ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
Thursday, Jun 01, 2023 - 06:39 PM (IST)
ਜਲੰਧਰ (ਜ. ਬ.)–ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਹੋਏ ਬਦਲਾਅ ਨੇ ਜਲੰਧਰ ਦੇ ਤਾਪਮਾਨ ਵਿਚ 8 ਡਿਗਰੀ ਤਾਪਮਾਨ ਦੀ ਗਿਰਾਵਟ ਕੀਤੀ ਹੈ। ਮੰਗਲਵਾਰ ਦੇਰ ਰਾਤ ਨੂੰ ਚੱਲੀਆਂ ਤੇਜ਼ ਹਵਾਵਾਂ ਅਤੇ ਬਰਸਾਤ ਕਾਰਨ ਮੌਸਮ ਠੰਡਾ ਹੋ ਗਿਆ ਅਤੇ ਅਗਲੇ ਦਿਨ ਬੁੱਧਵਾਰ ਨੂੰ ਸਾਰਾ ਦਿਨ ਹਲਕੀ ਅਤੇ ਤੇਜ਼ ਬਰਸਾਤ ਹੁੰਦੀ ਰਹੀ। 3 ਦਿਨ ਤੋਂ ਮੌਸਮ ਦੇ ਬਦਲਾਅ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ ਦਿਨੀਂ ਹੋਈ ਬਰਸਾਤ 14.5 ਐੱਮ. ਐੱਮ. ਦੇ ਲਗਭਗ ਨੋਟ ਕੀਤੀ ਗਈ। ਜੂਨ ਮਹੀਨੇ ਦੀ ਸ਼ੁਰੂਆਤ ਗਰਮੀ ਨਾਲ ਨਹੀਂ ਹੋਣ ਵਾਲੀ ਪਰ ਅਗਲੇ 3 ਦਿਨ ਮੌਸਮ ਗਰਮ ਹੋਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ- ਨਵੇਂ ਬਣੇ ਮੰਤਰੀ ਬਲਕਾਰ ਸਿੰਘ ਨਾਲ ਖ਼ਾਸ ਗੱਲਬਾਤ, ਕਿਹਾ- ਸ਼ਹਿਰਾਂ ਦੇ ਵਿਕਾਸ ਤੇ ਪਾਰਦਰਸ਼ੀ ਪ੍ਰਸ਼ਾਸਨ ’ਤੇ ਰਹੇਗਾ ਫੋਕਸ
33 ਤੋਂ 25.7 ਡਿਗਰੀ ’ਤੇ ਪਹੁੰਚਿਆ ਤਾਪਮਾਨ
2 ਦਿਨ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਬਰਸਾਤ ਨੇ ਜਲੰਧਰ ਦੇ 33 ਡਿਗਰੀ ਤਾਪਮਾਨ ਨੂੰ ਘਟਾ ਕੇ 25.7 ਡਿਗਰੀ ਦੇ ਲਗਭਗ ਕਰ ਦਿੱਤਾ ਹੈ। ਘੱਟੋ-ਘੱਟ ਤਾਪਮਾਨ 19.6 ਡਿਗਰੀ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੂਰੇ ਪੰਜਾਬ ਵਿਚ ਕਾਫ਼ੀ ਬਰਸਾਤ ਹੋਈ ਹੈ। ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ। ਮੌਸਮ ਇਕਦਮ ਬਦਲ ਰਿਹਾ ਹੈ। ਜਿੱਥੇ ਅਜੇ 3 ਦਿਨ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ, ਉਥੇ ਹੀ ਕੁਝ ਨਹੀਂ ਪਤਾ ਕਿ ਮੌਸਮ ਕਦੋਂ ਵਿਗੜ ਜਾਵੇ।
ਮਈ ਮਹੀਨੇ ਦੇ ਅਖ਼ਰੀਲੇ ਦਿਨਾਂ 'ਚ ਮੌਸਮ ਨੇ ਗਰਮੀ ਦੌਰਾਨ ਕਰਵਾਇਆ ਸਰਦੀ ਦਾ ਅਹਿਸਾਸ
ਮਈ ਮਹੀਨੇ ਦੇ ਅਖ਼ੀਰਲੇ ਦਿਨ ਮੌਸਮ ਨੇ ਗਰਮੀ ’ਚ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ। ਬੀਤੀ ਰਾਤ ਤੋਂ ਬਿਜਲੀ ਦੀ ਗੜਗੜਾਹਟ, ਤੇਜ਼ ਹਵਾਵਾਂ ਅਤੇ ਮੀਂਹ ਨੇ ਮੌਸਮ ਨੂੰ ਇਕਦਮ ਬਦਲ ਕੇ ਰੱਖ ਦਿੱਤਾ। ਇਹ ਸਿਲਸਿਲਾ ਦਿਨ ਭਰ ਚੱਲਦਾ ਰਿਹਾ। ਰੁਕ-ਰੁਕ ਕੇ ਬੂੰਦਾ-ਬਾਂਦੀ ਨੇ ਮੌਸਮ ਨੂੰ ਖ਼ੁਸ਼ਗਵਾਰ ਬਣਾਈ ਰੱਖਿਆ। ਮਈ ਮਹੀਨੇ ’ਚ 31 ਮਈ ਸਭ ਤੋਂ ਠੰਡਾ ਦਿਨ ਹੋ ਗੁਜ਼ਰਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਵੀ ਸੂਬੇ ਭਰ ’ਚ ਗਰਜ਼-ਚਮਕ ਨਾਲ ਮੀਂਹ ਦੇ ਛਿੱਟੇ, ਬੱਦਲਾਂ ਦੀ ਗੜਗੜਾਹਟ ਅਤੇ ਤੇਜ਼ ਹਵਾਵਾਂ ਚੱਲਣ ਦੀ ਪੂਰੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ।
ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani