ਗੁੜਾ ਪਿੰਡ ਦੇ ਲੋਕ ਪਾਣੀ ਨਾ ਆਉਣ ਕਾਰਨ ਡਾਢੇ ਪ੍ਰੇਸ਼ਾਨ

Sunday, Jun 10, 2018 - 06:41 AM (IST)

ਗੁਰਾਇਆ, (ਜ.ਬ.)- ਹਲਕਾ ਫਿਲੌਰ ਦੇ ਪਿੰਡ ਗੁੜਾ ਦੇ ਲੋਕਾਂ ਨੂੰ ਟੈਂਕੀ ਤੋਂ ਪਾਣੀ ਨਾ ਆਉਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨਾਂ ਵਿਚ ਮੁਸ਼ਕਿਲ ਹੱਲ ਨਾ ਹੋਣ 'ਤੇ ਪਿੰਡ ਵਾਸੀਆਂ ਨੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਫਿਲੌਰ ਵਿਖੇ ਕੋਠੀ ਅੱਗੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਪਾਣੀ ਦੀ ਟੈਂਕੀ 'ਤੇ ਇਕੱਠੀਆਂ ਹੋ ਕੇ ਔਰਤਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਭੜਾਸ ਕੱਢੀ।
ਇਸ ਮੌਕੇ ਪੀੜਤ ਔਰਤਾਂ ਨੇ ਦੱਸਿਆ ਕਿ ਪਿੰਡ ਅਨੀਹਰ ਅਤੇ ਪਿੰਡ ਗੁੜਾ ਦੀ ਸਾਂਝੀ ਟੈਂਕੀ ਹੈ, ਜਿਸ 'ਚ ਕੁਝ ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ। ਪੀੜਤ ਔਰਤਾਂ ਨੇ ਕਿਹਾ ਕਿ ਵੋਟਾਂ ਦੇ ਦਿਨਾਂ ਵਿਚ ਲੀਡਰ ਝੂਠੇ ਲਾਰੇ ਲਾ ਕੇ ਚਲੇ ਜਾਂਦੇ ਹਨ ਅਤੇ ਜਿੱਤਣ ਤੋਂ ਬਾਅਦ ਕੋਈ ਵੀ ਲੋਕਾਂ ਦੀ ਸਾਰ ਨਹੀਂ ਲੈਂਦਾ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਕੁਝ ਦਿਨਾਂ ਵਿਚ ਹੱਲ ਨਾ ਕੀਤਾ ਗਿਆ ਤਾਂ ਉਹ ਐੱਮ. ਪੀ. ਚੌਧਰੀ ਸੰਤੋਖ ਸਿੰਘ ਦੀ ਕੋਠੀ ਅੱਗੇ ਧਰਨਾ ਦੇਣਗੇ। 
ਇਸ ਸਬੰਧੀ ਜਦੋਂ ਪਾਣੀ ਦੀ ਟੈਂਕੀ ਦੇ ਆਪ੍ਰੇਟਰ ਸੁਖਦਿਆਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਜਾਇਜ਼ ਹੈ। ਲੰਬੇ ਸਮੇਂ ਤੋਂ ਟੈਂਕੀ ਦਾ ਬੋਰ ਖਰਾਬ ਹੈ, ਜਿਥੋਂ ਪਾਣੀ ਬਹੁਤ ਘੱਟ ਆ ਰਿਹਾ ਹੈ, ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਮੌਕੇ ਪ੍ਰਦੀਪ ਕੁਮਾਰ ਪੰਚ, ਪਵਨ ਕੁਮਾਰ, ਸਗਲੀ ਰਾਮ, ਨਿਰਮਲਾ, ਵੀਰੋ, ਕਮਲੇਸ਼, ਵੰਤ, ਸੱਤਿਆ, ਮਿੰਦੋ ਅਤੇ ਪਿੰਡ ਵਾਸੀ ਮੌਜੂਦ ਸਨ।


Related News