ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Tuesday, Jan 31, 2023 - 12:12 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਆਪਣੀ ਸਰਕਾਰੀ ਅਸਾਲਟ ਨਾਲ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਪੰਜਾਬ ਪੁਲਸ ਦੇ ਕਾਂਸਟੇਬਲ ਗੁਰਸੇਵਕ ਸਿੰਘ ਦੇ ਮਾਮਲੇ ’ਚ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਵਲੋਂ ਮ੍ਰਿਤਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੈਂਟ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਹ 12ਵੀਂ ਕਲਾਸ ’ਚ ਪੜ੍ਹਦੀ ਹੈ ਅਤੇ ਉਹ ਪਿਛਲੇ ਇਕ ਸਾਲ ਤੋਂ ਆਪਣੀ ਭੂਆ ਅਮਨਦੀਪ ਕੌਰ ਨਾਲ ਪੁਲਸ ਲਾਈਨ ਫਿਰੋਜ਼ਪੁਰ ਦੇ ਸਰਕਾਰੀ ਕੁਆਰਟਰ ’ਚ ਰਹਿ ਰਹੀ ਹੈ।
ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਿਆਂ 'ਤੇ ਲਾਏ ਵੱਡੇ ਦੋਸ਼
ਉਸਦੇ ਮੁਤਾਬਕ 29 ਜਨਵਰੀ 2023 ਨੂੰ ਉਹ ਆਪਣੀ ਭੂਆ ਅਮਨਦੀਪ ਕੌਰ ਦੇ ਨਾਲ ਐਕਟਿਵਾ ’ਤੇ ਥਾਣਾ ਕੈਂਟ ਤੋਂ ਡਿਊਟੀ ਖ਼ਤਮ ਹੋਣ ਤੋਂ ਬਾਅਦ ਪੁਲਸ ਲਾਈਨ ਵੱਲ ਜਾ ਰਹੀ ਸੀ। ਜਦੋਂ ਉਹ ਬਾਬਾ ਸ਼ੇਰ ਸ਼ਾਹ ਵਾਲੀ ਚੌਕ ਕੋਲ ਪਹੁੰਚੀ ਤਾਂ ਕਾਂਸਟੇਬਲ ਗੁਰਸੇਵਕ ਸਿੰਘ ਨੇ ਆਪਣੀ ਕਾਰ ਲਿਆ ਕੇ ਉਨ੍ਹਾਂ ਦੀ ਐਕਟਿਵਾ ’ਚ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਪਈਆਂ ਅਤੇ ਗੁਰਸੇਵਕ ਸਿੰਘ ਨੇ ਕਾਰ ਤੋਂ ਹੇਠਾਂ ਉਤਰ ਕੇ ਸਰਕਾਰੀ ਅਸਾਲਟ ਨਾਲ ਅਮਨਦੀਪ ਕੌਰ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਕੁੜੀ ਨੇ ਪੁਲਸ ਨੂੰ ਦੱਸਿਆ ਹੈ ਕਿ ਗੁਰਸੇਵਕ ਸਿੰਘ ਦੇ ਅਮਨਦੀਪ ਕੌਰ ਨਾਲ ਸਬੰਧ ਸਨ ਅਤੇ ਉਹ ਉਸ ’ਤੇ ਵਿਆਹ ਕਰਵਾਉਣ ਲਈ ਦਬਾਅ ਪਾਉਂਦਾ ਸੀ ਅਤੇ ਉਸਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹੋਣ ਦਾ ਸ਼ੱਕ ਕਰਦਾ ਸੀ। ਇਸੇ ਰੰਜਿਸ਼ ਕਾਰਨ ਗੁਰਸੇਵਕ ਸਿੰਘ ਨੇ ਅਮਨਦੀਪ ਕੌਰ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।