ਵਿਧਾਨ ਸਭਾ ’ਚ ਗੂੰਜਿਆ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਮੁੱਦਾ, ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ
Friday, Jun 24, 2022 - 08:44 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਮੁੱਦਾ ਗੂੰਜਿਆ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਿਆ। ‘ਆਪ’ ਵਿਧਾਇਕ ਅਮਨ ਅਰੋੜਾ ਦੇ ਸਵਾਲ ਕਿ ਕੀ ਪੰਜਾਬ ਦਾ ਤਿੰਨ ਮਹੀਨਿਆਂ ’ਚ ਵਿਗੜੀ ਕਾਨੂੰਨ-ਵਿਵਸਥਾ ਭਗਵੰਤ ਮਾਨ ਦੀ ਦੇਣ ਹੈ ਤੇ ਇਹ ਉਹ ਕੰਡੇ ਹਨ, ਜੋ ਪਿਛਲੀ ਸਰਕਾਰ ਨੇ ਬੀਜੇ ਹੋਏ ਹਨ ਤੇ ਅਸੀਂ ਸਿਰਫ ਉਨ੍ਹਾਂ ਨੂੰ ਚੁਗ ਰਹੇ ਹਾਂ, ਰਾਜਾ ਵੜਿੰਗ ਨੇ ਕਿਹਾ ਕਿ ਜਿਸ ਚਰਚਿਤ ਕਤਲ ਦੀ ਇਹ ਗੱਲ ਕਰ ਰਹੇ ਹਨ, ਸਾਡੀ ਸਰਕਾਰ ਨੇ ਉਸ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ। ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਸਾਲ ਪਹਿਲਾਂ ਆਈ. ਬੀ. ਤੋਂ ਜਾਣਕਾਰੀ ਆਈ ਸੀ ਕਿ ਉਸ ਨੂੰ ਵੱਡੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਇਕ ਮਹੀਨਾ ਪਹਿਲਾਂ ਸ਼ਾਹਰੁਖ਼ ਨਾਂ ਦੇ ਵਿਅਕਤੀ ਨੂੰ ਦਿੱਲੀ ਪੁਲਸ ਨੇ ਫੜਿਆ। ਦਿੱਲੀ ਪੁਲਸ ਨੇ ਮੌਜੂਦਾ ਡੀ. ਜੀ. ਪੀ. ਨੂੰ ਇਤਲਾਹ ਦਿੱਤੀ ਸੀ ਕਿ ਇਹ ਵਿਅਕਤੀ ਸਿੱਧੂ ਮੂਸੇਵਾਲਾ ਦੀ ਰੇਕੀ ਕਰਕੇ ਆਇਆ ਹੈ ਤੇ ਇਸ ਨੇ ਉਸ ਨੂੰ ਮਾਰਨਾ ਸੀ। ਸ਼ਾਹਰੁਖ਼ ਨੇ ਖੁਲਾਸਾ ਕੀਤਾ ਸੀ ਕਿ ਮੈਂ ਉਥੇ ਤਾਇਨਾਤ ਹਥਿਆਰਬੰਦ ਸੁਰੱਖਿਆ ਗਾਰਡਾਂ ਨੂੰ ਦੇਖ ਵਾਪਸ ਆ ਗਿਆ ਸੀ। ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮੂਸੇਵਾਲਾ ਦੇ 10 ’ਚੋਂ 6 ਸੁਰੱਖਿਆ ਗਾਰਡ ਹਟਾ ਦਿੱਤੇ ਤੇ 4 ਰਹਿ ਗਏ।
ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਬਲਵਿੰਦਰ ਜਟਾਣਾ, ਸਿੱਧੂ ਮੂਸੇਵਾਲਾ ਨੇ ‘SYL’ ਗੀਤ ’ਚ ਕੀਤੈ ਜ਼ਿਕਰ
