ਪੁਲਸ ਐਨਕਾਊਂਟਰ ''ਚ ਜ਼ਖ਼ਮੀ ਗੈਂਗਸਟਰ ਰਾਜੂ ਦੀ ਕੱਟਣੀ ਪੈ ਸਕਦੀ ਹੈ ਲੱਤ, ਪੀ.ਜੀ.ਆਈ ਰੈਫ਼ਰ
Saturday, Dec 23, 2023 - 06:40 PM (IST)

ਤਰਨਤਾਰਨ (ਰਮਨ)- ਡੀ.ਜੀ.ਪੀ ਗੌਰਵ ਯਾਦਵ ਵਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਸਬਕ ਸਿਖਾਉਣ ਲਈ ਕਮਰ ਕਸ ਲਈ ਗਈ ਹੈ, ਜਿਸਦੇ ਚੱਲਦਿਆਂ ਆਏ ਦਿਨ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਜਿੱਥੇ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ ਉੱਥੇ ਹੀ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਪੁਲਸ ਵਲੋਂ ਸ਼ੁੱਕਰਵਾਰ ਦੇਰ ਸ਼ਾਮ ਝਬਾਲ ਨਜ਼ਦੀਕ ਲੰਮੇ ਸਮੇਂ ਤੋਂ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਮੁੱਠਭੇੜ ਹੋ ਗਈ, ਜਿਸ ਦੌਰਾਨ ਪੁਲਸ ਨੇ ਮੁਸ਼ਤੈਦੀ ਨਾਲ ਦੋ ਗੈਂਗਸਟਰਾਂ ਨੂੰ 2 ਪਿਸਤੌਲ, 3 ਜਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਵਿਚੋਂ ਇਕ ਪੁਲਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ਨੂੰ ਮੋਦੀ ਸਰਕਾਰ ਵੱਲੋਂ 'ਵੰਦੇ ਭਾਰਤ' ਰੇਲ ਦਾ ਤੋਹਫ਼ਾ
ਪੁਲਸ ਨੇ ਦੋਵਾਂ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਜਿੱਥੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਜ਼ਖ਼ਮੀ ਗੈਂਗਸਟਰ ਦਾ ਇਲਾਜ ਕਰਵਾਉਣ ਲਈ ਡਾਕਟਰਾਂ ਵਲੋਂ ਪੀ.ਜੀ.ਆਈ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਐਨਕਾਊਂਟਰ ਵਿਚ ਬਹਾਦਰੀ ਨਾਲ ਸਾਹਮਣਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਡੀ.ਜੀ.ਪੀ ਨੂੰ ਲਿਖਿਆ ਜਾ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ 20 ਸਤੰਬਰ ਨੂੰ ਕਸਬਾ ਢੋਟੀਆਂ ਵਿਖੇ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੁੱਟਣ ਆਏ ਚਾਰ ਲੁਟੇਰਿਆਂ ਵਿਚ ਇਕ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਮੁਲਜ਼ਮ ਸ਼ਾਮਿਲ ਸੀ, ਇਸ ਬੈਂਕ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਬਹਾਦਰੀ ਨਾਲ ਸਾਹਮਣਾ ਕਰਨ ਵਾਲੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਮੁਲਜ਼ਮਾਂ ਵਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਪਰ ਇਸ ਦੌਰਾਨ ਬੈਂਕ ਦੀ ਲੁੱਟ ਹੋਣੀ ਬਚ ਗਈ ਸੀ। ਇਸ ਦੌਰਾਨ ਪੁਲਸ ਨੇ ਕਰੀਬ ਛੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਸੀ ਪਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਹਾਲ ਨਿਵਾਸੀ ਪਿੰਡ ਪੰਡੋਰੀ ਗੋਲਾ ਜਿਸ ਦੇ ਖ਼ਿਲਾਫ਼ ਵੱਖ-ਵੱਖ 9 ਮੁਕਦਮੇ ਦਰਜ ਹਨ ਦੀ ਗ੍ਰਿਫ਼ਤਾਰੀ ਲਈ ਟੀਮਾਂ ਲਗਾਤਾਰ ਪਿੱਛਾ ਕਰ ਰਹੀਆਂ ਸਨ।
