ਵਿਆਹ ਦੌਰਾਨ ਚਲਾਈ ਗੋਲੀ ਦੇ ਮਾਮਲੇ ''ਚ 1 ਨੂੰ ਉਮਰ ਕੈਦ ਅਤੇ 1 ਬਰੀ

11/01/2019 3:29:30 PM

ਮੋਗਾ (ਸੰਦੀਪ) : ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਸੋਨੀਆ ਦੀ ਅਦਾਲਤ ਨੇ 3 ਸਾਲ ਪਹਿਲਾਂ ਵਿਆਹ ਸਮਾਗਮ ਦੌਰਾਨ ਗੋਲੀ ਚਲਾਉਣ ਅਤੇ ਇਸ ਦੌਰਾਨ ਲਾੜੇ ਦੇ ਭਰਾ ਦੀ ਮੌਤ ਹੋਣ ਦੇ ਮਾਮਲੇ 'ਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਵਿਅਕਤੀਆਂ 'ਚੋਂ ਇਕ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਗਿਆ ਹੈ। ਦੂਸਰੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ 15 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਮਾਣਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਜੁਰਮਾਨਾ ਨਾ ਭਰਨ ਦੀ ਸੂਰਤ 'ਚ ਛੇ ਮਹੀਨਿਆਂ ਦੀ ਵਾਧੂ ਕੈਦ ਵੀ ਕੱਟਣ ਦੇ ਹੁਕਮ ਸੁਣਾਏ ਹਨ। ਜਾਣਕਾਰੀ ਮੁਤਾਬਕ 4 ਜੁਲਾਈ 2016 ਨੂੰ ਪਿੰਡ ਬੁੱਟਰ ਕਲਾਂ ਦੇ ਗੁਰਵਿੰਦਰ ਸਿੰਘ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਸੀ ਕਿ ਪਿੰਡ ਦੇ ਹੀ ਭਿੰਦਰੀ ਉਰਫ ਪਰਮਜੀਤ ਸਿੰਘ ਦੀ ਬਰਾਤ 4 ਜੁਲਾਈ ਨੂੰ ਭਗਤਾ ਭਾਈ ਗਈ ਅਤੇ ਸ਼ਾਮ ਨੂੰ ਘਰ ਪਹੁੰਚੀ, ਜਿਸ ਖੁਸ਼ੀ ਵਜੋਂ ਡੀ. ਜੇ. ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ।

ਇਸ ਦੌਰਾਨ ਪਿੰਡ ਦਾ ਸਾਬਕਾ ਸਰਪੰਚ ਸ਼ਿੰਦਰ ਸਿੰਘ ਆਪਣੇ ਦੋ ਸਾਥੀਆਂ ਸ਼ਰਨਜੀਤ ਸਿੰਘ, ਜੋ ਉਸ ਦਾ ਗੰਨਮੈਨ ਸੀ ਅਤੇ ਹਨੀ ਨਾਲ ਉਥੇ ਆ ਗਿਆ ਅਤੇ ਇਸ ਸਮਾਗਮ 'ਚ 315 ਬੋਰ ਦੀ ਬੰਦੂਕ ਕੱਢ ਕੇ ਗੋਲੀਆਂ ਚਲਾਉਣ ਲੱਗਾ, ਜਿਸ ਨੂੰ ਇਸ ਤਰ੍ਹਾਂ ਕਰਨ ਤੋਂ ਲਾੜੇ ਪਰਮਜੀਤ ਸਿੰਘ ਦੇ ਭਰਾ ਅਮਰਿੰਦਰ ਅਤੇ ਹੋਰ ਰਿਸ਼ਤੇਦਾਰਾਂ ਨੇ ਵੀ ਰੋਕਿਆ। ਇਸ ਦੌਰਾਨ ਗੁੱਸੇ 'ਚ ਆਏ ਸਾਬਕਾ ਅਕਾਲੀ ਸਰਪੰਚ ਅਤੇ ਉਸ ਦੇ ਗੰਨਮੈਨ ਸ਼ਰਨਜੀਤ ਸਿੰਘ ਵੱਲੋਂ ਅਮਰਿੰਦਰ 'ਤੇ ਗੋਲੀ ਚਲਾ ਦਿੱਤੀ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਥੇ ਦੱਸਣਾ ਬਣਦਾ ਹੈ ਕਿ ਇਸ ਮਾਮਲੇ 'ਚ ਪੁਲਸ ਵੱਲੋਂ ਜਾਂਚ ਦੌਰਾਨ ਸਾਬਕਾ ਸਰਪੰਚ ਸ਼ਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਪਰ ਬਾਅਦ 'ਚ ਪੀੜਤ ਪੱਖ ਦੇ ਵਕੀਲ ਵੱਲੋਂ ਦਿੱਤੀਆਂ ਦਲੀਲਾਂ ਦੇ ਆਧਾਰ 'ਤੇ ਮਾਣਯੋਗ ਅਦਾਲਤ ਨੇ ਧਾਰਾ 319 ਤਹਿਤ ਸਰਪੰਚ ਨੂੰ ਦੁਬਾਰਾ ਤਾਮੀਰ ਕਰ ਲਿਆ ਸੀ। ਇਸ ਮਾਮਲੇ 'ਚ ਮਾਣਯੋਗ ਅਦਾਲਤ ਨੇ ਸਾਬਕਾ ਸਰਪੰਚ ਸ਼ਿੰਦਰ ਸਿੰਘ ਨੂੰ ਬਰੀ ਅਤੇ ਸ਼ਰਨਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
 


Anuradha

Content Editor

Related News