ਧੋਖੇ ਨਾਲ ਵਿਆਹ ਕਰਨ ਵਾਲੇ ਵਿਦੇਸ਼ੀ ਲਾੜਿਆਂ ''ਤੇ ਨਕੇਲ ਕੱਸਣ ਲਈ ਬਣੇਗਾ ਕਾਨੂੰਨ

Friday, Jul 26, 2019 - 01:25 PM (IST)

ਧੋਖੇ  ਨਾਲ ਵਿਆਹ ਕਰਨ ਵਾਲੇ ਵਿਦੇਸ਼ੀ ਲਾੜਿਆਂ ''ਤੇ ਨਕੇਲ ਕੱਸਣ ਲਈ ਬਣੇਗਾ ਕਾਨੂੰਨ

ਚੰਡੀਗੜ੍ਹ (ਸ਼ਰਮਾ) : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਲਦ ਹੀ ਇਕ ਅਜਿਹਾ ਕਾਨੂੰਨ ਲੈ ਕੇ ਆਉਣ ਵਾਲੀ ਹੈ, ਜਿਸ ਨਾਲ ਵਿਦੇਸ਼ੀ ਲਾੜਿਆਂ ਵੱਲੋਂ ਭਾਰਤੀ ਲੜਕੀਆਂ ਨਾਲ ਕੀਤੀ ਜਾਂਦੀ ਧੋਖਾਧੜੀ ਨੂੰ ਨੱਥ ਪਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਵਿਦੇਸ਼ੀ ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੀ ਜਾਂਦੀ ਧੋਖਾਧੜੀ ਦੇ ਮਾਮਲੇ ਉੱਤੇ ਲੰਮੀ ਚੌੜੀ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਸਬੰਧੀ ਨੀਤੀ ਤਿਆਰ ਕਰ ਰਹੀ ਹੈ, ਜਿਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇਸ ਨੀਤੀ ਨੂੰ ਲਾਗੂ ਕਰਨ ਲਈ ਕਾਨੂੰਨ 'ਚ ਕਿਸੇ ਕਿਸਮ ਦੀ ਫੇਰਬਦਲ ਕਰਨ ਦੀ ਵੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ।

ਗੁਰਦਾਸਪੁਰ ਦੇ ਐੱਸ. ਡੀ. ਐੱਮ. ਖਿਲਾਫ਼ ਸਖ਼ਤ ਕਾਰਵਾਈ ਲਈ ਸਰਕਾਰ ਨੂੰ ਕੀਤੀ ਜਾਵੇਗੀ ਸਿਫਾਰਿਸ਼
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਪੰਜਾਬ ਰਾਜ 'ਚ ਕੁਝ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਕਮਿਸ਼ਨ ਦੇ ਹੁਕਮਾਂ 'ਤੇ ਧਿਆਨ ਨਹੀਂ ਦਿੰਦੇ ਪਰ ਭਵਿੱਖ 'ਚ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਕ ਅਧਿਕਾਰੀ ਦਾ ਨਾਮ ਦੱਸੇ ਬਿਨਾਂ ਇਹ ਮੰਨਿਆ ਕਿ ਉਕਤ ਅਧਿਕਾਰੀ ਗੁਰਦਾਸਪੁਰ 'ਚ ਐੱਸ. ਡੀ. ਐੱਮ. ਦੇ ਅਹੁਦੇ 'ਤੇ ਤਾਇਨਾਤ ਹੈ। ਉਸ ਦੀ ਪਤਨੀ ਵਲੋਂ ਕਮਿਸ਼ਨ ਦੇ ਸਾਹਮਣੇ ਸ਼ਿਕਾਇਤ 'ਚ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ। ਕਮਿਸ਼ਨ ਵਲੋਂ ਭੇਜੇ ਗਏ ਸੰਮਨ 'ਤੇ ਵੀ ਉਕਤ ਅਧਿਕਾਰੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਇਆ ਸੀ।
 


author

Anuradha

Content Editor

Related News