ਰਣਜੀਤ ਬਾਵਾ ਦੇ PA ਡਿਪਟੀ ਵੋਹਰਾ ਦੀ ਕਾਰ ’ਚੋਂ ਨਹੀਂ ਮਿਲਿਆ ਲਾਇਸੈਂਸੀ ਰਿਵਾਲਵਰ

01/09/2023 11:59:19 PM

ਜਲੰਧਰ (ਸੁਨੀਲ)-ਬੀਤੀ ਦੇਰ ਰਾਤ ਗਾਇਕ ਰਣਜੀਤ ਬਾਵਾ ਦੇ ਪੀ. ਏ. ਅਤੇ ਦੋਸਤ ਡਿਪਟੀ ਵੋਹਰਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਅੱਖੀਂ ਦੇਖਣ ਵਾਲਿਆਂ ਅਨੁਸਾਰ ਹਾਦਸੇ ਤੋਂ ਬਾਅਦ ਡਿਪਟੀ ਵੋਹਰਾ ਦੀ ਕਾਰ ਦੇ ਸਪੀਡੋਮੀਟਰ ਦੀ ਸੂਈ 140 ’ਤੇ ਰੁਕੀ ਹੋਈ ਸੀ। ਰਾਹਗੀਰਾਂ ਨੇ ਇਸ ਘਟਨਾ ਦੀ ਜਾਣਕਾਰੀ ਐਂਬੂਲੈਂਸ 108 ਨੂੰ ਦਿੱਤੀ ਅਤੇ ਐਂਬੂਲੈਂਸ ਸਟਾਫ ਤੇ ਉਨ੍ਹਾਂ ਬੜੀ ਮੁਸ਼ਕਿਲ ਨਾਲ ਡਿਪਟੀ ਵੋਹਰਾ ਪੁੱਤਰ ਰੋਸ਼ਨ ਲਾਲ ਨਿਵਾਸੀ ਗੁਰੂ ਨਾਨਕ ਨਗਰ ਗੁਰਦਾਸਪੁਰ ਰੋਡ ਬਟਾਲਾ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ

ਮ੍ਰਿਤਕ ਦੇ ਭਰਾ ਰਾਜਨ ਵੋਹਰਾ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਦੇਰ ਪਹਿਲਾਂ ਡਿਪਟੀ ਵੋਹਰਾ ਨਾਲ ਉਨ੍ਹਾਂ ਦੀ ਗੱਲ ਹੋਈ ਸੀ ਤੇ ਉਸ ਨੇ ਕਿਹਾ ਸੀ ਕਿ ਉਹ ਜਲੰਧਰ ਪਹੁੰਚ ਗਿਆ ਹੈ ਅਤੇ ਕੁਝ ਸਮੇਂ ’ਚ ਉਹ ਬਟਾਲਾ ਆਪਣੇ ਘਰ ਪਹੁੰਚ ਜਾਵੇਗਾ ਤੇ ਆਪਣਾ ਜਨਮ ਦਿਨ ਪਰਿਵਾਰਕ ਮੈਂਬਰਾਂ ਨਾਲ ਮਨਾਏਗਾ। ਇਸ ਸਬੰਧ ’ਚ ਥਾਣਾ ਮਕਸੂਦਾਂ ਦੇ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਬ੍ਰੀਜ਼ਾ ਕਾਰ ਪਿੰਡ ਲਿੱਧੜਾਂ ਦੇ ਪੁਲ ਨੇੜੇ ਸੀਮੈਂਟ ਦੇ ਬੈਰੀਕੇਡ ਨਾਲ ਜਾ ਟਕਰਾਈ ਹੈ, ਜਿਸ ਕਾਰਨ ਡਿਪਟੀ ਵੋਹਰਾ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਿਪਟੀ ਕੋਲ ਲਾਇਸੈਂਸੀ ਰਿਵਾਲਵਰ ਵੀ ਸੀ, ਜਿਹੜਾ ਅਜੇ ਉਨ੍ਹਾਂ ਨੂੰ ਮੌਕੇ ਤੋਂ ਨਹੀਂ ਮਿਲਿਆ ਹੈ, ਜਦਕਿ ਅਸਲਾ ਲਾਇਸੈਂਸ ਕਾਰ ਵਿਚੋਂ ਮਿਲ ਗਿਆ ਹੈ। ਲਾਇਸੈਂਸੀ ਰਿਵਾਲਵਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਮਕਸੂਦਾਂ ’ਚ ਦੇ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਦਿੱਲੀ-ਭੁਵਨੇਸ਼ਵਰ ਏਅਰ ਵਿਸਤਾਰਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੋਇਆ

ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਇਸ ਮਾਮਲੇ ’ਚ ਸੀ. ਸੀ. ਟੀ. ਵੀ. ਚੈੱਕ ਕਰ ਰਹੀ ਹੈ ਅਤੇ 108 ਤੇ ਹੋਰ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾਂ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਦੀ ਕਾਰ ’ਚੋਂ ਮੋਬਾਇਲ ਅਤੇ ਇਕ ਪਰਸ ਮਿਲਿਆ ਸੀ, ਜਿਸ ਵਿਚ 2200 ਰੁਪਏ ਸਨ, ਜੋ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੇ ਗਏ ਹਨ। ਉਥੇ ਹੀ, ਕਾਰ ’ਚੋਂ ਕੋਈ ਰਿਵਾਲਵਰ ਨਹੀਂ ਮਿਲਿਆ ਹੈ। ਉਹ ਫਿਲਹਾਲ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਅਸਲਾ ਕਿੱਥੇ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਵੋਹਰਾ ਦੇ ਭਰਾ ਰਾਜਨ ਵੋਹਰਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ


Manoj

Content Editor

Related News