ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾ ਰਿਹਾ ਪੰਜਾਬ
Tuesday, Jun 14, 2022 - 11:50 PM (IST)
ਚੰਡੀਗੜ੍ਹ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੁੱਛਗਿੱਛ ਕਰਨ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਸ ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਪੰਜਾਬ ਲਿਆ ਰਹੀ ਹੈ। ਬਿਸ਼ਨੋਈ ਦੀ ਸੁਰੱਖਿਆ ਲਈ ਪੰਜਾਬ ਪੁਲਸ ਦੇ 50 ਦੇ ਕਰੀਬ ਮੁਲਾਜ਼ਮ ਤੇ ਦੋ ਬੁਲਟ ਪਰੂਫ਼ ਗੱਡੀਆਂ ਹਨ। ਇਸ ਦੌਰਾਨ ਸਾਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਇਸ ਤੋਂ ਅੱਜ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਰਤਨ ਸਿੱਧੂ ਨੇ ਦਿੱਲੀ ਦੀ ਅਦਾਲਤ ’ਚ ਅਰਜ਼ੀ ਦੇ ਕੇ ਪੁੱਛ-ਪੜਤਾਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਸੀ। ਇਸ ’ਤੇ ਬਿਸ਼ਨੋਈ ਦੇ ਵਕੀਲ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਪੰਜਾਬ ਪੁਲਸ ਉਸ ਦਾ ਝੂਠਾ ਪੁਲਸ ਮੁਕਾਬਲਾ ਕਰ ਸਕਦੀ ਹੈ। ਪੰਜਾਬ ਪੁਲਸ ਨੇ ਸਾਰੇ ਖ਼ਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ’ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਪੁਲਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ, ਲਿਆਂਦਾ ਜਾ ਰਿਹੈ ਪੰਜਾਬ
ਇਸ ਮਗਰੋਂ ਪਟਿਆਲਾ ਹਾਊਸ ਅਦਾਲਤ ਨੇ ਪੰਜਾਬ ਪੁਲਸ ਨੂੰ ਲਾਰੈਂਸ ਬਿਸ਼ਨੋਈ ਦਾ ਇਕ ਦਿਨ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ। ਪੰਜਾਬ ਪੁਲਸ ਵੱਲੋਂ ਲਾਰੈਂਸ ਬਿਸ਼ਨੋਈ ਦਾ ਆਰ. ਐੱਮ. ਐੱਲ. ਹਸਪਤਾਲ ’ਚੋਂ ਮੈਡੀਕਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਪੁਲਸ ਉਸ ਨੂੰ ਲੈ ਕੇ ਪੰਜਾਬ ਰਵਾਨਾ ਹੋ ਗਈ। ਪੁਲਸ ਬਿਸ਼ਨੋਈ ਨੂੰ ਲੈ ਕੇ ਸੋਨੀਪਤ ਪਹੁੰਚ ਚੁੱਕੀ ਹੈ। ਉਸ ਨੂੰ ਕੱਲ੍ਹ ਮਾਨਸਾ ਦੀ ਅਦਾਲਤ ’ਚ ਪੇਸ਼ ਕਰ ਕੇ ਪੰਜਾਬ ਪੁਲਸ ਰਿਮਾਂਡ ਲਵੇਗੀ।