ਘਰ-ਘਰ ਰਾਸ਼ਨ ਯੋਜਨਾ ਦਾ ਡ੍ਰਾਫਟ ਤਿਆਰ, ਜਾਣੋ ਸਰਕਾਰ ਦੀ ਨੀਤੀ 'ਤੇ ਕੀ ਬੋਲੇ ਮੰਤਰੀ ਕਟਾਰੂਚੱਕ
Saturday, Aug 20, 2022 - 12:36 PM (IST)
ਜਲੰਧਰ- 17 ਸਾਲ ਦੀ ਉਮਰ ਵਿਚ ਸਾਲ 1986-87 ਦੌਰਾਨ ਚੰਗੇ ਸਮਾਜ ਦੀ ਸਿਰਜਣਾ ਲਈ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਸਮਾਜ ਅੰਦਰ ਕਾਣੀ ਵੰਡ ਨੇ ਝੰਜੋੜਿਆ ਅਤੇ ਇਸ ਦਾ ਬਦਲ ਲੱਭਣਾ ਸ਼ੁਰੂ ਕੀਤਾ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਕੁਝ ਅੰਤਰਰਾਸ਼ਟਰੀ ਮਜ਼ਦੂਰ ਪੱਖੀ ਆਗੂਆਂ ਨੂੰ ਪੜ੍ਹਦਿਆਂ-ਪੜ੍ਹਦਿਆਂ ਪਿੰਡ ਦੇ ਸਰਪੰਚ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਦਾ ਸਫ਼ਰ ਤੈਅ ਕੀਤਾ। ਇਹ ਕਹਿਣਾ ਹੈ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ, ਅੱਖਾਂ ਦੇ ਮਰੀਜ਼ਾਂ ਲਈ ਕੈਂਪ ਲਗਾਉਣੇ, ਖ਼ੂਨਦਾਨ ਕੈਂਪ ਲਗਾਉਣੇ ਅਤੇ ਹੋਰ ਸਮਾਜਿਕ ਕੰਮ ਕਰਦਿਆਂ ਇਹ ਮਹਿਸੂਸ ਕੀਤਾ ਕਿ ਸਿਆਸੀ ਬਦਲਾਅ ਤੋਂ ਬਿਨਾਂ ਸਮਾਜਿਕ ਕੰਮ ਇਕ ਹੱਦ ਤੱਕ ਹੀ ਕੀਤੇ ਜਾ ਸਕਦੇ ਹਨ। ਇਸੇ ਵਜ੍ਹਾ ਨੇ ਸਿਆਸੀ ਪਿੜ ’ਚ ਪੈਰ ਪਾਉਣ ਲਈ ਰਾਹ ਬਣਾਇਆ।
ਪੜ੍ਹਾਈ ਤੇ ਪਰਿਵਾਰਕ ਕਿੱਤਾ
ਮੈਂ ਬੇਜ਼ਮੀਨੇ ਪਰਿਵਾਰ ’ਚ ਪੈਦਾ ਹੋਇਆ। ਜਦੋਂ ਮੇਰੀ ਉਮਰ 6 ਸਾਲ ਸੀ ਤਾਂ ਜ਼ਿਮੀਂਦਾਰਾਂ ਦੇ ਖੇਤਾਂ ’ਚ ਕੰਮ ਕਰਨ ਗਏ ਪਿਤਾ ਜੀ ਨੂੰ ਸੱਪ ਨੇ ਡੰਗ ਦਿੱਤਾ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਕੋਲ ਆਰਥਿਕਤਾ ਦਾ ਕੋਈ ਸਾਧਨ ਨਹੀਂ ਸੀ। ਇਸ ਗੱਲ ਦਾ ਹਮੇਸ਼ਾ ਦੁੱਖ ਰਹੇਗਾ ਕਿ ਗਰੀਬੀ ਕਾਰਨ ਉੱਚ ਵਿੱਦਿਆ ਹਾਸਲ ਨਹੀਂ ਕਰ ਸਕਿਆ, ਜਿਸ ਕਾਰਨ ਮੈਂ ਮੈਟ੍ਰਿਕ ਤੱਕ ਹੀ ਪੜ੍ਹਿਆ। ਪਿੰਡ ਵਾਸੀਆਂ ਨੇ ਮੈਨੂੰ ਸਰਪੰਚ ਦੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ। ਪਿੰਡ ਵਾਸੀ ਅਤੇ ਖ਼ੁਦ ਮੈਂ ਵੀ ਇਸ ਗੱਲ ਤੋਂ ਅਣਜਾਣ ਸੀ ਕਿ 21 ਸਾਲ ਦਾ ਵਿਅਕਤੀ ਸਰਪੰਚੀ ਦੀ ਚੋਣ ਨਹੀਂ ਲੜ ਸਕਦਾ। ਬੇਸ਼ੱਕ ਉਮਰ ਘੱਟ ਹੋਣ ਕਾਰਨ ਮੈਂ ਇਹ ਚੋਣ ਨਾ ਲੜ ਸਕਿਆ ਪਰ ਪਿੰਡ ਵਾਸੀਆਂ ਨੇ ਮੇਰੇ ਕਵਰਿੰਗ ਉਮੀਦਵਾਰ ਨੂੰ ਜਿਤਾ ਦਿੱਤਾ। ਉਸ ਤੋਂ ਬਾਅਦ ਮੈਂ ਲਗਾਤਾਰ ਪਿੰਡ ਦਾ ਸਰਪੰਚ ਬਣਿਆ। ਹੁਣ ਮੇਰੀ ਪਤਨੀ ਚੌਥੀ ਵਾਰ ਸਰਪੰਚ ਬਣੇ ਹਨ।
ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ
ਤੁਹਾਡਾ ਝੁਕਾਅ ਖੱਬੇ-ਪੱਖੀ ਰਿਹਾ, ਫਿਰ ਸੱਜੇ-ਪੱਖੀ ਵੱਲ ਮੋੜਾ ਕਿਵੇਂ ਮੋੜਿਆ ਤੇ ‘ਆਪ’ ਤੁਹਾਡੀ ਪਸੰਦ ਕਿਵੇਂ ਬਣੀ?
ਅਸਲ ’ਚ ਖੱਬੇ-ਪੱਖੀ ਵਿਚਾਰਧਾਰਾ ਲੋਕ ਹਿੱਤਾਂ ਦਾ ਮੰਚ ਹੈ, ਜਿੱਥੇ ਲੋਕਾਂ ਦੀ ਜ਼ਿੰਦਗੀ ’ਚ ਬਦਲਾਅ ਦਾ ਸੰਕਲਪ ਲਿਆ ਜਾਂਦਾ ਹੈ ਪਰ ਸਮੇਂ ਦੇ ਹਾਣ ਦਾ ਬਣਨ ਦੀ ਬਹੁਤ ਵੱਡੀ ਲੋੜ ਹੈ। ਆਮ ਆਦਮੀ ਪਾਰਟੀ ਵੀ ਚੰਗੀ ਗਵਰਨੈਂਸ ਦੀ ਗੱਲ ਕਰਦੀ ਹੈ। ਕੈਨੇਡਾ, ਆਸਟਰੇਲੀਆ ਖੱਬੇ-ਪੱਖੀ ਮੁਲਕ ਨਹੀਂ ਹਨ ਪਰ ਚੰਗੇ ਸ਼ਾਸਨ ਦੇਣ ਕਰਕੇ ਲੋਕ ਅੱਜ ਵੀ ਉਥੇ ਜਾਣਾ ਪਸੰਦ ਕਰਦੇ ਹਨ। ‘ਆਪ’ ਨੇ ਜਿਵੇਂ ਦਿੱਲੀ ’ਚ ਚੰਗਾ ਸ਼ਾਸਨ ਦਿੱਤਾ ਹੈ, ਉਸੇ ਨੂੰ ਵੇਖ ਕੇ ਮੈਂ ਪਾਰਟੀ ਨਾਲ ਜੁੜਿਆ ਹਾਂ।
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਸਬੱਬ ਕਿਵੇਂ ਬਣਿਆ?
