ਲੋਕ ਘਰ ਬੈਠੇ ''ਸਾਰਥੀ-4'' ਰਾਹੀਂ ਭਰ ਸਕਣਗੇ ਲਰਨਿੰਗ ਲਾਇਸੈਂਸ ਦੇ ਫਾਰਮ

Thursday, Aug 31, 2017 - 04:03 AM (IST)

ਲੁਧਿਆਣਾ(ਜ. ਬ.)–ਲੰਮੇ ਇੰਤਜ਼ਾਰ ਦੇ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਲੁਧਿਆਣਾ 'ਚ ਵੀ ਸਾਰਥੀ-4 ਸਾਫਟਵੇਅਰ ਨੂੰ ਸ਼ੁਰੂ ਕਰ ਦਿੱਤਾ ਹੈ। ਨਵੇਂ ਸਾਫਟਵੇਅਰ ਦੀ ਸਹਾਇਤਾ ਅਰਜ਼ੀਕਰਤਾ ਘਰ ਬੈਠੇ ਹੀ ਲਰਨਿੰਗ ਲਾਇਸੈਂਸ ਦੇ ਫਾਰਮ ਭਰ ਸਕਣਗੇ। ਫਿਲਹਾਲ ਲੋਕਾਂ ਨੂੰ ਫਾਰਮ ਭਰਨ ਦੀ ਸੁਵਿਧਾ ਹੀ ਦਿੱਤੀ ਜਾਵੇਗੀ, ਜਦਕਿ ਆਨਲਾਈਨ ਤਰੀਕੇ ਨਾਲ ਫੀਸ ਅਦਾ ਕਰਨ ਦੀ ਸੁਵਿਧਾ ਕੁਝ ਦਿਨਾਂ ਬਾਅਦ ਸ਼ੁਰੂ ਹੋਵੇਗੀ। ਇਸ ਨਵੀਂ ਸੁਵਿਧਾ ਨੂੰ ਲੁਧਿਆਣਾ ਪੂਰਬੀ ਭਾਵ ਕਿ ਸੈਕਟਰ 32 ਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਲਈ ਸ਼ੁਰੂ ਕੀਤਾ ਗਿਆ ਹੈ, ਜੋ ਕਿ ਐੱਸ. ਡੀ. ਐੱਮ. ਪੂਰਬੀ ਦੇ ਅਧੀਨ ਕਾਰਜ ਕਰ ਰਿਹਾ ਹੈ ਪਰ ਲਾਇਸੈਂਸ ਬਣਾਉਣ ਲਈ ਕਿਸੇ ਵੀ ਖੇਤਰ ਦੇ ਲੋਕ ਉਥੇ ਜਾ ਸਕਦੇ ਹਨ। 
ਮੈਡੀਕਲ ਲਈ ਨਹੀਂ ਮਿਲ ਰਹੇ ਡਾਕਟਰ
ਉਥੇ ਟਰਾਂਸਪੋਰਟ ਵਿਭਾਗ ਨੂੰ ਅਰਜ਼ੀਕਰਤਾ ਦੇ ਮੈਡੀਕਲ ਕਰਨ ਲਈ ਡਾਕਟਰ ਨਹੀਂ ਮਿਲ ਪਾ ਰਹੇ। ਚਾਹੇ ਕਿ ਵਿਭਾਗ ਵੱਲੋਂ ਪਿਛਲੇ ਸਾਲ ਦੋਵੇਂ ਡਰਾਈਵਿੰਗ ਟੈਸਟ ਸੈਂਟਰਾਂ 'ਤੇ ਡਾਕਟਰ ਨਿਯੁਕਤ ਕੀਤੇ ਗਏ ਸਨ ਪਰ ਦੋਵੇਂ ਡਾਕਟਰ ਵਾਰੀ-ਵਾਰੀ ਆਪਣੀ ਨਿੱਜੀ ਸਮੱਸਿਆ ਦੀ ਗੱਲ ਬੋਲ ਕੇ ਵਿਭਾਗ ਦੇ ਕੋਲੋਂ ਕੰਮ ਛੱਡ ਗਏ। ਹਾਲਾਂਕਿ ਇਸਦੇ ਬਾਅਦ ਇਕ ਵਾਰ ਫਿਰ ਤੋਂ ਵਿਭਾਗ ਨੇ ਡਾਕਟਰ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਪਰ ਵਿਭਾਗ ਦੇ ਨਾਲ ਕੰਮ ਕਰਨ ਦੇ ਲਈ ਕੋਈ ਡਾਕਟਰ ਰਾਜ਼ੀ ਨਹੀਂ ਹੋਇਆ। ਇਥੇ ਇਹ ਵੀ ਗੱਲ ਦੱਸ-ਦੇਈਏ ਕਿ ਵਿਭਾਗ ਸੁਵਿਧਾ ਚਾਰਜਿਜ਼ 'ਚ ਡਾਕਟਰ ਵੱਲੋਂ ਕੀਤੇ ਜਾਣ ਵਾਲੇ ਮੈਡੀਕਲ ਦੀ ਫੀਸ ਵੀ ਵਸੂਲ ਰਿਹਾ ਹੈ ਪਰ ਅਰਜ਼ੀਕਰਤਾ ਨੂੰ ਫਿਰ ਵੀ ਮੈਡੀਕਲ ਦੀ ਸੁਵਿਧਾ ਸੈਂਟਰਾਂ 'ਤੇ ਨਹੀਂ ਮਿਲ ਪਾ ਰਹੀ ਅਤੇ ਉਨ੍ਹਾਂ ਨੂੰ ਫਾਲਤੂ ਪੈਸੇ ਖਰਚ ਕਰ ਕੇ ਬਾਹਰ ਤੋਂ ਮੈਡੀਕਲ ਕਰਵਾਉਣਾ ਪੈ ਰਿਹਾ ਹੈ।
