ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਣਕ ਦੀ ਖਰੀਦ ਨੂੰ ਲੈ ਕੇ ਅਹਿਮ ਬਿਆਨ
Saturday, Apr 22, 2023 - 02:41 AM (IST)
ਫਗਵਾੜਾ (ਜਲੋਟਾ) : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ 'ਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 49 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦੇ ਨਾਲ-ਨਾਲ ਹੀ ਕਿਸਾਨਾਂ ਨੂੰ 7300 ਕਰੋਡ਼ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਫਗਵਾਡ਼ਾ ਦਾਣਾ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ
ਬੇਮੌਸਮੀ ਮੀਂਹ ਕਾਰਨ ਕਣਕ ਨੂੰ ਹੋਏ ਨੁਕਸਾਨ ਕਾਰਨ ਭਾਰਤੀ ਖੁਰਾਕ ਨਿਗਮ ਵੱਲੋਂ ਬਦਰੰਗ ਜਾਂ ਸੁੰਗਡ਼ੇ ਦਾਣਿਆਂ ਕਾਰਨ ਕੀਤੀ ਗਈ ਕੀਮਤ ਕਟੌਤੀ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਉਸ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਲੇਰਾਨਾ ਫ਼ੈਸਲਾ ਹੈ। ਉਨ੍ਹਾਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਕਿਸਾਨ ਨੂੰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਮਿਲਣਾ ਯਕੀਨੀ ਬਣਾਏਗੀ ।
ਇਹ ਵੀ ਪੜ੍ਹੋ : ਬਿਨਾਂ ਪ੍ਰਵਾਨਗੀ ਤੋਂ ਪਿੱਪਲ ਪੁੱਟਣ ਦੇ ਦੋਸ਼ 'ਚ ਸਰਪੰਚ ਮੁਅੱਤਲ, 15 ਦਿਨਾਂ 'ਚ ਦੇਣਾ ਹੋਵੇਗਾ ਸਪੱਸ਼ਟੀਕਰਨ
ਉਨ੍ਹਾਂ ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਕੋਲੋਂ ਕਪੂਰਥਲਾ ਜ਼ਿਲ੍ਹੇ 'ਚ ਚੱਲ ਰਹੀ ਖਰੀਦ ਵਿਵਸਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਜਿੱਥੇ ਲਗਭਗ 3 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਹੈ। ਜ਼ਿਲ੍ਹੇ 'ਚ ਬੀਤੇ ਕੱਲ੍ਹ ਤੱਕ 129964 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਗਈ ਹੈ। ਕਪੂਰਥਲਾ ਜ਼ਿਲ੍ਹੇ 'ਚ ਰੋਜ਼ਾਨਾ ਕਿਸਾਨਾਂ ਨੂੰ ਲਗਭਗ 50 ਕਰੋਡ਼ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਬੀਤੇ ਕੱਲ੍ਹ ਤੱਕ 185.51 ਕਰੋਡ਼ ਰੁਪਏ ਕਿਸਾਨਾਂ ਦੇ ਖਾਤਿਆਂ 'ਚ ਭੇਜੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਖਰੀਦੀ ਗਈ ਕਣਕ ਦੀ ਅਦਾਇਗੀ ਮਿੱਥੇ 48 ਘੰਟੇ ਦੇ ਸਮੇਂ ਤੋਂ ਵੀ ਪਹਿਲਾਂ ਕੀਤੀ ਜਾ ਰਹੀ ਹੈ, ਜਿਸ ਤਹਿਤ ਨਿਰਧਾਰਿਤ ਟੀਚੇ ਨਾਲੋਂ 16 ਫੀਸਦੀ ਵੱਧ ਅਦਾਇਗੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਬਲੂ ਟਿੱਕ ਤੋਂ ਬਾਅਦ ਟਵਿੱਟਰ ਦਾ ਇਕ ਹੋਰ ਵੱਡਾ ਕਦਮ, ਨਿਊਜ਼ ਮੀਡੀਆ ਖਾਤਿਆਂ ਤੋਂ ਹਟਾਏ 'ਸਰਕਾਰ-ਸੰਬੰਧਿਤ' ਲੇਬਲ
ਉਨ੍ਹਾਂ ਕਿਸਾਨਾਂ ਤੇ ਆਡ਼੍ਹਤੀਆਂ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਲਿਫਟਿੰਗ ਸਬੰਧੀ ਮੁਸ਼ਕਿਲਾਂ ਦੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਸਾਨ ਕੁਲਦੀਪ ਸਿੰਘ ਦੀ ਕਣਕ ਦੀ ਢੇਰੀ ਦੀ ਖਰੀਦ ਵੀ ਕਰਵਾਈ। ਕਿਸਾਨਾਂ ਤੇ ਆਡ਼੍ਹਤੀਆਂ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਘਣਸ਼ਿਆਮ ਥੋਰੀ, 'ਆਪ' ਆਗੂ ਜੋਗਿੰਦਰ ਸਿੰਘ ਮਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸ਼ਮੀਰ ਸਿੰਘ, ਐੱਸ.ਡੀ.ਐੱਮ. ਡਾ. ਜੈਇੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।