ਮੈਂ 32 ਸਾਲ ਸਮਾਜਿਕ ਕਾਰਜ ਕਰਦਾ ਰਿਹਾ ਹਾਂ। ਇਸ ਸਟੇਜ ’ਤੇ ਆ ਕੇ ਬੰਦੇ ਕੋਲ ਹੋਰ ਕੋਈ ਬਦਲ ਨਹੀਂ ਹੁੰਦਾ। ਦੂਜੀ ਗੱਲ ਜ਼ਿਹਨ ’ਚ ਇਹ ਸੀ ਕਿ ਲੋਕਾਂ ਲਈ ਚੰਗੇ ਕੰਮ ਕਰਨ ਵਾਲੀ ਕੋਈ ਧਿਰ ਪੰਜਾਬ ’ਚ ਖੜ੍ਹੀ ਹੋਵੇ। ਸੂਬੇ ਅੰਦਰ ਕੁਝ ਪਰਿਵਾਰਾਂ ਨੇ ਪੰਜਾਬ ਦੀ ਸੱਤਾ ’ਤੇ ਨਾਗਵਲ਼ ਪਾਇਆ ਸੀ, ਜਿਸ ਨੂੰ ਤੋੜਨ ਦੀ ਉਮੀਦ ‘ਆਪ’ ਕੋਲੋਂ ਹੀ ਕੀਤੀ ਜਾ ਸਕਦੀ ਸੀ। ਪੀੜ੍ਹੀਆਂ ਤੋਂ ਸੱਤਾ ’ਤੇ ਕਾਬਜ਼ ਪਰਿਵਾਰ ਅੱਜ ਹਾਸ਼ੀਏ ’ਤੇ ਹਨ। ਵਿਧਾਨ ਸਭਾ ਚੋਣਾਂ ਦੇ ਦ੍ਰਿਸ਼ ਕਲਪਨਾਵਾਂ ਤੋਂ ਵੀ ਪਰ੍ਹੇ ਹਨ।
ਸੰਗਰੂਰ ਜ਼ਿਮਨੀ ਚੋਣ ਦੇ ਸਿਆਸੀ ਦ੍ਰਿਸ਼ ਨੂੰ ਕਿਵੇਂ ਵੇਖਦੋ ਹੋ?
ਅਸਲ ’ਚ ਲੋਕ ਬੜੀ ਜਲਦੀ ਬਦਲਾਅ ਚਾਹੁੰਦੇ ਹਨ। ਮੈਂ ਸੋਚਦਾ ਹਾਂ ਕਿ ਸਾਡੇ ਬਹੁਤ ਸਾਰੇ ਵਿਧਾਇਕ ਆਪੋ-ਆਪਣੇ ਕੰਮਾਂ ’ਚ ਰੁੱਝੇ ਹੋਏ ਹਨ। ਸੰਗਰੂਰ ’ਚ ਸਾਡੇ ਦੋ ਮੰਤਰੀ ਵੀ ਹਨ, ਉਹ ਵੀ ਪ੍ਰਸ਼ਾਸਨਿਕ ਕੰਮਾਂ-ਕਾਰਾਂ ’ਚ ਬਹੁਤ ਕੁਝ ਨਵਾਂ ਸਿੱਖ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸੰਗਰੂਰ ਦੇ ਲੋਕਾਂ ਨਾਲ ਪਾਰਟੀ ਦਾ ਗੈਪ ਰਹਿ ਗਿਆ ਸੀ। ਲੋਕਾਂ ’ਚ ਅਤੇ ਪਾਰਟੀ ਦਰਮਿਆਨ ਸੰਵਾਦ ਦੀ ਘਾਟ ਰਹੀ ਹੈ। ਇਸ ਨੂੰ ਜਲਦੀ ਕਵਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ
ਘਰ-ਘਰ ਰਾਸ਼ਨ ਯੋਜਨਾ ਨੂੰ ਲੈ ਕੇ ਤੁਸੀਂ ਕਿਹੜਾ ਡ੍ਰਾਫਟ ਤਿਆਰ ਕੀਤਾ ਹੈ?
