ਮਹਿੰਗੇ ਭਾਅ ''ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ''ਤੇ ਨਾਇਬ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
Thursday, Aug 11, 2022 - 06:40 PM (IST)
ਰੂਪਨਗਰ (ਵਿਜੇ)-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਇਨਾਤ ਰਘਬੀਰ ਸਿੰਘ ਨਾਇਬ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਉਪਰ ਦੋਸ਼ ਹੈ ਕਿ ਉਸ ਨੇ ਕੁਝ ਪ੍ਰਾਈਵੇਟ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਪਿੰਡ ਕਰੂਰਾ, ਜ਼ਿਲ੍ਹਾ ਰੂਪਨਗਰ ਵਿਖੇ 54 ਏਕੜ ਗੈਰ ਮੁਮਕਿਨ ਪਹਾੜ ਦੀ ਸਰਕਾਰ ਨੂੰ ਕੁਲੈਕਟਰ ਰੇਟ ਨਾਲੋਂ ਵੱਧ ਕੀਮਤ ’ਤੇ ਰਜਿਸਟਰੀ ਕਰਵਾਈ ਹੈ। ਇਸ ਤਰ੍ਹਾਂ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ।
ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਹੀ ਥਾਣਾ ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਵਿਖੇ ਮੁਕੱਦਮਾ ਨੰਬਰ 69 ਮਿਤੀ 28-06-2022 ਨੂੰ ਆਈ. ਪੀ. ਸੀ. ਦੀ ਧਾਰਾ 420, 465, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 13 ਤਹਿਤ ਉਕਤ ਨਾਇਬ ਤਹਿਸੀਲਦਾਰ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਦਰਜ ਹੋਇਆ ਸੀ, ਜਿਸ ਦੀ ਤਫ਼ਤੀਸ਼ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਕਰੂਰਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਗੈਰਮੁਮਕਿਨ ਪਹਾਡ਼, ਨਦੀ, ਟਿੱਬਾ, ਚੌਆ, ਚੰਗਰ ਟਿੱਬਾ, ਦਰਾਰ ਆਦਿ ਕਿਸਮ ਦਾ 54 ਏਕੜ ਰਕਬਾ ਕਰੂਰਾ ਪਿੰਡ ਵਾਸੀਆਂ ਦੇ ਨਾਮ ਉਪਰ ਸੀ ਜਿਸ ਨੂੰ ਪੰਜਾਬ ਰਾਜ ਜੰਗਲਾਤ ਕਾਰਪੋਰੇਸ਼ਨ ਐੱਸ. ਏ. ਐੱਸ. ਨਗਰ ਵੱਲੋਂ ਖ਼ਰੀਦੇ ਜਾਣ ਦੀ ਤਜਵੀਜ਼ ਸੀ। ਇਸ ਸਬੰਧੀ ਉਕਤ ਪਿੰਡ ਦੀ ਜ਼ਮੀਨ ਦੀ ਇੰਸਪੈਕਸ਼ਨ ਕਰਨ ਲਈ ਇਕ ਕਮੇਟੀ ਬਣਾਈ ਗਈ ਜਿਸ ’ਚ ਅਮਿਤ ਚੌਹਾਨ ਵਣ ਮੰਡਲ ਅਫਸਰ ਰੂਪਨਗਰ, ਜੁਗਰਾਜ ਸਿੰਘ ਰਿਜ਼ਨਲ ਮੈਨੇਜਰ ਮੋਹਾਲੀ, ਅਮਰਜੀਤ ਸਿੰਘ ਹਲਕਾ ਪਟਵਾਰੀ ਨੁਮਾਇੰਦਾ ਦਫ਼ਤਰ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ, ਜਸਪਾਲ ਸਿੰਘ ਰੇਂਜ਼ ਅਫਸਰ ਬਲਾਕ ਨੂਰਪੁਰਬੇਦੀ, ਨਰਿੰਦਰ ਸਿੰਘ ਤੇ ਰਾਜੇਸ਼ ਕੁਮਾਰ ਦੋਵੇਂ ਵਣ ਗਾਰਡ, ਰਾਮਪਾਲ ਸਿੰਘ ਸਰਪੰਚ ਪਿੰਡ ਕਰੂਰਾ ਅਤੇ ਯੁਗੇਸ਼ ਕੁਮਾਰ ਬਤੌਰ ਕਮੇਟੀ ਮੈਂਬਰ ਸ਼ਾਮਲ ਸਨ।
ਬੁਲਾਰੇ ਨੇ ਦੱਸਿਆ ਕਿ ਦੋ ਪ੍ਰਾਈਵੇਟ ਵਿਅਕਤੀਆਂ ਦਲਜੀਤ ਸਿੰਘ ਭਿੰਡਰ ਅਤੇ ਅਮਰਿੰਦਰ ਸਿੰਘ ਭਿੰਡਰ ਵਲੋਂ ਇਕ ਸਾਜ਼ਿਸ ਤਹਿਤ ਮਿਲੀਭੁਗਤ ਕਰਕੇ ਕੁਲੈਕਟਰ ਰੇਟ 90,000 ਰੁਪਏ ਵਾਲੀ ਜ਼ਮੀਨ ਪੰਜਾਬ ਜੰਗਲਾਤ ਕਾਰਪੋਰੇਸ਼ਨ ਲਿਮਟਿਡ ਨੂੰ 9,90,000 ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਵੇਚ ਦਿੱਤੀ ਜਿਸ ਕਰ ਕੇ ਮੁਲਜ਼ਮਾਂ ਨੇ ਮਿਲੀਭੁਗਤ ਰਾਹੀਂ ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਵਿਜੀਲੈਂਸ ਵਲੋਂ ਕੀਤੀ ਪਡ਼ਤਾਲ ਦੌਰਾਨ ਪਤਾ ਲੱਗਾ ਹੈ ਕਿ ਕਾਰਪੋਰੇਸ਼ਨ ਨੂੰ ਵੇਚਿਆ ਗਿਆ ਇਹ ਰਕਬਾ 54 ਏਕੜ ਦੀ ਬਜਾਏ ਕਰੀਬ 46 ਏਕੜ ਹੀ ਹੈ। ਦਸਤਾਵੇਜ਼ਾਂ ਤੋਂ ਇਹ ਵੀ ਪਾਇਆ ਗਿਆ ਕਿ ਇਸ ਜ਼ਮੀਨ ਦੀ ਰਜਿਸਟਰੀ ਰਘਵੀਰ ਸਿੰਘ ਨਾਇਬ ਤਹਿਸੀਲਦਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨੂਰਪੁਰਬੇਦੀ ਤਹਿਸੀਲ ਵਿਚ ਜਾ ਕੇ ਮਿਤੀ 01/09/2020 ਨੂੰ ਵਸੀਕਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਉਪਰੰਤ ਇਸ ਮੁਕੱਦਮੇ ਵਿਚ ਦੋਸ਼ੀ ਰਘਵੀਰ ਸਿੰਘ ਨਾਇਬ ਤਹਿਸੀਲਦਾਰ ਉਕਤ ਨੂੰ ਵਿਜੀਲੈਂਸ ਬਿਊਰੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