ਮਾਸੂਮ ਪੁੱਤ ਦਾ ਗਲਾ ਘੁੱਟਣ ਮਗਰੋਂ ਬੈੱਡ ਬਾਕਸ 'ਚ ਕੀਤਾ ਸੀ ਬੰਦ, ਬੇਰਹਿਮ ਮਾਂ ਨੂੰ ਉਮਰਕੈਦ ਦੀ ਸਜ਼ਾ
Saturday, Jul 20, 2024 - 12:50 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਢਾਈ ਸਾਲ ਦੇ ਮਾਸੂਮ ਦੇ ਕਤਲ ਮਾਮਲੇ ’ਚ ਮੁਲਜ਼ਮ ਮਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਸੈਕਟਰ-34 ਥਾਣਾ ਪੁਲਸ ਨੇ ਕਰੀਬ 4 ਸਾਲ ਪਹਿਲਾਂ ਪਿੰਡ ਬੁੜੈਲ, ਸੈਕਟਰ-45, ਚੰਡੀਗੜ੍ਹ ਦੀ ਰਹਿਣ ਵਾਲੀ ਰੂਪਾ ਵਰਮਾ ਨੂੰ ਢਾਈ ਸਾਲ ਦੇ ਮਾਸੂਮ ਬੱਚੇ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਆਪਣੇ ਮਾਸੂਮ ਪੁੱਤਰ ਦਾ ਗਲਾ ਘੁੱਟਿਆ ਅਤੇ ਫਿਰ ਬੈੱਡ ਬਾਕਸ ’ਚ ਬੰਦ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਦਾ ਪਤਾ ਕੰਮ ਤੋਂ ਪਰਤੇ ਪਿਤਾ ਨੂੰ ਉਦੋਂ ਲੱਗਿਆ, ਜਦੋਂ ਉਹ ਬੱਚੇ ਦੇ ਗੁੰਮਸ਼ੁਦਾ ਹੋਣ ਦੀ ਡੀ. ਡੀ. ਆਰ. ਦਰਜ ਕਰਵਾਉਣ ਤੋਂ ਬਾਅਦ ਘਰ ਪਰਤਿਆ।
ਪਤਨੀ ਨੇ ਫੋਨ ਕਰ ਕੇ ਬੱਚੇ ਦੇ ਬੈੱਡ ਬਾਕਸ ’ਚ ਬੰਦ ਹੋਣ ਦੀ ਸੂਚਨਾ ਦਿੱਤੀ। ਜਿਉਂ ਹੀ ਬੈੱਡ ਬਾਕਸ ਖੋਲ੍ਹਿਆ ਗਿਆ ਤਾਂ ਬੱਚਾ ਬੇਹੋਸ਼ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਦਮ ਘੁੱਟਣ ਕਾਰਨ ਉਸ ਦੀ ਮੌਤ ਹੋਈ ਹੈ। ਸਰਕਾਰੀ ਵਕੀਲ ਜੇ. ਪੀ. ਸਿੰਘ ਨੇ ਆਪਣੀ ਦਲੀਲ ’ਚ ਕਿਹਾ ਕਿ ਇਕ ਮਾਂ ਨੇ ਆਪਣੇ ਉਸ ਬੱਚੇ ਨੂੰ ਇੰਨੀ ਦਰਦਨਾਕ ਮੌਤ ਦੇ ਦਿੱਤੀ, ਜੋ ਅਜੇ ਸਹੀ ਢੰਗ ਨਾਲ ਬੋਲ ਵੀ ਨਹੀਂ ਸੀ ਸਕਦਾ। ਅਜਿਹੀ ਹਰਕਤ ਲਈ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਨੇ ਮਾਂ ਅਤੇ ਪੁੱਤ ਦੇ ਰਿਸ਼ਤੇ ਨੂੰ ਦਾਗ਼ਦਾਰ ਕਰ ਦਿੱਤਾ ਹੈ। ਉਹ ਰਹਿਮ ਦੀ ਹੱਕਦਾਰ ਨਹੀਂ ਹੈ। ਇਸ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਮਾਜ ’ਚ ਅਜਿਹੇ ਅਪਰਾਧ ਕਦੇ ਨਾ ਵਾਪਰਨ।