ਲਾਭਪਾਤਰੀਆਂ ਨੂੰ ਮਾੜਾ ਰਾਸ਼ਨ ਮਿਲਣਾ ਪੰਜਾਬ ਅੰਦਰ ਇਕ ਵੱਡਾ ਮਸਲਾ ਰਿਹਾ ਹੈ। ਲੋਕਾਂ ਨੂੰ ਮਾੜਾ ਅਤੇ ਘੱਟ ਰਾਸ਼ਨ ਮਿਲਦਾ ਹੈ ਜਾਂ ਗ਼ਰੀਬਾਂ ਦੇ ਹਿੱਸੇ ਦਾ ਰਾਸ਼ਨ ਧਨਾਢ ਲੋਕ ਲੈ ਜਾਂਦੇ ਹਨ। ਦਿਹਾੜੀਦਾਰ ਵਿਚਾਰੇ ਕੰਮ ਕਰਨ ਜਾਂ ਲਾਈਨਾਂ ’ਚ ਲੱਗ ਕੇ ਰਾਸ਼ਨ ਘਰੇ ਲੈ ਕੇ ਆਉਣ, ਅਸੀਂ ਲੋਕਾਂ ਦੀ ਅਜਿਹੀ ਖੱਜਲ-ਖੁਆਰੀ ਬੰਦ ਕਰਨ ਦੀ ਪਹਿਲਕਦਮੀ ਕੀਤੀ ਹੈ। ਹੁਣ ਘਰ-ਘਰ ਜਾ ਕੇ ਆਟਾ ਮਿਲੇਗਾ। ਸਰਕਾਰ ਵੱਲੋਂ ਜਿੰਨਾ ਰਾਸ਼ਨ ਆਵੇਗਾ, ਓਨਾ ਹੀ ਲਾਭਪਾਤਰੀ ਨੂੰ ਮਿਲੇਗਾ। ਜੇ ਕਿਸੇ ਨੇ ਆਟਾ ਨਹੀਂ ਲੈਣਾ ਤਾਂ ਉਹ ਡਿਪੂ ਤੋਂ ਕਣਕ ਲੈ ਸਕਦਾ ਹੈ। ਆਟੇ ਦੀ ਪਿਸਾਈ ਦਾ 170 ਕਰੋੜ ਰੁਪਏ ਵੀ ਪੰਜਾਬ ਸਰਕਾਰ ਦੇਵੇਗੀ। ਇਸ ਤਰ੍ਹਾਂ ਜਿੱਥੇ ਲਾਭਪਾਤਰੀਆਂ ਨੂੰ ਘਰੇ ਬੈਠਿਆਂ ਚੰਗਾ ਅਤੇ ਪੂਰਾ ਆਟਾ ਮਿਲੇਗਾ, ਉਥੇ ਹੀ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ।
ਬੱਚਤ ਦੇ ਦੌਰ ਅੰਦਰ ਆਟੇ ਦੀ ਪਿਸਾਈ ਤੇ ਟਰਾਂਸਪੋਰਟੇਸ਼ਨ ਦਾ ਖ਼ਰਚਾ ਸਰਕਾਰ ਲਈ ਨਵੀਂ ਮੁਸੀਬਤ ਤਾਂ ਨਹੀਂ ਬਣੇਗਾ?
ਜੇਕਰ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਲੋਕਾਂ ਦੀ ਖੱਜਲ-ਖੁਆਰੀ ਦੂਰ ਹੋ ਜਾਵੇ, ਜਿੰਨਾ ਰਾਸ਼ਨ ਕਿਸੇ ਦੇ ਹਿੱਸੇ ਦਾ ਆਇਆ ਹੈ, ਉਸ ਨੂੰ ਓਨਾ ਹੀ ਮਿਲੇ ਤਾਂ ਇਸ ਵਿਚ ਹਰਜ ਕੀ ਹੈ। ਸਰਕਾਰ ਲੋਕਾਂ ਲਈ ਹੁੰਦੀ ਹੈ। ਪੈਸੇ ਦੀ ਕੋਈ ਘਾਟ ਨਹੀਂ ਹੈ। ਲੋਕਾਂ ਨੂੰ ਚੰਗਾ ਸ਼ਾਸਨ ਦੇਣਾ ਹੀ ਭਗਵੰਤ ਮਾਨ ਸਰਕਾਰ ਦੀ ਪਹਿਲ ਹੈ।
ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਆਟਾ-ਦਾਲ ਦੀ ਬਜਾਏ ਲੋਕਾਂ ਨੂੰ ਕਮਾਉਣ ਦੇ ਸਾਧਨ ਮੁਹੱਈਆ ਕਰਵਾਏ ਜਾਣ?
