ਐੱਸ. ਐੱਸ. ਪੀ. ਤੇ ਵਕੀਲਾਂ ''ਚ ਖੜਕੀ : ਵਕੀਲ 25 ਨੂੰ ਦੇਣਗੇ ਧਰਨਾ, ਐੱਸ. ਐੱਸ. ਪੀ. ਨੂੰ ਬਦਲਣ ਦੀ ਮੰਗ ਉੱਠੀ

09/23/2017 10:13:36 AM

ਬਠਿੰਡਾ (ਬਲਵਿੰਦਰ)- ਵਕੀਲ ਲੱਕੀ ਜਿੰਦਲ ਤੇ ਏ. ਐੱਸ. ਆਈ. ਦਰਸ਼ਨ ਸਿੰਘ ਦਾ ਵਿਵਾਦ ਹੁਣ ਬਾਰ ਐਸੋਸੀਏਸ਼ਨ ਅਤੇ ਐੱਸ. ਐੱਸ. ਪੀ. ਨਵੀਨ ਸਿੰਗਲਾ ਦੀ ਲੜਾਈ ਬਣ ਗਈ ਹੈ। ਜਿਸਦੇ ਚਲਦਿਆਂ ਵਕੀਲਾਂ ਨੇ ਐੱਸ. ਐੱਸ. ਪੀ. ਦੀ ਬਦਲੀ ਦੀ ਮੰਗ ਕਰਦਿਆਂ 25 ਸਤੰਬਰ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਵਕੀਲ ਲੱਕੀ ਜਿੰਦਲ ਕਿਸੇ ਕੰਮ ਸਦਕਾ ਮਹਿਲਾ ਥਾਣੇ 'ਚ ਗਏ ਸਨ, ਜਿਥੇ ਉਨ੍ਹਾਂ ਦਾ ਏ. ਐੱਸ. ਆਈ. ਦਰਸ਼ਨ ਸਿੰਘ ਨਾਲ ਝਗੜਾ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬਾਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਦੋਂਕਿ ਹੜਤਾਲ ਕਰਕੇ ਅਦਾਲਤ ਦਾ ਕੰਮ ਵੀ ਠੱਪ ਕਰ ਦਿੱਤਾ ਗਿਆ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਬਾਰ ਦੇ ਅਹੁਦੇਦਾਰਾਂ ਅਤੇ ਪੁਲਸ ਅਧਿਕਾਰੀਆਂ ਨੇ ਗੱਲਬਾਤ ਕਰਕੇ ਸੁਲ੍ਹਾ ਦਾ ਰਸਤਾ ਕੱਢਿਆ। ਏ. ਐੱਸ. ਆਈ. ਸਣੇ ਕੁਝ ਵੱਡੇ ਅਧਿਕਾਰੀ ਬਾਰ ਵਿਖੇ ਵਕੀਲਾਂ ਦੀ ਮੀਟਿੰਗ ਵਿਚ ਸ਼ਾਮਲ ਹੋਏ। ਜਿਥੇ ਦੋਵੇਂ ਧਿਰਾਂ ਵਿਚਕਾਰ ਸੁਲ੍ਹਾ ਹੋ ਗਈ।
ਹੁਣ ਵਕੀਲਾਂ ਦਾ ਕਹਿਣਾ ਸੀ ਕਿ ਏ. ਐੱਸ. ਆਈ. ਨੇ ਵਕੀਲਾਂ ਤੋਂ ਬਾਰ ਵਿਚ ਆ ਕੇ ਮੁਆਫੀ ਮੰਗੀ, ਜਿਸ ਤੋਂ ਬਾਅਦ ਮਾਮਲਾ ਖਤਮ ਹੋ ਗਿਆ। ਜਦੋਂਕਿ ਐੱਸ. ਐੱਸ. ਪੀ. ਨਵੀਲ ਸਿੰਗਲਾ ਦਾ ਬਿਆਨ ਆਇਆ ਕਿ ਦੋਵੇਂ ਧਿਰਾਂ ਵਿਚਕਾਰ ਸੁਲ੍ਹਾ ਹੋਈ ਹੈ ਪਰ ਵਕੀਲ ਪੁਲਸ ਨੂੰ ਨੀਚਾ ਦਿਖਾਉਣ ਖਾਤਰ ਇਸ ਨੂੰ ਮੁਆਫੀ ਮੰਗਣ ਲਈ ਕਹਿ ਰਹੇ ਹਨ, ਜੋ ਕਿ ਗਲਤ ਹੈ। ਇਸ ਤਰ੍ਹਾਂ ਪੂਰੀ ਪੁਲਸ ਫੋਰਸ ਦੇ ਮਨੋਬਲ ਨੂੰ ਠੇਸ ਪਹੁੰਚਦੀ ਹੈ।

ਕੀ ਕਹਿੰਦੇ ਹਨ ਬਾਰ ਦੇ ਪ੍ਰਧਾਨ
ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ ਨੇ ਅੱਜ ਇਥੇ ਬਿਆਨ ਜਾਰੀ ਕੀਤਾ ਕਿ ਐੱਸ. ਐੱਸ. ਪੀ. ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐੱਸ. ਐੱਸ. ਪੀ. ਦਾ ਬਿਆਨ ਨਿੰਦਣਯੋਗ ਹੈ। ੍ਰਉਨ੍ਹਾਂ ਕਿਹਾ ਕਿ ਬਾਰ ਨੇ ਬਿਆਨ ਦਿੱਤਾ ਸੀ ਕਿ ਏ. ਐੱਸ. ਆਈ. ਨੇ ਦੁਰਵਿਵਹਾਰ ਲਈ ਵਕੀਲਾਂ ਤੋਂ ਮੁਆਫੀ ਮੰਗੀ, ਜੋ ਕਿ ਪੂਰਨ ਸੱਚ ਹੈ। ਫਿਰ ਐੱਸ. ਐੱਸ. ਪੀ. ਇਸ ਤੋਂ ਮੁੱਕਰ ਕਿਉਂ ਰਹੇ ਹਨ। ਜੇਕਰ 24 ਸਤੰਬਰ ਤੱਕ ਉਨ੍ਹਾਂ ਆਪਣਾ ਬਿਆਨ ਵਾਪਸ ਨਾ ਲਿਆ ਤਾਂ ਉਹ 25 ਸਤੰਬਰ ਨੂੰ ਐੱਸ. ਐੱਸ. ਪੀ. ਬਠਿੰਡਾ ਦੇ ਗੇਟ ਸਾਹਮਣੇ ਧਰਨਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਉਕਤ ਦੇ ਤਬਾਦਲੇ ਖਾਤਰ ਡੀ. ਜੀ. ਪੀ. ਪੰਜਾਬ ਨੂੰ ਵੀ ਸ਼ਿਕਾਇਤ ਲਿਖੀ ਗਈ ਹੈ।


Related News