ਝੋਨੇ ਦੀ ਲਵਾਈ ਦੇ ਮੁੱਢਲੇ ਪਡ਼ਾਅ ’ਤੇ ਰਡ਼ਕਣ ਲੱਗੀ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ
Friday, Jun 22, 2018 - 06:41 AM (IST)

ਮੋਗਾ, (ਗੋਪੀ ਰਾਊਕੇ)- ਸਾਉਣੀ ਦੀ ਮੁੱਖ ਫਸਲ ਝੋਨੇ ਦੀ ਲਵਾਈ ਦੇ ਮੁੱਢਲੇ ਪਡ਼੍ਹਾਅ ’ਤੇ ਹੀ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਰਡ਼ਕਣ ਲੱਗੀ ਹੈ, ਇਸ ਤਰ੍ਹਾਂ ਦੀ ਬਣੀ ਸਥਿਤੀ ਨਾਲ ਨਿਪਟਣ ਲਈ ਕਿਸਾਨ ਵਰਗ ਨੇ ਜਿਥੇ ਰੇਲਵੇ ਸਟੇਸ਼ਨਾਂ ’ਤੇ ਡੇਰੇ ਲਾ ਰਹੇ ਹਨ, ਉੱਥੇ ਕਿਸਾਨ ਕਿਸਾਨ ਵਰਗ ਮਜ਼ਦੂਰਾਂ ਦੀ ਬਣਦੀ ਮਿਹਨਤ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਸੇਵਾ ਪਾਣੀ ਕਰਨ ਦੀ ਪੇਸ਼ਕਸ਼ ਵੀ ਕਰ ਰਹੇ ਹਨ। ਕਿਸਾਨ ਵਰਗ ਦਾ ਤਰਕ ਹੈ ਕਿ ਪਹਿਲਾ ਹੀ ਧਰਤੀ ਹੇਠਲੇ ਪਾਣੀ ਕਰਕੇ ਸਰਕਾਰ ਨੇ ਝੋਨੇ ਦੀ ਲਵਾਈ 20 ਜੂਨ ਤੋਂ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਹੁਣ ਵੀ ਜੇਕਰ ਸਮੇਂ ਸਿਰ ਕਾਮੇ ਨਾ ਮਿਲੇ ਤਾਂ ਝੋਨੇ ਦੀ ਲਵਾਈ ਪਛਡ਼ ਜਾਵੇਗੀ, ਜਿਸ ਦੇ ਸਿੱਟੇ ਵਜੋਂ ਝੋਨੇ ਪੱਕਣ ’ਚ ਦੇਰੀ ਹੋਵੇਗੀ ਤੇ ਫਿਰ ਕਿਸਾਨਾਂ ਨੂੰ ਮੰਡੀਕਰਨ ਵੇਲੇ ਵੀ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਦੂਜੇ ਪਾਸੇ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਮੁੱਢਲੇ ਪਡ਼੍ਹਾਅ ’ਤੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ’ਚ ਸਫਲ ਹੁੰਦੀ ਦਿਖਾਈ ਦੇ ਰਹੀ ਹੈ, ਪਰ ਕਿਸਾਨ ਹਿਤੈਸ਼ੀ ਧਿਰਾਂ ਖੇਤੀ ਸੈਕਟਰ ਲਈ 16 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੀ ਮੰਗ ਕਰ ਰਹੀਅਾਂ ਹਨ।