ਸਾਡਾ ਮੰਨਣਾ ਹੈ ਕਿ ਆਟਾ-ਦਾਲ ਹੀ ਕਾਫ਼ੀ ਨਹੀਂ, ਸਗੋਂ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਪੱਖੋਂ ਵੀ ਬਹੁਤ ਕੁਝ ਦੇਣ ਦੀ ਲੋੜ ਹੈ। ਇਹ ਜ਼ਰੂਰ ਹੈ ਕਿ ਹਰ ਬੰਦਾ ਆਪਣੇ ਘਰ ਚੰਗੀ-ਮਾੜੀ ਰੋਟੀ ਖਾ ਲੈਂਦਾ ਹੈ ਪਰ ਜਦੋਂ ਪਰਿਵਾਰ ਦਾ ਕੋਈ ਜੀਅ ਬੀਮਾਰ ਹੁੰਦਾ ਹੈ ਤਾਂ ਉਸ ਨੂੰ ਸਰਕਾਰੀ ਹਸਪਤਾਲਾਂ ’ਚ ਢੁੱਕਵਾਂ ਇਲਾਜ ਨਹੀਂ ਮਿਲਦਾ। ਨਿੱਜੀ ਹਸਪਤਾਲ ’ਚ ਇਲਾਜ ਬਹੁਤ ਮਹਿੰਗਾ ਹੈ। ਇਸ ਦੇ ਮੱਦੇਨਜ਼ਰ ਅਸੀਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ। ਨੈਸ਼ਨਲ ਫੂਡ ਐਕਟ ਅਨੁਸਾਰ ਪੰਜਾਬ ’ਚ 1 ਕਰੋੜ 43 ਲੱਖ ਲਾਭਪਾਤਰੀ ਹਨ। ਜੇਕਰ ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਕਾਰਡ ਵੀ ਵਿਚ ਮਿਲਾ ਲਏ ਜਾਣ ਤਾਂ 1 ਕਰੋੜ 54 ਲੱਖ ਦੇ ਕਰੀਬ ਲਾਭਪਾਤਰੀ ਹਨ, ਜਿਨ੍ਹਾਂ ਨੂੰ ਰਾਸ਼ਨ ਯੋਜਨਾ ਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ: ਜਲੰਧਰ 'ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ 'ਤੇ ਕਰਵਾਉਣਾ ਪਵੇਗਾ ਅਪਡੇਟ
ਖੁਰਾਕ ਤੇ ਸਿਵਲ ਸਪਲਾਈ ਮਹਿਕਮਾ ਕਾਫ਼ੀ ਭ੍ਰਿਸ਼ਟ ਮੰਨਿਆ ਜਾਂਦਾ ਹੈ। ਤੁਹਾਡੇ ਅਹੁਦਾ ਸੰਭਾਲਣ ਮਗਰੋਂ ਕੀ ਸਥਿਤੀ ਹੈ?
