ਲਖੀਮਪੁਰ ਖੀਰੀ ਘਟਨਾ ’ਤੇ ਬੋਲੇ ਨਵਜੋਤ ਸਿੱਧੂ, ਕਿਹਾ-ਕਿਸਾਨਾਂ ਦੇ ਕਾਤਲਾਂ ਨੂੰ ਜਲਦ ਕੀਤਾ ਜਾਵੇ ਗ੍ਰਿਫ਼ਤਾਰ
Sunday, Oct 03, 2021 - 09:02 PM (IST)
ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਕਿਸਾਨਾਂ ਨਾਲ ਵਾਪਰੀ ਦਰਦਨਾਕ ਘਟਨਾ ਦੀ ਹਰ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਪੋਸਟ ਸ਼ੇਅਰ ਕਰ ਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਬੇਕਸੂਰ ਕਿਸਾਨਾਂ ਦੇ ਕਤਲ ਲਈ ਕੇਂਦਰੀ ਮੰਤਰੀ ਦੇ ਪੁੱਤਰ ’ਤੇ ਧਾਰਾ 302 ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਇਸ ਵਹਿਸ਼ੀ ਅਪਰਾਧ ਲਈ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ’ਚ ਸੁੱਟਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ, ਕੱਲ DC ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਕੇਂਦਰੀ ਗ੍ਰਹਿ ਮੰਤਰੀ ਅਤੇ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜ੍ਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਗਈ ਸੀ, ਜਿਸ ’ਚ 4 ਕਿਸਾਨਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ ਸਨ। ਸਥਾਨਕ ਚਸ਼ਮਦੀਦਾਂ ਮੁਤਾਬਕ ਇਸ ਗੱਡੀ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦਾ ਪੁੱਤਰ ਤੇ ਉਨ੍ਹਾਂ ਦੇ ਹੋਰ ਨਜ਼ਦੀਕੀ ਸਵਾਰ ਸਨ।