿਚ ਕੀਤੀ ਗ੍ਰਿਫਤਾਰੀ ਉਪਰੰਤ ਮੰਗਲਵਾਰ ਮੀਡੀਆ ਕਰਮਚਾਰੀਆਂ ਦੀ ਸਰਗਰਮੀ ਵੇਖ ਕੇ ਪਿੰਡ ਵਾਸੀ ਉਸ ਦੇ ਘਰ ਪੁੱਜਣੇ ਸ਼ੁਰੂ ਹੋ ਗਏ। ਹਾਲਾਂਕਿ ਉਸ ਦੇ ਪਰਿਵਾਰ ਨੂੰ 5 ਨਵੰਬਰ ਨੂੰ ਹੀ ਪਤਾ ਲੱਗ ਗਿਆ ਸੀ ਕਿ ਲਖਬੀਰ ਨੂੰ ਦੁਬਈ ਜਾਣ ਲੱਗਿਆਂ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਇਕ ਲਡ਼ਕੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਡਡਿਆਣਾ ਕਲਾ ਵਿਚ ਮੰਗਲਵਾਰ ਸ਼ਾਮੀਂ ਲਖਬੀਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਟੇਟ ਆਪ੍ਰੇਸ਼ਨ ਸੈੱਲ ਦੀ ਪੁਲਸ ਕਿਸੇ ਡੂੰਘੀ ਸਾਜ਼ਿਸ਼ ਤਹਿਤ ਲਖਬੀਰ ਨੂੰ ਫਸਾ ਰਹੀ ਹੈ, ਜਦੋਂਕਿ ਉਹ ਬੇਕਸੂਰ ਹੈ। ਆਪਣੇ ਪੁੱਤ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਲਖਬੀਰ ਦੀ ਮਾਂ ਚਰਨਜੀਤ ਕੌਰ ਨੇ ਬਿਸਤਰਾ ਹੀ ਫਡ਼ ਲਿਆ ਹੈ। ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਵਾਰ-ਵਾਰ ਬੇਹੋਸ਼ ਹੋਣ ਕਾਰਣ ਪਰਿਵਾਰ ਉਸ ਨੂੰ ਸੰਭਾਲਣ ਵਿਚ ਜੁਟਿਆ ਰਿਹਾ।
ਲਖਬੀਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤ 10ਵੀਂ ਦੀ ਪਡ਼੍ਹਾਈ ਉਪਰੰਤ ਆਈ.ਟੀ.ਆਈ. ਕਰਕੇ ਪਿੰਡ ਵਿਚ ਹੀ ਏ.ਸੀ. ਰਿਪੇਅਰਿੰਗ ਦਾ ਕੰਮ ਕਰਨ ਲੱਗਾ ਸੀ। ਕਰੀਬ 23 ਮਹੀਨੇ ਪਹਿਲਾਂ ਲਖਬੀਰ ਨੂੰ ਅਸੀਂ ਏ.ਸੀ. ਮਕੈਨਿਕ ਵਜੋਂ ਦੁਬਈ ਭੇਜਿਆ ਪਰ ਉਸ ਨੂੰ ਉੱਥੇ ਪੈਕਿੰਗ ਦਾ ਕੰਮ ਮਿਲਿਆ। ਉਹ ਛੁੱਟੀ ਆਇਆ ਹੋਇਆ ਸੀ ਅਤੇ ਪਿੰਡ ਵਿਚ 15 ਦਿਨ ਬਿਤਾਉਣ ਉਪਰੰਤ ਉਹ ਜਦੋਂ ਬੀਤੇ ਦਿਨੀਂ ਦੁਬਈ ਜਾ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਬਿਨਾਂ ਕਿਸੇ ਸਬੂਤ ਦੇ ਕਿਵੇਂ ਗ੍ਰਿਫਤਾਰ ਕਰ ਲਿਆ, ਇਹ ਸਾਡੀ ਸਮਝ ਤੋਂ ਬਾਹਰ ਹੈ। ਹਰਜਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਸਟੇਟ ਆਪ੍ਰੇਸ਼ਨ ਸੈੱਲ ਦੀ ਮੋਹਾਲੀ ਪੁਲਸ ਨੇ ਡਡਿਆਣਾ ਕਲਾਂ ਹੁਸ਼ਿਆਰਪੁਰ ਦੇ ਲਖਬੀਰ ਸਿੰਘ ਅਤੇ ਫਰੀਦਕੋਟ ਦੀ ਰਹਿਣ ਵਾਲੀ ਸੁਰਿੰਦਰ ਕੌਰ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੇ ਤਾਰ ਗਰਮ-ਖਿਆਲੀਆਂ ਨਾਲ ਜੁਡ਼ਦੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਤੋਂ ਕੀਤੀ ਪੁੱਛਗਿੱਛ ਉਪਰੰਤ ਸਟੇਟ ਆਪ੍ਰੇਸ਼ਨ ਸੈੱਲ ਨੇ ਵੱਖ-ਵੱਖ ਥਾਵਾਂ ਤੋਂ ਕੁਝ ਹੋਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਬਾਰੇ ਪੁਲਸ ਕੁਝ ਵੀ ਨਹੀਂ ਦੱਸ ਰਹੀ।