ਇਹ ਵੀ ਪੜ੍ਹੋ- ਮਹਿੰਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਨਵ-ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਭਰਾ ਨੇ ਦੱਸੀ ਇਹ ਗੱਲ
ਪੁਲਸ ਨੂੰ ਗੁਪਤ ਸੂਚਨਾ ਦੇ ਆਧਾਰ ਉੱਪਰ ਜਾਣਕਾਰੀ ਪ੍ਰਾਪਤ ਹੋਈ ਕਿ ਚਰਨਜੀਤ ਸਿੰਘ ਉਰਫ਼ ਰਾਜੂ ਅਤੇ ਉਸ ਦਾ ਇਕ ਸਾਥੀ ਪਰਮਿੰਦਰ ਸਿੰਘ ਉਰਫ਼ ਪ੍ਰਿੰਸ ਪੁੱਤਰ ਤਰਸੇਮ ਸਿੰਘ ਵਾਸੀ ਇਬਣ ਕਲਾਂ ਨਾਲ ਝਬਾਲ ਇਲਾਕੇ ਵਿਚ ਆਇਆ ਹੋਇਆ ਹੈ। ਪੁਲਸ ਵਲੋਂ ਐੱਸ.ਪੀ ਮਨਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਇਲਾਕੇ ਵਿਚ ਘੇਰਾਬੰਦੀ ਕਰ ਲਈ। ਇਸ ਦੌਰਾਨ ਜਦੋਂ ਪੁਲਸ ਨੇ ਉਕਤ ਦੋਵਾਂ ਮੁਲਜ਼ਮਾਂ ਨੂੰ ਮੋਟਰਸਾਈਕਲ ਉੱਪਰ ਆਉਂਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਲੋਂ ਪੁਲਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਸ ਦੀ ਗੱਡੀ ਉੱਪਰ ਕੁਝ ਫਾਇਰ ਲੱਗੇ ਅਤੇ ਪੁਲਸ ਵਲੋਂ ਜਵਾਬੀ ਫਾਈਰਿੰਗ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਦੀ ਜਵਾਬੀ ਫਾਈਰਿੰਗ ਵਿਚ ਚਰਨਜੀਤ ਸਿੰਘ ਉਰਫ ਰਾਜੂ ਦੀ ਲੱਤ ਵਿਚ ਇਕ ਗੋਲੀ ਜਾ ਲੱਗੀ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਪਾਸੋਂ 30 ਬੋਰ ਪਿਸਤੌਲ ਅਤੇ 32 ਬੋਰ ਪਿਸਤੌਲ ਸਮੇਤ ਤਿੰਨ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਇਸ ਖ਼ਤਰਨਾਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪੁਲਸ ਨੂੰ ਲੰਮੇ ਸਮੇਂ ਤੋਂ ਭਾਲ ਸੀ।
ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ
ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗਣ ਕਰਕੇ ਉਸ ਦਾ ਇਲਾਜ ਡਾਕਟਰਾਂ ਵਲੋਂ ਪੀ.ਜੀ.ਆਈ ਚੰਡੀਗੜ੍ਹ ਤੋਂ ਕਰਵਾਉਣ ਸਬੰਧੀ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਾਸੋਂ ਬਰਾਮਦ ਕੀਤਾ ਗਿਆ ਪਿਸਤੌਲ ਆਟੋਮੈਟਿਕ ਹੈ ਜੋ ਬਰਸਟ ਮਾਰਦਾ ਹੈ। ਇਸ ਦੌਰਾਨ ਪੁਲਸ ਵਲੋਂ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਦੀ ਬਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ.ਪੀ ਮਨਿੰਦਰ ਸਿੰਘ, ਡੀ.ਐੱਸ.ਪੀ ਡੀ ਅਰੁਣ ਸ਼ਰਮਾ, ਇੰਸਪੈਕਟਰ ਪ੍ਰਭਜੀਤ ਸਿੰਘ ਸੀ.ਆਈ.ਏ ਇੰਚਾਰਜ ਅਤੇ ਹੋਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8