ਲੇਡੀ ਸ਼ੂਟਰ ਦਾ ਖੁਲਾਸਾ, ਬੈਂਕ ''ਚ ਆਏ ਕਾਰੋਬਾਰੀਆਂ ਨੂੰ ਹਨੀ ਟ੍ਰੈਪ ''ਚ ਫਸਾ ਕੇ ਲੁੱਟਣੇ ਸੀ ਪੈਸੇ
Wednesday, Aug 29, 2018 - 03:11 PM (IST)

ਜਲੰਧਰ (ਵਰੁਣ)— ਗੈਂਗਸਟਰ ਬਿੰਨੀ ਗੁੱਜਰ ਨੂੰ ਪੁਲਸ ਕਸਟਡੀ 'ਚੋਂ ਭਜਾਉਣ ਦੀ ਯੋਜਨਾ ਰਚ ਰਹੀ ਲੇਡੀ ਸ਼ੂਟਰ ਨਵਦੀਪ ਕੌਰ ਨੇ ਗੈਂਗਸਟਰ ਨੂੰ ਭਜਾਉਣ ਨਾਲ ਕਾਰੋਬਾਰੀਆਂ ਨੂੰ ਹਨੀ ਟ੍ਰੈਪ 'ਚ ਫਸਾ ਕੇ ਉਨ੍ਹਾਂ ਤੋਂ ਪੈਸੇ ਲੁੱਟਣੇ ਸੀ। ਦੋ ਦਿਨ ਦੇ ਰਿਮਾਂਡ 'ਤੇ ਲਈ ਨਵਦੀਪ ਕੌਰ ਨੇ ਪੁਲਸ ਦੀ ਪੁੱਛਗਿੱਛ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਜਲਦ ਹੀ ਬੈਂਕਾਂ 'ਚ ਰੇਕੀ ਕਰਨੀ ਸੀ ਅਤੇ ਰੁਟੀਨ 'ਚ ਪੈਸੇ ਜਮ੍ਹਾ ਜਾਂ ਲੈਣ ਆਏ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ। ਨਵਦੀਪ ਨੇ ਖੁਲਾਸਾ ਕੀਤਾ ਕਿ ਬਿੰਨੀ ਗੁੱਜਰ ਨੂੰ ਭਜਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਸੀ। ਉਨ੍ਹਾਂ ਬਿੰਨੀ ਗੁੱਜਰ ਨੂੰ ਭਜਾਉਣ ਤੋਂ ਬਾਅਦ ਪੰਜਾਬ ਦੇ ਬਾਹਰ ਜਾ ਕੇ ਰਹਿਣਾ ਸੀ, ਜਿਸ ਲਈ ਪੈਸਿਆਂ ਦਾ ਇੰਤਜ਼ਾਮ ਲੁੱਟਖੋਹ ਕਰਕੇ ਕੀਤਾ ਜਾਣਾ ਸੀ। ਇਸ ਕਾਰਨ ਉਨ੍ਹਾਂ ਪਲਾਨ ਬਣਾਇਆ ਸੀ ਕਿ ਨਵਦੀਪ ਆਪਣੇ ਸਾਥੀ ਅਨਿਲ ਉਰਫ ਸੋਨੂੰ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਬਾਬਾ ਦੀਪ ਸਿੰਘ ਰੋਡ ਮੋਗਾ ਅਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਮੀਤ ਸਿੰਘ ਨਿਵਾਸੀ ਲਾਂਬੜਾ ਦੇ ਨਾਲ ਮਿਲ ਕੇ ਬੈਂਕਾਂ ਵਿਚ ਰੇਕੀ ਕਰੇਗੀ। ਜੋ ਵੀ ਕਾਰੋਬਾਰੀ ਰੁਟੀਨ 'ਚ ਬੈਂਕ ਪੈਸਿਆਂ ਦੇ ਲੈਣ-ਦੇਣ ਦੇ ਸਿਲਸਿਲੇ 'ਚ ਆਏਗਾ, ਉਸ ਨੂੰ ਨਵਦੀਪ ਆਪਣੇ ਜਾਲ 'ਚ ਫਸਾਏਗੀ ਅਤੇ ਫਿਰ ਖਰੜ 'ਚ ਕੀਤੀ ਵਾਰਦਾਤ ਦੀ ਤਰ੍ਹਾਂ ਕਾਰੋਬਾਰੀ ਨੂੰ ਬੰਧਕ ਬਣਾ ਕੇ ਲੁੱਟ ਲਿਆ ਜਾਣਾ ਸੀ। ਪੁਲਸ ਨਵਦੀਪ ਕੌਰ ਸਮੇਤ ਉਸ ਦੇ ਸਾਥੀਆਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਇਸ ਕੇਸ 'ਚ ਪੁਲਸ ਨਵਦੀਪ ਦੇ ਪਤੀ ਗੁਰਵਿੰਦਰ ਸ਼ੈਲੀ ਨੂੰ ਬੁੜੈਲ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆ ਸਕਦੀ ਹੈ। ਨਵਦੀਪ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਪਤੀ ਹੀ ਨਹੀਂ, ਸਗੋਂ ਬਿੰਨੀ ਗੁੱਜਰ ਨਾਲ ਉਸ ਦੀ ਵੀ ਗੱਲ ਹੁੰਦੀ ਸੀ। ਉਸ ਨੂੰ ਭਜਾਉਣ ਦੇ ਲਈ ਬਿੰਨੀ ਗੁੱਜਰ ਖੁਦ ਯੋਜਨਾ 'ਤੇ ਨਜ਼ਰ ਰੱਖਦਿਆਂ ਉਨ੍ਹਾਂ ਨੂੰ ਟਿਪਸ ਵੀ ਦਿੰਦਾ ਸੀ। ਪੁਲਸ ਨੇ ਨਵਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਨਿਵਾਸੀ ਤਲਵੰਡੀ ਭਾਈ ਫਿਰੋਜ਼ਪੁਰ, ਅਨਿਲ ਉਰਫ ਸੋਨੂੰ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਸੁਭਾਨਾ ਫਾਟਕ ਦੇ ਕੋਲੋਂ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਮੁਲਜ਼ਮਾਂ ਤੋਂ ਇਕ ਰਿਵਾਲਵਰ, ਇਕ ਪਿਸਟਲ, ਦੋ ਮੈਗਜ਼ੀਨ ਅਤੇ 8 ਰੌਂਦ ਅਤੇ 32 ਬੋਰ ਦੀਆਂ 3 ਗੋਲੀਆਂ ਬਰਾਮਦ ਕੀਤੀਆਂ ਸੀ। ਇਨ੍ਹਾਂ ਤੋਂ ਖਰੜ 'ਚ ਲੁੱਟੀ ਗਈ ਇਕ ਬ੍ਰੇਜਾ ਕਾਰ ਅਤੇ ਨਸ਼ੇ ਵਾਲਾ ਪਦਾਰਥ ਵੀ ਮਿਲੇ ਸੀ।
ਨਵਦੀਪ ਕੌਰ ਉਹ ਹੀ ਔਰਤ ਹੈ ਜੋ ਚੰਡੀਗੜ੍ਹ ਵਿਚ ਪਹਿਲੀ ਕੈਬ ਡਰਾਈਵਰ ਸੀ। ਬਾਕਸਕਾਰ ਲੁੱਟਣ ਲਈ ਵੀ ਰੇਕੀ ਕਰ ਰਹੇ ਸੀ ਮੁਲਜ਼ਮਗੈਂਗਸਟਰ ਬਿੰਨੀ ਗੁੱਜਰ ਨੂੰ ਭਜਾਉਣ ਦੇ ਲਈ ਇਹ ਗੈਂਗ ਕਾਰਾਂ ਲੁੱਟਣ ਦਾ ਵੀ ਕੰਮ ਕਰ ਰਿਹਾ ਸੀ। ਬਿੰਨੀ ਗੁੱਜਰ ਨੂੰ ਭਜਾਉਣ ਲਈ ਇਨ੍ਹਾਂ ਨੂੰ 4 ਗੱਡੀਆਂ ਦੀ ਜ਼ਰੂਰਤ ਸੀ। 2 ਗੱਡੀਆਂ ਛੁਡਵਾਉਣ ਲਈ ਤੈਅ ਕੀਤੀਆਂ ਗਈਆਂ, ਜਦਕਿ ਬਿੰਨੀ ਗੁੱਜਰ ਨੂੰ ਛੁਡਵਾਉਣ ਤੋਂ ਬਾਅਦ ਉਨ੍ਹਾਂ ਗੱਡੀਆਂ ਨੂੰ ਬਦਲ ਕੇ ਬਾਕੀ ਦੀਆਂ 2 ਗੱਡੀਆਂ ਦਾ ਇਸਤੇਮਾਲ ਕੀਤਾ ਜਾਣਾ ਸੀ। ਜੇਕਰ ਇਹ ਮੁਲਜ਼ਮ ਸਮੇਂ 'ਤੇ ਗ੍ਰਿਫਤਾਰ ਨਾ ਹੁੰਦੇ ਤਾਂ ਇਨ੍ਹਾਂ ਕਈ ਹੋਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।