ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਲਈ 5 ਲੱਖ ਦੀ ਮੁਫ਼ਤ ਇਲਾਜ ਸਕੀਮ ਸ਼ੁਰੂ

Monday, Jul 20, 2020 - 03:54 PM (IST)

ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਲਈ 5 ਲੱਖ ਦੀ ਮੁਫ਼ਤ ਇਲਾਜ ਸਕੀਮ ਸ਼ੁਰੂ

ਜਲੰਧਰ(ਚੋਪੜਾ) - ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ‘ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਘਣਸ਼ਾਮ ਥੋਰੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਜੋ ਕਿਸਾਨ 1 ਜਨਵਰੀ 2020 ਤੋਂ ਬਾਅਦ ਵੇਚੀ ਫਸਲ ਤੋਂ ਪ੍ਰਾਪਤ ‘ਜੇ ਫਾਰਮ’ ਧਾਰਕ ਜਾਂ 1 ਨਵੰਬਰ 2019 ਤੋਂ 31 ਮਾਰਚ 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਹਨ, ਉਹ ਲਾਭ ਉਠਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਵਲੋਂ ਸਵੈ ਘੋਸ਼ਣਾ ਪੱਤਰ ਸਬੰਧਿਤ ਮਾਰਕੀਟ ਕਮੇਟੀ ਦਫ਼ਤਰ/ਆੜ੍ਹਤੀਆ ਫਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਵੈ ਘੋਸ਼ਣਾ ਅਤੇ ਲੋੜੀਂਦੇ ਦਸਤਾਵੇਜ਼ ਸਬੰਧਿਤ ਮਾਰਕੀਟ ਕਮੇਟੀ ਦਫ਼ਤਰ/ਆੜ੍ਹਤੀਆ ਫਰਮ ਵਿਖੇ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਇਕ ਪਰਿਵਾਰ ਵਿੱਚ ਘਰ ਦਾ ਮੁੱਖੀ, ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ਦਾ ਧੀ ਅਤੇ ਉਸ ਦੇ ਨਾਬਾਲਿਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਿਗ ਬੱਚੇ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਦਰਖਾਸਤ ਦੇਣ ਦੀ ਆਖਰੀ ਮਿਤੀ 24 ਜੁਲਾਈ 2020 ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਟੋਲ ਫਰੀ ਨੰਬਰ 104 ਤੋਂ ਲਈ ਜਾ ਸਕਦੀ ਹੈ ਜਾਂ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਦੇਖੀ ਜਾ ਸਕਦੀ ਹੈ।


author

Harinder Kaur

Content Editor

Related News