‘ਜਗ ਬਾਣੀ’ ਵੱਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਜ਼ਿਲੇ ਭਰ 1 ਲੱਖ 65 ਹਜ਼ਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਲਵਾਈ ਕੀਤੀ ਜਾਣੀ ਹੈ ਅਤੇ ਇਸ ਕੰਮ ਨੂੰ ਨੇਪਰੇ ਚਾਡ਼੍ਹਨ ਲਈ ਵੱਡੀ ਗਿਣਤੀ ’ਚ ਪ੍ਰਵਾਸੀ ਕਾਮਿਆਂ ਦੀ ਲੋਡ਼ ਪੈ ਰਹੀ ਹੈ ਪਰ ਐਂਤਕੀ ਬਹੁਤ ਘੱਟ ਗਿਣਤੀ ’ਚ ਕਾਮੇ ਆਉਣ ਕਰਕੇ ਮੋਗਾ ਜ਼ਿਲੇ ਦੇ ਕਿਸਾਨਾਂ ਨੂੰ ਵੱਡੀ ਮੁਸ਼ਕਲ ਝੱਲਣੀ ਪੈ ਰਹੀ ਹੈ। ਮੋਗਾ ਦੇ ਰੇਲਵੇ ਸਟੇਸ਼ਨ ’ਤੇ ਅੱਜ ਜਿਉਂ ਹੀ ਲੁਧਿਆਣਾ ਤੋਂ ਆਈ ਰੇਲ ਗੱਡੀ ’ਚੋਂ ਪ੍ਰਵਾਸੀ ਮਜ਼ਦੂੁਰਾਂ ਦੀਆਂ ਟੋਲੀਅਾਂ ਉਤਰਨ ਲੱਗੀਆ ਤਾਂ ਰੇਲਵੇ ਸਟੇਸ਼ਨ ’ਤੇ ਪਹਿਲਾ ਤੋਂ ਹੀ ਤਿਆਰ-ਬ-ਤਿਆਰ ਖਡ਼੍ਹੇ ਕਿਸਾਨਾਂ ਨੇ ਪ੍ਰਵਾਸੀ ਕਾਮਿਆਂ ਨਾਲ ਆਪਣਾ ਰਾਬਤਾ ਬਨਾਉਣਾ ਸ਼ੁਰੂ ਕਰ ਦਿੱਤਾ, ਇਥੇ ਹੀ ਬੱਸ ਨਹੀਂ ਕਿਸਾਨ ਇਕ-ਦੂਜੇ ਤੋਂ ਜਿਆਦਾ ਪੈਸਿਅਾਂ ਦੀ ਪੇਸ਼ਕਸ ਕਰਕੇ ਇਨ੍ਹਾਂ ਕਾਮਿਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਈ ਕਸਰ ਬਾਕੀ ਨਹੀਂ ਸਨ ਛੱਡ ਰਹੇ।
ਮੋਗਾ ਦੇ ਸੰਧੂਆ ਵਾਲਾ ਰੋਡ ’ਤੇ ਖੇਤੀਬਾਡ਼ੀ ਦਾ ਕਾਰੋਬਾਰ ਕਰਦੇ ਅਮ੍ਰਿਤਪਾਲ ਸਿੰਘ ਗਿੱਲ ਦਾ ਕਹਿਣਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੀ ਘਟੀ ਆਮਦ ਕਰਕੇ ਕਿਸਾਨ ਵਰਗ ਨੂੰ ਦਿੱਕਤਾ ਪੇਸ਼ ਆ ਰਹੀਅਾਂ ਹਨ। ਉਨ੍ਹਾਂ ਕਿਹਾ ਕਿ ਇਕੋਂ ਵੇਲੇ ਝੋਨੇ ਦੀ ਲਵਾਈ ਹੋਣ ਕਰਕੇ ਦਿੱਕਤਾ ਆਉਣੀਅਾਂ ਸੁਭਾਵਿਕ ਹਨ। ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਦਾ ਕਹਿਣਾ ਸੀ ਕਿ ਮਜ਼ਦੂਰਾਂ ਦੀ ਘਾਟ ਕਰਕੇ ਝੋਨੇ ਦੀ ਲਵਾਈ ਦੇ ਰੇਟਾਂ ’ਚ ਵੀ ਇਜ਼ਾਫਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾ ਪ੍ਰਤੀ ਏਕਡ਼ ਭਾਅ 2700-2800 ਰੁਪਏ ਚੱਲਦਾ ਸੀ ਜੋਂ ਹੁਣ ਇਕਦਮ ਵੱਧ ਕੇ 3200 ਰੁਪਏ ਨੂੰ ਵੀ ਟੱਪ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਮਾਨਸੂਨ ਦੀਆਂ ਬਰਸਾਤ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਇਸ ਤੋਂ ਲੱਗਦਾ ਹੈ ਕਿ ਬਾਰਸ਼ ਮਗਰੋ ਲਵਾਈ ਦੇ ਰੇਟ ਹੋਰ ਵੱਧ ਜਾਣਗੇ।
