ਸ਼ਰਾਬ ਫੈਕਟਰੀ ਦਾ ਮੁੱਦਾ ਸਿਖਰਾਂ ’ਤੇ, ਕਿਸੇ ਵੀ ਹਾਲਤ ਵਿਚ ਸ਼ਰਾਬ ਫੈਕਟਰੀ ਨਹੀਂ ਚੱਲਣ ਦੇਵਾਂਗਾ : ਸਾਂਝਾ ਮੋਰਚਾ
Sunday, Jul 31, 2022 - 05:19 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਧਰਤੀ ਹੇਠਲੇ ਖਰਾਬ ਹੋਏ ਪਾਣੀ ਨੂੰ ਲੈ ਕੇ ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਦਾ ਮੁੱਦਾ ਸਿਖਰਾਂ ’ਤੇ ਪਹੁੰਚ ਗਿਆ ਹੈ। ਪਿਛਲੇ ਇਕ ਹਫਤੇ ਤੋਂ ਸ਼ਰਾਬ ਫੈਕਟਰੀ ਅੱਗੇ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਲੱਗਾ ਹੋਇਆ ਹੈ ਤੇ ਇਸ ਧਰਨੇ ਵਿਚ ਵੀ ਦਿੱਲੀ ਦੇ ਕਿਸਾਨ ਅੰਦੋਲਨ ਵਾਂਗ ਲੋਕ ਵੱਡੀ ਗਿਣਤੀ ਵਿਚ ਟਰਾਲੀਆਂ ਭਰ ਕੇ ਆ ਰਹੇ ਹਨ ਤੇ ਇਸ ਧਰਨੇ ਵਿੱਚ ਔਰਤਾਂ ਨੇ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਧਰਨਾ, ਵਿਸ਼ਾਲ ਰੂਪ ਧਾਰਨ ਕਰ ਚੁੱਕਾ ਹੈ। ਵੱਡੀ ਗਿਣਤੀ ਵਿਚ ਪੁੱਜਦੀਆਂ ਸੰਗਤਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਫੈਕਟਰੀ ਵੱਲੋਂ ਉਨ੍ਹਾਂ ਦੇ ਧਰਤੀ ਹੇਠਲੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਗਿਆ ਹੈ।
ਅੱਜ ਧਰਨੇ ਵਿਚ ਸੰਬੋਧਨ ਕਰਦਿਆਂ ਫਤਿਹ ਸਿੰਘ ਢਿੱਲੋਂ ਰਟੋਲ ਰੋਹੀ, ਗੁਰਜੰਟ ਸਿੰਘ ਸਾਬਕਾ ਸਰਪੰਚ, ਦਵਿੰਦਰ ਗੋਲਡੀ ਫੈਡਰੇਸ਼ਨ ਆਗੁ, ਮਨਜੀਤ ਸਿੰਘ ਮਹੀਆਂ ਵਾਲਾ, ਗੁਰਸੇਵਕ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਮਹੀਆਂ ਵਾਲਾ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਦੇਵ ਸਿੰਘ ਸਰਾਂ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਤਲਵੰਡੀ ਭਾਈ, ਬਾਊ ਸਿੰਘ ਜਨਰਲ ਸਕੱਤਰ, ਮਹਿੰਦਰ ਸਿੰਘ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਨੇਕ ਸਿੰਘ ਸੇਖੋਂ, ਗੁਰਮੇਲ ਸਿੰਘ ਸਰਪੰਚ ਮਨਸੂਰਵਾਲ ਕਲਾਂ ਆਦਿ ਨੇ ਦੋਸ਼ ਲਗਾਉਂਦੇ ਕਿਹਾ ਕਿ ਫੈਕਟਰੀ ਵਿਚ 30 ਤੋਂ 40 ਗੁਪਤ ਬੋਰ ਕਰਕੇ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ, ਜਿਸਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਦ ਤੱਕ ਫੈਕਟਰੀ ਬੰਦ ਨਹੀ ਹੋ ਜਾਂਦੀ, ਉਦੋਂ ਤੱਕ ਉਹ ਧਰਨਾ ਨਹੀ ਚੁੱਕਣਗੇ। ਮੋਰਚੇ ਨੂੰ ਚਲਾ ਰਹੇ ਬੁਲਾਰਿਆਂ ਨੇ ਜਿਥੇ ਫੈਕਟਰੀ ’ਤੇ ਸਿੱਧੇ ਦੋਸ਼ ਲਗਾਏ ਹਨ, ਉਥੇ ਹੀ ਪ੍ਰਦੂਸ਼ਨ ਬੋਰਡ ਦੇ ਅਧਿਕਾਰੀਆਂ ਨੁੰ ਕਟਹਿਰੇ ਵਿਚ ਖੜ੍ਹਾ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਲੱਗੀ ਇਸ ਫੈਕਟਰੀ ਨੇ ਸਾਡੇ ਇਲਾਕੇ ਦੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਹੈ, ਜਿਸਦਾ ਜ਼ਿੰਮੇਵਾਰ ਪ੍ਰਸ਼ਾਸਨ ਵੀ ਹੈ। ਉਨ੍ਹਾਂ ਕਿਹਾ ਇਨ੍ਹਾਂ ਨੂੰ ਐੱਨ.ਓ. ਸੀ. ਆਖਿਰਕਾਰ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਦਿੱਤੀ ਜਾਂਦੀ ਹੈ ਤਾਂ ਹੀ ਫੈਕਟਰੀ ਲਗਾਈ ਜਾਂਦੀ ਹੈ ਤੇ ਇਸ ਫੈਕਟਰੀ ਦੀ ਵਜ੍ਹਾ ਨਾਲ ਪਾਣੀ ਖਰਾਬ ਹੋ ਚੁੱਕਾ ਹੈ ਤੇ ਪ੍ਰਸਾਸ਼ਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਧਰਨਾ ਚੁਕਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਸਫਲ ਨਹੀਂ ਹੋਣਗੀਆਂ। ਉਧਰ ਫੈਕਟਰੀ ਪ੍ਰਬੰਧਕਾਂ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਨੂੰ ਨਕਾਰਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਨਹੀਂ ਕੀਤਾ ਜਾ ਰਿਹਾ।