ਜਦੋਂ ਮੈਂ ਵਿਭਾਗ ਜੁਆਇਨ ਕੀਤਾ ਤਾਂ ਇਸ ’ਚ ਵੀ ਬਹੁਤ ਕੁਝ ਗੜਬੜ ਸੀ। ਭ੍ਰਿਸ਼ਟਾਚਾਰੀਆਂ ਨੇ ਤਾਂ ਬੇਈਮਾਨੀ ਕਰਨੀ ਹੀ ਹੈ। ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਹੁਣ ਤਕ ਫੂਡ ਸਪਲਾਈ ਵਿਭਾਗ ’ਚ 9 ਐੱਫ਼. ਆਈ. ਆਰਜ਼ ਦਰਜ ਕੀਤੀਆਂ ਅਤੇ 18 ਤੋਂ ਵਧੇਰੇ ਅਫ਼ਸਰਾਂ ’ਤੇ ਪਰਚੇ ਦਰਜ ਕੀਤੇ ਗਏ। ਅਸੀਂ ਦਾਅਵਾ ਕਰਦੇ ਹਾਂ ਕਿ ਸਾਡੀ ਸਰਕਾਰ ’ਚ ਫੂਡ ਮਾਫ਼ੀਆ ਨੂੰ ਸਿਰ ਨਹੀਂ ਚੁੱਕਣ ਦਿਆਂਗੇ। ਸਾਡੀ ਪੰਜਾਬੀਆਂ ਨੂੰ ਵੀ ਅਪੀਲ ਹੈ ਕਿ ਜੇਕਰ ਉਨ੍ਹਾਂ ਨੂੰ ਕਿਤੇ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਹੈ ਤਾਂ ਸਾਡੇ ਧਿਆਨ ’ਚ ਜ਼ਰੂਰ ਲਿਆਉਣ। ਇਸ ਮਸਲੇ ’ਤੇ ਕਿਸੇ ਨਾਲ ਢਿੱਲ ਨਹੀਂ ਵਰਤੀ ਜਾਵੇਗੀ।
ਮੰਤਰੀ ਬਣਨ ’ਤੇ ਯਾਰਾਂ-ਦੋਸਤਾਂ ਦੀਆਂ ਉਮੀਦਾਂ ਬਹੁਤ ਵਧ ਜਾਂਦੀਆਂ ਹਨ, ਕੀ ਤੁਹਾਡੇ ਤੱਕ ਵੀ ਅਪਰੋਚ ਹੁੰਦੀ ਹੈ?
ਮੇਰੇ ਦੋਸਤ ਉਹ ਹਨ, ਜੋ ਬਹੁਤ ਸਮੇਂ ਤੋਂ ਮੇਰੇ ਨਾਲ ਜੁੜੇ ਹਨ ਤੇ ਉਨ੍ਹਾਂ ਦਾ ਮਕਸਦ ਸਿਰਫ਼ ਮੈਨੂੰ ਜਿਤਾਉਣਾ ਸੀ। ਹੁਣ ਉਹ ਆਸ ਕਰਦੇ ਹਨ ਕਿ ਮੈਂ ਤੇ ਮੇਰੀ ਸਰਕਾਰ ਚੰਗਾ ਕੰਮ ਕਰੀਏ। ਕਈ ਵਾਰ ਅਜਿਹੇ ਵਿਅਕਤੀ ਜ਼ਰੂਰ ਮਿਲ ਜਾਂਦੇ ਹਨ ਜੋ ਪਿਛਲੀਆਂ ਸਰਕਾਰਾਂ ਵਾਂਗ ਮੇਰੇ ਕੋਲ ਵੀ ਉਮੀਦਾਂ ਲੈ ਕੇ ਆਉਂਦੇ ਹਨ ਕਿ ਸ਼ਾਇਦ ਇਥੇ ਭ੍ਰਿਸ਼ਟਾਚਾਰੀਆਂ ਨੂੰ ਪਨਾਹ ਮਿਲੇਗੀ ਜਾਂ ਪੈਸੇ ਲੈ ਕੇ ਬਦਲੀਆਂ ਹੋ ਜਾਣਗੀਆਂ। ਅਜਿਹੇ ਲੋਕਾਂ ਨੂੰ ਪੰਜਾਬ ਸਰਕਾਰ ਨੇ ਆਪਣੇ ਫ਼ੈਸਲਿਆਂ ਰਾਹੀਂ ਸਖ਼ਤ ਸੁਨੇਹਾ ਦੇ ਦਿੱਤਾ ਹੈ। ਅਸੀਂ ਚੰਗੇ ਲੋਕਾਂ ਅੰਦਰ ਉਮੀਦਾਂ ਜਗਾਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