ਕਿਸਾਨਾਂ ਨੇ ਫੂਕਿਆ ਮੁੱਖ ਮੰਤਰੀ ਖੱਟਰ ਦਾ ਪੁਤਲਾ, ਹਰਿਆਣਾ ’ਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦਾ ਕੀਤਾ ਵਿਰੋਧ
Tuesday, May 18, 2021 - 12:03 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਹਰਿਆਣਾ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦਾ ਵਿਰੋਧ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁੰਨਾਂ ਵੱਲੋਂ ਬਿਆਸ ਦਰਿਆ ਪੁਲ ਨਜ਼ਦੀਕ ਰੋਸ ਵਿਖਾਵਾ ਕੀਤਾ | ਇਸ ਮੌਕੇ ਮੰਡ ਇਲਾਕੇ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਕਿਸਾਨਾਂ ਅਤੇ ਕਿਰਤੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਅਤੇ ਸਕੱਤਰ ਕਸ਼ਮੀਰ ਸਿੰਘ ਫੱਤਾਕੁੱਲਾ ਦੀ ਅਗਵਾਈ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਰੜਾ ਮੰਡ, ਟਾਹਲੀ, ਫੱਤਾਕੁੱਲਾ, ਗੰਦੁਵਾਲ ਆਦਿ ਪਿੰਡਾਂ ਨਾਲ ਸੰਬੰਧਿਤ ਕਿਸਾਨਾਂ ਨੇ ਖੱਟਰ ਦਾ ਪੁਤਲਾ ਫੂਕਦੇ ਹੋਏ ਭਾਜਪਾ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਉਕਤ ਆਗੂਆਂ ਨੇ ਆਖਿਆ ਕਿ ਖ਼ੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਨਦਾਤਿਆ ਦੇ ਸੰਘਰਸ਼ ਨੂੰ ਜ਼ਬਰ ਨਾਲ ਦਬਾਉਣ ਦੇ ਮੋਦੀ ਅਤੇ ਭਾਜਪਾ ਸਰਕਾਰਾਂ ਦੇ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ | ਕਿਸਾਨ ਇੱਕਜੁੱਟ ਹੋਕੇ ਜਬਰ ਦਾ ਵਿਰੋਧ ਕਰਨਗੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰਾਂ ਨੂੰ ਆਉਣਗੇ | ਇਸ ਮੌਕੇ ਕੁਲਦੀਪ ਸਿੰਘ ਰੜਾ,ਗੁਰਜੀਤ ਸਿੰਘ ਵਲਟੋਹਾ,ਮੋਤਾ ਸਿੰਘ, ਰਾਜਾ ਟਾਹਲੀ,ਬਲਜੀਤ ਸਿੰਘ, ਹਰਬੰਸ ਸਿੰਘ, ਗੁਰਸੇਵਕ ਸਿੰਘ, ਤਰਸੇਮ ਸਿੰਘ, ਤਰਲੋਕ ਸਿੰਘ, ਜਗੀਰ ਸਿੰਘ ਆਦਿ ਮੌਜੂਦ ਸਨ |