ਜਲੰਧਰ ਜ਼ਿਮਨੀ ਚੋਣ: ਵੋਟਰਾਂ ’ਚ ਰਹੀ ਉਤਸ਼ਾਹਹੀਣਤਾ, ਪਾਰਟੀਆਂ ਦਾ ਆਪਣਾ ਕੇਡਰ ਹੀ ਭੁਗਤਿਆ

05/14/2023 12:37:54 PM

ਜਲੰਧਰ (ਖੁਰਾਣਾ)–ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੋਟ ਫ਼ੀਸਦੀ ਪਿਛਲੇ ਸਾਲਾਂ ਦੀ ਤੁਲਨਾ ਵਿਚ ਕਾਫ਼ੀ ਘੱਟ ਰਹੀ, ਜਿਸ ਤੋਂ ਸਾਫ਼ ਹੈ ਕਿ ਇਸ ਵਾਰ ਵੋਟਰਾਂ ਵਿਚ ਜ਼ਿਮਨੀ ਚੋਣ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਸੀ ਪਰ ਦੂਜੇ ਪਾਸੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਨੂੰ ਆਪਣੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ। ਇਹੀ ਕਾਰਨ ਰਿਹਾ ਕਿ ਇਸ ਜ਼ਿਮਨੀ ਵਿਚ ਚਾਰੋਂ ਰਵਾਇਤੀ ਪਾਰਟੀਆਂ ਦਾ ਸਿਰਫ਼ ਆਪਣਾ ਕੇਡਰ ਹੀ ਭੁਗਤ ਸਕਿਆ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦੇ ਬਾਵਜੂਦ ਇਸ ਪਾਰਟੀ ਦਾ ਆਪਣਾ ਕੇਡਰ ਪਹਿਲਾਂ ਜਿੰਨਾ ਐਕਟਿਵ ਨਹੀਂ ਸੀ ਪਰ ਬਾਅਦ ਵਿਚ ਦੂਜੀਆਂ ਪਾਰਟੀਆਂ ਦੇ ਇੰਨੇ ਆਗੂ ‘ਆਪ’ ਵਿਚ ਸ਼ਾਮਲ ਹੋ ਗਏ ਕਿ ਸਾਰੀਆਂ ਸਰਗਰਮੀਆਂ ਹੀ ਆਮ ਆਦਮੀ ਪਾਰਟੀ ਦੀਆਂ ਨਜ਼ਰ ਆਉਣ ਲੱਗੀਆਂ।

ਇਹ ਵੀ ਪੜ੍ਹੋ - ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ 'ਤੇ ਵਿਜ਼ਨ ਲੈ ਕੇ ਆਇਆ ਹਾਂ

ਪਾਰਟੀ ਵਿਚ ਆਏ ਨਵੇਂ-ਨਵੇਂ ਆਗੂਆਂ ਨੇ ਇਸ ਲਈ ਜ਼ਿਆਦਾ ਉਤਸ਼ਾਹ ਨਾਲ ਕੰਮ ਕੀਤਾ ਤਾਂ ਕਿ ਪਾਰਟੀ ਵਿਚ ਉਨ੍ਹਾਂ ਦੀ ਜਗ੍ਹਾ ਬਣ ਸਕੇ। ਇਸ ਤਰ੍ਹਾਂ ‘ਆਪ’ ਦੇ ਕੇਡਰ ਵਿਚ ਸਭ ਤੋਂ ਜ਼ਿਆਦਾ ਐਕਟੀਵਿਟੀ ਨਜ਼ਰ ਆਈ। ਦੂਜਾ ਸਭ ਤੋਂ ਜ਼ਿਆਦਾ ਉਤਸ਼ਾਹ ਭਾਰਤੀ ਜਨਤਾ ਪਾਰਟੀ ਦੇ ਕੇਡਰ ਵਿਚ ਵੇਖਣ ਨੂੰ ਮਿਲਿਆ, ਜਿਨ੍ਹਾਂ ਦਾ ਮਨੋਬਲ ਵਧਾਉਣ ਲਈ ਕੇਂਦਰ ਦੇ ਕਈ ਆਗੂਆਂ ਨੇ ਜਲੰਧਰ ਵਿਚ ਡੇਰਾ ਲਾਈ ਰੱਖਿਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਭਾਜਪਾ ਇਸ ਜ਼ਿਮਨੀ ਚੋਣ ਵਿਚ ਡੇਢ ਲੱਖ ਤੋਂ ਵੱਧ ਵੋਟਾਂ ਲੈ ਜਾਵੇਗੀ ਪਰ ਸਥਾਨਕ ਲੀਡਰਸ਼ਿਪ ਦੀ ਕਮਜ਼ੋਰੀ ਕਾਰਨ ਪਾਰਟੀ ਦੇ ਕੇਡਰ ਵਿਚ ਵਾਧਾ ਨਹੀਂ ਹੋ ਸਕਿਆ। ਫਿਰ ਵੀ ਨਾਰਥ ਅਤੇ ਸੈਂਟਰਲ ਹਲਕਿਆਂ ਵਿਚ ਵਧੀਆ ਪ੍ਰਦਰਸ਼ਨ ਕਰ ਕੇ ਉਥੇ ਪਹਿਲੇ ਨੰਬਰ ’ਤੇ ਆ ਕੇ ਭਾਜਪਾ ਨੇ ਆਪਣੇ ਬਚੀ-ਖੁਚੀ ਸਾਖ ਬਚਾ ਲਈ।

ਕਾਂਗਰਸ ਦੀ ਗੱਲ ਕਰੀਏ ਤਾਂ ਇਸ ਦੇ ਵਰਕਰਾਂ ਵਿਚ ਉਤਸ਼ਾਹ ਬਿਲਕੁਲ ਹੀ ਗਾਇਬ ਦਿਸਿਆ। ਅਕਸਰ ਇਹ ਚਰਚਾ ਹੁੰਦੀ ਰਹੀ ਕਿ ਦਿੱਲੀ ਤੋਂ ਕੋਈ ਵੱਡਾ ਆਗੂ ਇਸ ਜ਼ਿਮਨੀ ਚੋਣ ਵਿਚ ਪ੍ਰਚਾਰ ਕਰਨ ਨਹੀਂ ਪੁੱਜਾ। ਸੂਬਾ ਪੱਧਰ ਦੇ ਜਿਹੜੇ ਆਗੂ ਪਹੁੰਚੇ ਵੀ, ਉਨ੍ਹਾਂ ਵਿਚ ਆਪਸੀ ਖਿੱਚੋਤਾਣ ਹੀ ਇੰਨੀ ਜ਼ਿਆਦਾ ਸੀ ਕਿ ਉਹ ਇਕਜੁੱਟ ਹੋ ਕੇ ਕੰਮ ਨਹੀਂ ਕਰ ਸਕੇ। ਅਕਾਲੀ-ਬਸਪਾ ਗੱਠਜੋੜ ਵੀ ਸਿਰਫ ਆਪਣੇ ਕੇਡਰ ਤੱਕ ਹੀ ਸੀਮਤ ਰਿਹਾ ਅਤੇ ਉਸ ਦੇ ਵੋਟ ਫ਼ੀਸਦੀ ਵਿਚ ਕੋਈ ਖਾਸ ਵਾਧਾ ਨਹੀਂ ਹੋਇਆ। ਇਸ ਗੱਠਜੋੜ ਲਈ ਇਹੀ ਰਾਹਤ ਦੀ ਗੱਲ ਰਹੀ ਕਿ ਉਸਨੇ ਭਾਜਪਾ ਨੂੰ ਪਛਾੜ ਦਿੱਤਾ।

ਇਹ ਵੀ ਪੜ੍ਹੋ - ਜਲੰਧਰ ਲੋਕ ਸਭਾ ਸੀਟ ਦੇ ਸਿਆਸੀ ਸਮੀਕਰਨ ਬਦਲਣ ਵਾਲੇ ਸੁਸ਼ੀਲ ਰਿੰਕੂ ਦੇ ਸਿਆਸੀ ਸਫ਼ਰ 'ਤੇ ਇਕ ਝਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News