ਖੇਤੀਬਾਡ਼ੀ ਵਿਭਾਗ ਦੀਅਾਂ ਕੋਸ਼ਿਸ਼ਾਂ ਬੇਅਸਰ, ਕਿਸਾਨਾਂ ਨੇ ਫਿਰ ਕੀਤਾ ਪੂਸਾ-44 ਵੱਲ ਰੁਖ
ਧਰਤੀ ਹੇਠਲੇ ਪਾਣੀ ਬਚਾਉਣ ਲਈ ਖੇਤੀਬਾਡ਼ੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਘੱਟ ਸਮੇਂ ਪੱਕਣ ਵਾਲੀਆਂ ਕਿਸਮਾਂ ਦੀ ਬਜਾਏ ਇਸ ਵਾਰ ਵੀ ਕਿਸਾਨਾਂ ਨੇ ਮੁਡ਼ ਵੱਧ ਸਮੇਂ ’ਚ ਪੱਕਣ ਅਤੇ ਜਿਆਦਾ ਪਾਣੀ ਲੈਣ ਵਾਲੀ ਪੂਸਾ-44 ਕਿਸਮ ਵੱਲ ਹੀ ਰੁਖ ਕੀਤਾ ਹੈ। ਇਕੱਠੇ ਕੀਤੇ ਵੇਰਵਿਆਂ ’ਚ ਪਤਾ ਲੱਗਾ ਹੈ ਕਿ ਜ਼ਿਲੇ ਭਰ ਦੇ ਕਿਸਾਨਾਂ ਨੇ 70 ਫੀਸਦੀ ਤੋਂ ਵੀ ਵੱਧ ਪੂਸੇ ਝੋਨੇ ਦੀ ਲਵਾਈ ਕੀਤੀ ਹੈ। ਕਿਸਾਨਾਂ ਦਾ ਇਸ ਮਾਮਲੇ ’ਤੇ ਕਹਿਣਾ ਹੈ ਕਿ ਪਹਿਲਾ ਹੀ ਆਰਥਿਕ ਮੰਦਹਾਲੀ ’ਚੋਂ ਕਿਸਾਨ ਵਰਗ ਲੰਘ ਰਿਹਾ ਹੈ ਅਤੇ ਦੂਜੀਅਾਂ ਕਿਸਮਾਂ ਦਾ ਝਾਡ਼ ਵੀ ਬੇਹੱਦ ਘੱਟ ਹੈ, ਇਸ ਲਈ ਕਿਸਾਨ ਵਰਗ ਦੀ ਪੂਸਾ ਕਿਸਮਾਂ ਲਾਉਣਾ ਮਜ਼ਬੂਰੀ ਹੈ।
ਖੇਤੀਬਾਡ਼ੀ ਅਧਿਕਾਰੀਆਂ ਨੇ ਮੰਨਿਆ ਆਸ ਮੁਤਾਬਕ ਨਹੀਂ ਮਿਲਿਆ ਨਤੀਜਾ
ਅਗਲੇ ਵਰ੍ਹੇ ਤੋਂ ਸਫਲਤਾ ਮਿਲਣ ਦਾ ਕੀਤਾ ਦਾਅਵਾ
ਮੋਗਾ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਸਯੁੰਕਤ ਡਾਇਰੈਕਟਰ ਸਰਬਜੀਤ ਸਿੰਘ ਕੰਧਾਰੀ ਅਤੇ ਡਾ. ਹਰਨੇਕ ਸਿੰਘ ਰੋਡੇ ਨੇ ਮੰਨਿਆ ਕਿ ਖੇਤੀਬਾਡ਼ੀ ਵਿਭਾਗ ਨੂੰ ਆਸ ਨਾਲੋਂ ਵੀ ਘੱਟ ਨਤੀਜਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਤੋਂ ਕਿਸਾਨ ਵਰਗ ਨੂੰ ਹੋਰ ਜ਼ੋਰਦਾਰ ਢੰਗ ਨਾਲ ਘੱਟ ਪਾਣੀ ਨਾਲ ਪੱਕਣ ਵਾਲੀਅਾਂ ਕਿਸਮਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਵਰਗ ਘੱਟ ਪਾਣੀ ਲੈਣ ਵਾਲੀਅਾਂ ਫਸਲਾਂ ਵੱਲ ਜ਼ਰੂਰ ਆਵੇਗਾ।