ਇਹ ਵੀ ਪੜ੍ਹੋ : ਕੇਂਦਰ ਨੂੰ ਪੰਜਾਬ ਲਈ ਵੀ ਵਿਸ਼ੇਸ਼ ਪੈਕੇਜ ਦੇਣ ’ਤੇ ਵਿਚਾਰ ਕਰਨਾ ਚਾਹੀਦੈ : ਸਾਹਨੀ
ਸੈਕਟਰ-34 ਥਾਣੇ ਦੀ ਪੁਲਸ ਕੋਲ ਜਨਵਰੀ 2020 ’ਚ ਬੁੜੈਲ ਵਾਸੀ ਦਸ਼ਰਥ ਨੇ ਬੁੜੈਲ ਚੌਂਕੀ ’ਚ ਆਪਣੀ ਪਤਨੀ ਅਤੇ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਘਰ ਦਾ ਕੰਮ ਨਾ ਕਰਨ ਕਾਰਨ ਉਸ ਦਾ ਪਤਨੀ ਨਾਲ ਸ਼ੁਰੂ ਤੋਂ ਹੀ ਝਗੜਾ ਚੱਲ ਰਿਹਾ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਹ ਪੂਰੇ ਪਰਿਵਾਰ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਅਤੇ ਇਕ ਵਾਰ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸੇ ਨੇ ਹੀ ਆਪਣੇ ਮਾਸੂਮ ਪੁੱਤਰ ਦਾ ਗਲਾ ਘੁੱਟਿਆ, ਫਿਰ ਉਸ ਨੂੰ ਬੈੱਡ ਬਾਕਸ ’ਚ ਬੰਦ ਕਰ ਕੇ ਮਾਰ ਦਿੱਤਾ। ਘਟਨਾ ਦਾ ਪਤਾ ਬੱਚੇ ਦੇ ਪਿਤਾ ਨੂੰ ਉਦੋਂ ਲੱਗਾ, ਜਦੋਂ ਉਹ ਪਤਨੀ ਤੇ ਢਾਈ ਸਾਲ ਦੇ ਬੱਚੇ ਦਿਵਯਾਂਸ਼ੂ ਵਰਮਾ ਦੇ ਲਾਪਤਾ ਹੋਣ ਦੀ ਡੀ. ਡੀ. ਆਰ. ਦਰਜ ਕਰਵਾ ਕੇ ਘਰ ਪਰਤਿਆ। ਇਸ ਦੌਰਾਨ ਪਤੀ ਨੂੰ ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਇਹ ਫੋਨ ਉਸ ਦੀ ਪਤਨੀ ਨੇ ਕੀਤਾ ਸੀ। ਉਸ ਨੇ ਦੱਸਿਆ ਕਿ ਦਿਵਯਾਂਸ਼ੂ ਬੈੱਡ ਬਾਕਸ ’ਚ ਬੰਦ ਸੀ। ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਅਤੇ ਜਿਉਂ ਹੀ ਉਸ ਨੇ ਬਾਕਸ ਖੋਲ੍ਹਿਆ ਤਾਂ ਬੱਚਾ ਬੇਹੋਸ਼ ਪਿਆ ਸੀ। ਉਹ ਤੁਰੰਤ ਉਸ ਨੂੰ ਸੈਕਟਰ-32 ਹਸਪਤਾਲ ਲੈ ਗਏ, ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਸ ਪੁੱਛਗਿੱਛ ਦੌਰਾਨ ਰੂਪਾ ਨੇ ਬੱਚੇ ਦੇ ਕਤਲ ਦੀ ਗੱਲ ਕਬੂਲ ਕਰ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8