ਲਾਰੈਂਸ ਗੈਂਗ ਦੇ ਦੋ ਗੈਂਗਸਟਰ ਵਿਦੇਸ਼ੀ ਹਥਿਆਰਾਂ ਸਣੇ ਗ੍ਰਿਫ਼ਤਾਰ

Monday, Feb 24, 2025 - 03:15 PM (IST)

ਲਾਰੈਂਸ ਗੈਂਗ ਦੇ ਦੋ ਗੈਂਗਸਟਰ ਵਿਦੇਸ਼ੀ ਹਥਿਆਰਾਂ ਸਣੇ ਗ੍ਰਿਫ਼ਤਾਰ

ਸ਼੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਦੋਵਾਂ ਦੇ ਕਬਜ਼ਿਆਂ 'ਚੋਂ ਤਿੰਨ ਵਿਦੇਸ਼ੀ ਪਿਸਤੌਲ, 20 ਜਿੰਦਾ ਕਾਰਤੂਸ, ਦੋ ਮੈਗਜ਼ੀਨ ਅਤੇ ਇਕ ਮੋਬਾਈਲ ਬਰਾਮਦ ਕੀਤਾ ਗਿਆ ਹੈ। ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਸਥਾਨਕ ਫ਼ਿਰੋਜ਼ਪੁਰ ਰੋਡ ’ਤੇ ਪੁਲਸ ਟੀਮ ਵਲੋਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਤਲਾਸ਼ੀ ਵਿਚ ਇਕ ਨੌਜਵਾਨ ਕੋਲੋਂ ਇਕ ਪਿਸਤੌਲ ਅਤੇ 10 ਕਾਰਤੂਸ ਮਿਲੇ, ਜਦਕਿ ਦੂਜੇ ਨੌਜਵਾਨ ਦੇ ਬੈਗ ਵਿਚੋਂ ਦੋ ਪਿਸਤੌਲ, 10 ਕਾਰਤੂਸ ਅਤੇ ਇਕ ਮੋਬਾਈਲ ਬਰਾਮਦ ਹੋਇਆ। ਪੁਲਸ ਨੂੰ ਬਰਾਮਦ ਹਥਿਆਰਾਂ ਵਿਚ ਆਸਟਰੀਆ ਬਣੀ ਗਲੋਕ 9mm ਅਤੇ ਚੀਨ ਦੀ PX5 ਸਟੋਰਮ ਅਤੇ PX3 ਮਾਡਲ ਦੀ ਪਿਸਤੌਲ ਸ਼ਾਮਲ ਹੈ। ਉੱਥੇ ਹੀ ਦੋ ਮੈਗਜ਼ੀਨ ਵੀ ਬਰਾਮਦ ਹੋਈਆਂ ਹਨ।

ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਗਲੀ ਨੰਬਰ 9 ਦੇ ਰਹਿਣ ਵਾਲੇ ਅਵਤਾਰ ਸਿੰਘ ਉਰਫ਼ ਲੱਬਾ (21) ਪੁੱਤਰ ਜੰਡ ਸਿੰਘ ਅਤੇ ਗਾਂਧੀ ਨਗਰ ਗਲੀ ਨੰਬਰ 2 ਦੇ ਰਹਿਣ ਵਾਲੇ ਰਵੀ ਕੁਮਾਰ (25) ਪੁੱਤਰ ਨੱਥੂ ਰਾਮ ਵਜੋਂ ਹੋਈ ਹੈ। ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਪੁਲਸ ਨੇ ਦੋਵਾਂ ਖ਼ਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀ ਅਵਤਾਰ ਸਿੰਘ ਵਿਰੁੱਧ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਅਤੇ ਕੁੱਟਮਾਰ ਦੇ ਦੋ ਕੇਸ ਦਰਜ ਹਨ। ਪੁਲਸ ਵਲੋਂ ਕੋਰਟ ਤੋਂ ਰਿਮਾਂਡ ਪ੍ਰਾਪਤ ਕਰ ਅੱਗੇ ਦੀ ਜਾਂਚ ਜਾਰੀ ਹੈ।


author

Gurminder Singh

Content Editor

Related News