ਮੋਹਾਲੀ : ਪੁਲਸ ਨੂੰ ਦੇਖ ਭਜਾਈ ਕਾਰ, ਸ਼ਰਾਬ ਦੀਆਂ ਪੇਟੀਆਂ ਸਮੇਤ ਇਕ ਕਾਬੂ

10/31/2018 8:51:11 AM

ਮੋਹਾਲੀ (ਜੱਸੋਵਾਲ) : ਮੋਹਾਲੀ ਕੌਮਾਂਤਰੀ ਏਅਰਪੋਰਟ ਰੋਡ 'ਤੇ ਮੰਗਲਵਾਰ ਦੇਰ ਰਾਤ ਸੋਹਾਣਾ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਰ ਚਾਲਕ ਨੂੰ ਹਿਰਾਸਤ 'ਚ ਲਿਆ ਹੈ। ਤਲਾਸ਼ੀ ਦੌਰਾਨ ਪੁਲਸ ਨੇ ਕਾਰ 'ਚੋਂ ਨਾਜਾਇਜ਼ ਸ਼ਰਾਬ ਦੀਆਂ ਚੰਡੀਗੜ੍ਹ ਮਾਰਕਾ ਕਈ ਪੇਟੀਆਂ ਬਰਾਮਦ ਕੀਤੀਆਂ ਹਨ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਕਰਨ ਲੱਗੀ ਹੋਈ ਸੀ। ਇਸ ਸਬੰਧੀ ਸੰਪਰਕ ਕਰਨ 'ਤੇ ਸੋਹਾਣਾ ਥਾਣਾ ਦੇ ਐੱਸ. ਐੱਚ. ਓ. ਤਰਲੋਚਨ ਸਿੰਘ ਨੇ ਦੱਸਿਆ ਕਿ ਮੋਹਾਲੀ ਏਅਰਪੋਰਟ ਰੋਡ 'ਤੇ ਅੱਜ ਪੁਲਸ ਦੀ ਇੱਕ ਟੁਕੜੀ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

PunjabKesari

ਇਸ ਦੌਰਾਨ ਰਾਤ ਸਮੇਂ ਚੰਡੀਗੜ੍ਹ ਵਾਲੇ ਪਾਸਿਓਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਤੇਜ਼ ਰਫ਼ਤਾਰ ਆ ਰਹੀ ਇੱਕ ਕਾਰ ਨੂੰ ਪੁਲਸ ਕਰਮਚਾਰੀਆਂ ਨੇ ਜਿਵੇਂ ਹੀ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਨਾਕੇ 'ਤੇ ਰੁਕਣ ਦੀ ਬਜਾਏ ਕਾਰ ਦੀ ਰਫ਼ਤਾਰ ਹੋਰ ਤੇਜ਼ ਕਰਕੇ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਅਨੁਸਾਰ ਇਸ ਮਗਰੋਂ ਕਾਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੇਕਾਬੂ ਹੋਈ ਕਾਰ ਸੜਕ ਕਿਨਾਰੇ ਫੁੱਟਪਾਥ 'ਚ ਵੱਜ ਕੇ ਬੰਦ ਹੋ ਗਈ, ਜਿਸ ਕਾਰਨ ਕਾਰ ਦੇ ਸੱਜੇ ਪਾਸੇ ਵਾਲਾ ਟਾਇਰ ਦਾ ਰਿੰਮ ਟੇਢਾ ਹੋ ਗਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਚਾਲਕ ਨੂੰ ਕਾਬੂ ਕਰ ਲਿਆ।

ਇਸ ਹਾਦਸੇ ਕਾਰਨ ਦੇਰ ਰਾਤ ਤੱਕ ਸੜਕ 'ਤੇ ਆਵਾਜਾਈ ਪ੍ਰਭਾਵਿਤ ਰਹੀ। ਬਾਅਦ ਵਿੱਚ ਪੁਲਸ ਨੇ ਕਰੇਨ ਦੀ ਮਦਦ ਨਾਲ ਹਾਦਸਾ ਗ੍ਰਸਤ ਕਾਰ ਨੂੰ ਸੜਕ 'ਚੋਂ ਪਾਸੇ ਹਟਾ ਕੇ ਥਾਣੇ ਲਿਜਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News