ਮਾਂ ਨੂੰ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਉਮਰਕੈਦ ਦੀ ਸਜ਼ਾ

Saturday, Aug 31, 2024 - 12:29 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕਰੀਬ 4 ਸਾਲ ਪਹਿਲਾਂ 65 ਸਾਲਾ ਬਜ਼ੁਰਗ ਮਾਂ ਨੂੰ ਕੁੱਟ-ਕੁੱਟ ਕਤਲ ਕਰਨ ਵਾਲੇ ਮੁਲਜ਼ਮ ਪੁੱਤਰ ਅਖਿਲੇਸ਼ ਮਹਾਜਨ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ 25 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਵਕੀਲ ਨੇ ਦਲੀਲ ਦਿੱਤੀ ਕਿ ਅਖਿਲੇਸ਼ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਅਤੇ ਜੇਲ੍ਹ ’ਚ ਇਲਾਜ ਚੱਲ ਰਿਹਾ ਹੈ ਪਰ ਜੱਜ ਨੇ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਉਸ ਨੂੰ ਸਜ਼ਾ ਸੁਣਾਈ ਹੈ। ਸੈਕਟਰ-11 ਥਾਣਾ ਪੁਲਸ ਨੇ ਆਈ. ਪੀ. ਸੀ. ਦੀ ਧਾਰਾ-308 ਤਹਿਤ ਕੇਸ ਦਰਜ ਕੀਤਾ ਸੀ ਪਰ ਇਲਾਜ ਦੌਰਾਨ ਮਾਂ ਦੀ ਹੋਈ ਮੌਤ ਤੋਂ ਬਾਅਦ ਧਾਰਾ-302 ਨੂੰ ਜੋੜਦਿਆਂ ਦੋਸ਼ ਪੱਤਰ ਦਾਖ਼ਲ ਕੀਤਾ ਸੀ।
21 ਜਨਵਰੀ 2020 ਨੂੰ ਪੁਲਸ ਨੂੰ ਸੈਕਟਰ-11 ਏ ਦੇ ਵਿਕਾਸ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ’ਚ ਰਿਪੇਅਰ ਦਾ ਕੰਮ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਸ਼ਾਮ ਕਰੀਬ ਸਵਾ 4 ਵਜੇ ਕੋਠੀ ਸਾਹਮਣੇ ਮੌਜੂਦ ਘਰ ਤੋਂ ਬਚਾਓ-ਬਚਾਓ ਦੀ ਆਵਾਜ਼ ਸੁਣੀ। ਜਦੋਂ ਕੋਲ ਜਾ ਕੇ ਵੇਖਿਆ ਤਾਂ ਅਖਿਲੇਸ਼ ਆਪਣੀ ਮਾਂ ਸੁਸ਼ਮਾ ਗੁਪਤਾ ਨੂੰ ਕੁੱਟ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗਿਆ ਕਿ ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ।

ਇਸ ਤੋਂ ਬਾਅਦ ਦੋਸ਼ੀ ਆਪਣੀ ਮਾਂ ਨਾਲ ਗਾਲੀ-ਗਲੋਚ ਕਰਨ ਲੱਗਿਆ। ਇਸ ਦੌਰਾਨ ਉਸ ਨੇ ਜ਼ੋਰ ਨਾਲ ਆਪਣੀ ਮਾਂ ਦੇ ਮੂੰਹ ’ਤੇ ਮਾਰਿਆ, ਜਿਸ ਕਾਰਨ ਮੂੰਹ ਤੋਂ ਖ਼ੂਨ ਆਉਣ ਲੱਗਿਆ ਅਤੇ ਦੰਦ ਟੁੱਟ ਗਿਆ। ਦੁਬਾਰਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਧਮਕਾਉਣ ਲੱਗ ਪਿਆ। ਇੰਨੇ ’ਚ ਉਸ ਕੋਠੀ ਦੇ ਮਕਾਨ ਮਾਲਕ ਨੇ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦੇ ਦਿੱਤੀ। ਮੌਕੇ ’ਤੇ ਪੁਲਸ ਨੇ ਜ਼ਖ਼ਮੀ ਮਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਫਿਰ ਇਲਾਜ ਦੌਰਾਨ ਜ਼ਖ਼ਮੀ ਦੀ ਮੌਤ ਤੋਂ ਬਾਅਦ ਪੁਲਸ ਨੇ ਅਦਾਲਤ ’ਚ ਦੋਸ਼ ਪੱਤਰ ਦਾਖ਼ਲ ਕੀਤਾ ਸੀ।


Babita

Content Editor

Related News