ਜ਼ਮੀਨੀ ਵਿਵਾਦ ਕਾਰਨ ਸ਼ੇਖਮਾਂਗਾ ’ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਮੋਟਰਸਾਈਕਲਾਂ ਨੂੰ ਲਗਾਈ ਅੱਗ
Tuesday, May 03, 2022 - 11:57 AM (IST)
ਸੁਲਤਾਨਪੁਰ ਲੋਧੀ (ਸੋਢੀ) : ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਮੰਡ ਖੇਤਰ ਦੇ ਪਿੰਡ ਸ਼ੇਖਮਾਂਗਾ ਨੇੜੇ ਜ਼ਮੀਨ ਦੇ ਚੱਲਦੇ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਇਕ ਧਿਰ ਵੱਲੋਂ ਗੋਲੀਆਂ ਚਲਾਉਣ ਤੇ ਅੱਗ ਲਗਾ ਕੇ 2 ਮੋਟਰਸਾਈਕਲ ਸਾੜ ਦੇਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ 8-9 ਦਿਨ ਪਹਿਲਾਂ ਥਾਣਾ ਕਬੀਰਪੁਰ ਵਿਖੇ ਸੰਤੋਖ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਸ਼ਾਹਵਾਲਾ ਅੰਦਰੀਸਾਂ ਨੇ ਕੇਸ ਦਰਜ ਕਰਵਾਇਆ ਸੀ ਕਿ ਪਿੰਡ ਸ਼ੇਖਮਾਂਗਾ ਦੇ ਨਿਵਾਸੀ ਬਲਬੀਰ ਸਿੰਘ ਵਗੈਰਾ ਉਸਦੀ ਬੀਜੀ 7-8 ਏਕੜ ਮੱਕੀ ਦੀ ਫਸਲ, ਟਮਾਟਰ ਤੇ ਹੋਰ ਸਬਜ਼ੀਆਂ ਵਾਹ ਗਏ ਹਨ ਤੇ ਖੇਤੀਬਾੜੀ ਦੇ ਸੰਦ ਵੀ ਚੋਰੀ ਕਰਕੇ ਲੈ ਗਏ ਸਨ। ਪੁਲਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਕੇਸ ’ਚ ਸ਼ਾਮਲ ਸਾਰੇ ਵਿਅਕਤੀ ਫਰਾਰ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤਿੰਨ ਪੁੱਤਾਂ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ ਕਰਨ ਵਾਲੀ ਹੈ ਅਬੋਹਰ ਦੀ ਘਟਨਾ
ਹੋਰ ਜਾਣਕਾਰੀ ਅਨੁਸਾਰ ਇਸੇ ਕੇਸ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਬਾਹਰੋਂ ਬੰਦੇ ਭੇਜ ਕੇ ਪਿੰਡ ਸ਼ੇਖਮਾਂਗਾ ਨੇੜੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਅੰਨੇਵਾਹ ਗੋਲੀਬਾਰੀ ਹੋਣ ਤੇ ਮੋਟਰਸਾਈਕਲ ਸਾੜਨ ਦੇ ਵਾਪਰੇ ਕਾਂਡ ਕਾਰਨ ਇਲਾਕੇ ਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਹੈ। ਉਧਰ, ਘਟਨਾ ਦੀ ਖਬਰ ਮਿਲਦੇ ਹੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਰਾਜੇਸ਼ ਕੱਕੜ ਵੀ ਮੌਕੇ ’ਤੇ ਪੁੱਜੇ ਤੇ ਜਾਂਚ ਆਰੰਭ ਕੀਤੀ।
ਇਹ ਵੀ ਪੜ੍ਹੋ : ਮਾਂ ਨੇ ਪਹਿਲਾਂ ਢਾਈ ਸਾਲਾ ਧੀ ਨੂੰ ਦਿੱਤਾ ਜ਼ਹਿਰ, ਫਿਰ ਆਪ ਕੀਤੀ ਖ਼ੁਦਕੁਸ਼ੀ
ਥਾਣਾ ਕਬੀਰਪੁਰ ਦੇ ਮੁਖੀ ਜਸਪਾਲ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਗੋਲੀਆਂ ਚੱਲਣ ਤੇ 2 ਮੋਟਰਸਾਈਕਲ ਸਾੜੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਸਿਰਫ ਇੰਨਾ ਹੀ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਜਿਵੇਂ ਹੀ ਬਿਆਨ ਦਰਜ ਕਰਵਾਏ ਜਾਣਗੇ। ਕੇਸ ਦਰਜ ਕਰ ਕੇ ਸਾਰੇ ਮੁਲਜ਼ਮ ਗ੍ਰਿਫਤਾਰ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਹਾਲੇ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਕਿ ਗੋਲੀਆਂ ਚਲਾਉਣ ਵਾਲੇ ਕੌਣ ਸਨ।
ਇਹ ਵੀ ਪੜ੍ਹੋ : ਨੌਜਵਾਨ ਨੇ ਨੈਸ਼ਨਲ ਹਾਈਵੇ ’ਤੇ ਬਣੇ ਪੁਲ਼ ਤੋਂ ਲਿਆ ਫਾਹਾ, ਦੇਖਣ ਵਾਲਿਆਂ ਦੇ ਕੰਬੇ ਦਿਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?