ਅਰਜ਼ੀਕਰਤਾ ਆਪਣੀ ਸੁਵਿਧਾ ਅਨੁਸਾਰ ਲੈ ਸਕਣਗੇ ਅਪਾਇੰਟਮੈਂਟ
ਸਾਰਥੀ-4 ਸਾਫਟਵੇਅਰ ਸ਼ੁਰੂ ਹੋਣ ਦੇ ਬਾਅਦ ਲੋਕ 'ਡਬਲੂ ਡਬਲੂ ਡਬਲੂ ਡਾਟ ਪਰਿਵਾਹਨ ਗੋ ਡਾਟ ਇਨ' ਵੈੱਬਸਾਈਟ 'ਤੇ ਜਾ ਕੇ ਆਪਣਾ ਰਾਜ ਨਾਲ ਸਬੰਧਤ ਰਜਿਸਟਿੰਗ ਅਥਾਰਟੀ ਦੀ ਚੋਣ ਕਰ ਕੇ ਆਪਣੀ ਨਿੱਜੀ ਜਾਣਕਾਰੀ ਫੀਡ ਕਰਨ ਤੋਂ ਬਾਅਦ ਆਪਣੇ ਕਾਗਜ਼ਾਤ, ਫੋਟੋ ਅਤੇ ਹਸਤਾਖਰ ਸਕੈਨ ਕਰ ਕੇ ਅਪਲੋਡ ਕਰ ਸਕਣਗੇ। ਫੀਸ ਅਦਾ ਕਰਨ ਦੀ ਸੁਵਿਧਾ ਹੁਣ ਸ਼ੁਰੂ ਨਹੀਂ ਹੋਈ, ਜਿਸ ਦੇ ਕਾਰਨ ਫੀਸ ਸੈਂਟਰ 'ਤੇ ਹੀ ਅਦਾ ਹੋਵੇਗੀ। ਇਕ ਵਾਰ ਜਾਣਕਾਰੀ ਅਤੇ ਕਾਗਜ਼ਾਤ ਅਪਲੋਡ ਕਰਨ ਦੇ ਬਾਅਦ ਲੋਕ ਆਪਣੀ ਸੁਵਿਧਾ ਅਨੁਸਾਰ ਟੈਸਟ ਦੇਣ ਦੇ ਟਾਈਮ ਦੀ ਚੋਣ ਕਰ ਸਕਣਗੇ। ਸੈਂਟਰ 'ਤੇ ਅਰਜ਼ੀਕਰਤਾ ਨੂੰ ਉਹ ਅਸਲ ਕਾਗਜ਼ਾਤ ਜ਼ਰੂਰ ਦਿਖਾਉਣਗੇ ਜੋ, ਉਨ੍ਹਾਂ ਨੇ ਆਨਲਾਈਨ ਅਪਲੋਡ ਕੀਤੇ ਸਨ।
ਅਰਜ਼ੀਕਰਤਾ ਨੂੰ ਹੋ ਰਹੀ ਸੀ ਪ੍ਰੇਸ਼ਾਨੀ
ਸੂਚਨਾ-ਕ੍ਰਾਂਤੀ ਦੇ ਇਸ ਯੁੱਗ 'ਚ ਵੀ ਟਰਾਂਸਪੋਰਟ ਵਿਭਾਗ ਪੁਰਾਣੇ ਤਰੀਕੇ ਨਾਲ ਪ੍ਰਯੋਗ 'ਚ ਲਿਆ ਰਿਹਾ ਸੀ, ਜਦਕਿ ਪਬਲਿਕ ਸੇਵਾਵਾਂ ਦੇਣ ਵਾਲੇ ਹੋਰ ਵਿਭਾਗ ਕਾਫੀ ਅੱਗੇ ਨਿਕਲ ਗਏ ਹਨ। ਪਹਿਲਾਂ ਅਰਜ਼ੀਕਰਤਾ ਨੂੰ ਫਾਰਮ ਖਰੀਦ ਕੇ ਉਸ ਨੂੰ ਭਰਦੇ ਹੋਏ ਕਿਸੇ ਡਾਕਟਰ ਤੋਂ ਮੈਡੀਕਲ ਕਰਵਾਉਣਾ ਪੈਂਦਾ ਹੈ, ਉਸ ਦੇ ਬਾਅਦ ਡਰਾਈਵਿੰਗ ਟੈਸਟ ਸੈਂਟਰ ਜਾ ਕੇ ਟੋਕਨ ਲੈਣ ਤੋਂ ਲੈ ਕੇ ਫੀਸ ਜਮ੍ਹਾ ਕਰਵਾਉਣ ਦੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ, ਜਿਸ ਦੇ ਕਾਰਨ ਅਰਜ਼ੀਕਰਤਾ ਦੇ ਚਾਰ ਤੋਂ ਛੇ ਘੰਟੇ ਤੱਕ ਦਾ ਸਮਾਂ ਬਰਬਾਦ ਹੋ ਰਿਹਾ ਸੀ। ਸਮਾਂ ਬਚਾਉਣ ਦੀ ਖਾਤਿਰ ਲੋਕ ਏਜੰਟਾਂ ਦੀ ਚੁੰਗਲ 'ਚ ਫਸ ਜਾਂਦੇ ਹਨ।


Related News