ਲਸ਼ਕਰ-ਏ-ਤੋਇਬਾ ਵੱਲੋਂ ਸ੍ਰੀ ਮਹਾਕਾਲੀ ਮੰਦਰ ਨੂੰ ਉਡਾਉਣ ਦੀ ਧਮਕੀ
Thursday, Feb 01, 2018 - 07:31 AM (IST)

ਪਟਿਆਲਾ (ਰਾਜੇਸ਼) - ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦਫ਼ਤਰ ਵਿਚ ਅੱਜ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਨਾਂ ਇਕ ਧਮਕੀ ਪੱਤਰ ਮਿਲਣ ਦੀ ਖਬਰ ਹੈ। ਇਸ ਸਬੰਧੀ ਸੰਮਤੀ ਦੇ ਮੀਤ ਪ੍ਰਧਾਨ ਰਾਜੇਸ਼ ਕੇਹਰ ਨੇ ਦੱਸਿਆ ਕਿ ਪੱਤਰ ਵਿਚ ਲਸ਼ਕਰ-ਏ-ਤੋਇਬਾ ਨੇ ਪਟਿਆਲਾ ਤੇ ਹਰਿਆਣਾ ਦੇ ਮੁੱਖ ਰੇਲਵੇ ਸਟੇਸ਼ਨਾਂ, ਮੰਦਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੱਤਰ ਵਿਚ 13 ਫਰਵਰੀ ਨੂੰ ਮਹਾਸ਼ਿਵਰਾਤਰੀ ਵਾਲੇ ਦਿਨ ਸ੍ਰੀ ਮਹਾਕਾਲੀ ਮੰਦਰ ਪਟਿਆਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਹੈ। ਕੇਹਰ ਨੇ ਦੱਸਿਆ ਕਿ ਧਮਕੀ ਪੱਤਰ ਬਾਰੇ ਸ਼ਿਕਾਇਤ ਥਾਣਾ ਕੋਤਵਾਲੀ ਵਿਚ ਦੇ ਦਿੱਤੀ ਗਈ ਹੈ ਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਮੌਕੇ ਸੰਮਤੀ ਮੀਤ ਪ੍ਰਧਾਨ ਰਾਜੇਸ਼ ਕੇਹਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਈ ਪੱਤਰ ਪਹਿਲਾਂ ਵੀ ਸੰਮਤੀ ਦਫ਼ਤਰ ਵਿਚ ਆ ਚੁੱਕੇ ਹਨ ਪਰ ਹੁਣ ਤੱਕ ਪੱਤਰ ਲਿਖਣ ਵਾਲਿਆਂ ਦਾ ਕੋਈ ਸੁਰਾਗ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਸੰਮਤੀ ਅੱਤਵਾਦੀਆਂ ਦੀਆਂ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ ਜੇਕਰ ਅੱਤਵਾਦੀਆਂ ਨੇ ਹਿੰਦੂ ਸਮਾਜ ਦੇ ਕਿਸੇ ਵੀ ਧਾਰਮਿਕ ਅਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਮਤੀ ਇਸ ਦਾ ਮੂੰਹ ਤੋੜ ਜਵਾਬ ਦੇਵੇਗੀ। ਇਸ ਮੌਕੇ ਸੰਮਤੀ ਆਗੂਆਂ ਨੇ ਮਹਾਸ਼ਿਵਰਾਤਰੀ ਸ਼ੋਭਾ ਯਾਤਰਾ ਤਹਿਤ ਮਿਲੀ ਧਮਕੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ੋਭਾ ਯਾਤਰਾ ਵਿਚ ਸ਼ਾਮਲ ਭਗਤਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਸ ਮੌਕੇ ਸੰਮਤੀ ਆਗੂ ਰਾਜੇਸ਼ ਕੇਹਰ, ਭੁਪਿੰਦਰ ਦੀਕਸ਼ਤ, ਵਿੰਤੀ ਗਿਰੀ, ਮੈਦਾਨ ਗਿਰੀ, ਨੀਰਜ ਚੋਪੜਾ, ਸਵਤੰਤਰ ਰਾਜ ਪਾਸੀ ਹਾਜ਼ਰ ਸਨ।