ਗੱਡੀ ਅਤੇ ਘਰ ''ਚੋਂ 44 ਪੇਟੀਆਂ ਸ਼ਰਾਬ ਬਰਾਮਦ, ਦੋ ਖ਼ਿਲਾਫ ਮਾਮਲਾ ਦਰਜ
Tuesday, Nov 19, 2024 - 12:54 PM (IST)
ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਥਾਣਾ ਕਲਾਨੌਰ ਦੀ ਪੁਲਸ ਨੇ ਇਕ ਗੱਡੀ ਅਤੇ ਘਰ ਵਿਚੋਂ 44 ਪੇਟੀਆਂ ਸ਼ਰਾਬ ਮਾਰਕਾ ਕਿੰਗ ਗੋਲਡ ਵਿਸਕੀ ਅਤੇ ਕਿੰਮਜ਼ ਗੋਲਡ ਵਿਸਕੀ ਬਰਾਮਦ ਹੋਣ ’ਤੇ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਬਖ਼ਸੀਵਾਲ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਦਿਆਲ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਦੋਸਤਪੁਰ ਆਪਣੀ ਗੱਡੀ ਬਿਨਾਂ ਨੰਬਰੀ ਮਾਰਕਾ ਕਰੇਟਾ ਵਿਚ ਸ਼ਰਾਬ ਦੀਆਂ ਪੇਟੀਆਂ ਰੱਖ ਕੇ ਆਪਣੇ ਰਿਸ਼ਤੇਦਾਰ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਖਸ਼ੀਵਾਲ ਦੇ ਘਰ ਛੱਡਣ ਜਾ ਰਿਹਾ ਹੈ।
ਇਸ 'ਤੇ ਉਸ ਨੇ ਐਕਸਾਈਜ਼ ਇੰਸਪੈਕਟਰ ਪੰਕਜ ਗੁਪਤਾ ਸਰਕਲ ਧਾਰੀਵਾਲ ਨੂੰ ਜਾਣੂ ਕਰਵਾਇਆ। ਜਿਨ੍ਹਾਂ ਨੇ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਕੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਖਸ਼ੀਵਾਲ ਰੇਡ ਕੀਤੀ, ਜਿੱਥੇ ਤਾਲਾਸ਼ੀ ਦੌਰਾਨ ਗੱਡੀ ਦੀ ਪਿਛਲੀ ਸੀਟ ਤੋਂ 5 ਪੇਟੀਆਂ ਅਤੇ ਡਿੱਗੀ ਵਿਚੋਂ 3 ਪੇਟੀਆਂ ਸ਼ਰਾਬ ਮਾਰਕਾ ਕਿੰਗ ਗੋਲਡ ਵਿਸਕੀ ਅਤੇ ਘਰ ਦੀ ਚੈਕਿੰਗ ਦੌਰਾਨ ਸਟੋਰ ਰੂਮ ਵਿਚੋਂ 36 ਪੇਟੀਆਂ ਕਿੰਮਜ਼ ਗੋਲਡ ਵਿਸਕੀ ਬਰਾਮਦ ਹੋਈਆਂ। ਪੁਲਸ ਨੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਦੋਸ਼ੀ ਗੁਰਦਿਆਲ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਦੋਸਤਪੁਰ ਅਤੇ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਖਸ਼ੀਵਾਲ ਖ਼ਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਗੁਰਦਿਆਲ ਸਿੰਘ ਅਜੇ ਫਰਾਰ ਹੈ।