ਇਸ ਤੋਂ ਬਾਅਦ ਬਿਨਾਂ ਦੇਖੇ 4 ’ਚੋਂ ਵੀ 2 ਸੁਰੱਖਿਆ ਗਾਰਡ ਹਟਾ ਦਿੱਤੇ ਗਏ। ਇਸ ਪਿੱਛੋਂ ਸੁਰੱਖਿਆ ਨਾਲ ਸਬੰਧਿਤ ਸੀਕ੍ਰੇਟ ਡਾਕੂਮੈਂਟ ਆਪਣੀ ਫੇਸਬੁੱਕ ਪੋਸਟ ’ਤੇ ਪਾ ਦਿੱਤਾ ਗਿਆ ਕਿ ਅੱਜ ਇਨ੍ਹਾਂ ਲੋਕਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਸੁਰੱਖਿਆ ਘਟਾਉਣ ਤੋਂ ਅਗਲੇ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਕਤਲ ਪਿੱਛੋਂ ਸਰਕਾਰ ਦਾ ਬਿਆਨ ਆਇਆ ਕਿ ਉਹ ਆਪਣੇ ਸੁਰੱਖਿਆ ਗਾਰਡ ਨਾਲ ਨਹੀਂ ਲੈ ਕੇ ਗਿਆ। ਇਸ ਪਿੱਛੋਂ ਵਿਭਾਗ ਦੀ ਇਕ ਲੜਕੀ ਦੇ ਸਿਰ ਇਹ ਸੀਕ੍ਰੇਟ ਡਾਕੂਮੈਂਟ ਗ਼ਲਤੀ ਨਾਲ ਪੋਸਟ ਹੋਣ ਦੀ ਗੱਲ ਕਹੀ ਗਈ। ਰਾਜਾ ਵੜਿੰਗ ਨੇ ਕਿਹਾ ਕਿ ਜੇ ਸਰਕਾਰ ਚਾਹੁੰਦੀ ਤਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਣੋਂ ਬਚ ਸਕਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਇਸ ਤਰ੍ਹਾਂ ਦਾ ਕੋਈ ਹੱਲਾ ਨਹੀਂ ਹੋਇਆ ਤੇ ਇਸ ਸਰਕਾਰ ਦੇ 90 ਦਿਨਾਂ ’ਚ 70 ਜਾਨਾਂ ਜਾ ਚੁੱਕੀਆਂ ਹਨ। ਇਸ ਲਈ ਅਸੀਂ ਕਾਨੂੰਨ-ਵਿਵਸਥਾ ’ਤੇ ਬਹਿਸ ਕਰਕੇ ਇਕ ਘੰਟੇ ’ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਹਾਂ ਤੇ ਪੰਜਾਬ ਦੀ ਜਨਤਾ ਵੀ ਇਸ ਨੂੰ ਦੇਖੇਗੀ। ਉਨ੍ਹਾਂ ਕਿਹਾ ਕਿ ਖਹਿਰਾ ਨੇ ਠੀਕ ਕਿਹਾ ਕਿ ਅਸੀਂ ਆਪਣੀਆਂ ਗ਼ਲਤੀਆਂ ਕਾਰਨ 18 ਰਹਿ ਗਏ ਹਾਂ। ਕਾਂਗਰਸ ਸਰਕਾਰ ਦੌਰਾਨ ਇਸ ਤਰ੍ਹਾਂ ਦੇ ਦਿਨ ਨਹੀਂ ਦੇਖਣੇ ਪਏ, ਜਿਥੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸੰਸਦ ਮੈਂਬਰ ਨੇ ਪਰਚਾ ਦਰਜ ਕਰਵਾਇਆ, ਸਰਪੰਚਾਂ ਤੇ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਖਾਂ ਰੁਪਏ ਫਿਰੌਤੀ ਲਈ ਕਾਲ ਆ ਰਹੇ ਹਨ ਤੇ ਉਨ੍ਹਾਂ ਨੂੰ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਗੈਂਗਸਟਰ ਕਾਂਗਰਸ ਦੀ ਦੇਣ ਹਨ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਉਨ੍ਹਾਂ ਨੂੰ ਖ਼ਤਮ ਕਰ ਦਿਓ।
ਇਹ ਵੀ ਪੜ੍ਹੋ : ਪਿਛਲੀਆਂ ਸਰਕਾਰਾਂ ਵੱਲੋਂ ਖ਼ਜ਼ਾਨੇ ਦੀ ਦੁਰਵਰਤੋਂ 'ਤੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