ਮਜ਼ਦੂਰ ਮੁਕਤੀ ਮੋਰਚਾ ਤੇ ਪੇਂਡੂ ਮਜ਼ਦੂਰਾਂ ਨੇ ਦਿੱਤਾ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ
Thursday, Sep 14, 2017 - 01:05 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਸਥਾਨਕ ਨਹਿਰੂ ਪਾਰਕ ਵਿਖੇ ਮਨਰੇਗਾ ਅਤੇ ਪੇਂਡੂ ਮਜ਼ਦੂਰਾਂ ਨੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ 'ਚ ਬੀ. ਡੀ. ਪੀ. ਓ. ਦਫਤਰ ਅੱਗੇ ਧਰਨਾ ਦਿੱਤਾ।
ਧਰਨੇ ਦੌਰਾਨ ਬੋਲਦਿਆਂ ਮੋਰਚਾ ਦੇ ਜ਼ਿਲਾ ਪ੍ਰਧਾਨ ਵਿਜੇ ਕੁਮਾਰ ਸੋਹਲ, ਜਤਿੰਦਰ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾ. ਗੁਰਮੀਤ ਬੱਖਤਪੁਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦੇ 6 ਮਹੀਨੇ ਬੀਤੇ ਜਾਣ ਉਪਰੰਤ ਮਨਰੇਗਾ ਦਾ ਰੁਜ਼ਗਾਰ ਵੀ ਲੋਕਾਂ ਖਾਸਕਰ ਮਜ਼ਦੂਰਾਂ ਲਈ ਬਹੁਤ ਵੱਡਾ ਮੁੱਦਾ ਹੈ ਪਰ ਦੁਖਾਂਤਿਕ ਪਹਿਲੂ ਇਹ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਮਨਰੇਗਾ ਵਰਗਾ ਰੁਜ਼ਗਾਰ ਵੀ ਲੋਕਾਂ ਨੂੰ ਦੇਣ ਵਿਚ ਫੇਲ ਹੋ ਰਹੀ ਹੈ, ਜਿਸ ਕਾਰਨ ਮਜ਼ਦੂਰਾਂ ਵਿਚ ਸਰਕਾਰ ਵਿਰੁੱਧ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਾਲ ਵਿਚ ਮੁਸ਼ਕਿਲ ਨਾਲ 2 ਫੀਸਦੀ ਮਜ਼ਦੂਰ ਪਰਿਵਾਰਾਂ ਨੂੰ ਮਨਰੇਗਾ ਦਾ ਰੁਜ਼ਗਾਰ ਮਿਲਿਆ ਹੈ ਤੇ ਕਰੀਬ ਇਸ ਸਾਲ ਜ਼ਿਲੇ ਵਿਚ ਕੀਤੇ ਕੰਮ ਦੇ 79 ਲੱਖ ਰੁਪਏ ਮਜ਼ਦੂਰੀ ਦੇ ਬਕਾਏ ਸਰਕਾਰ ਵੱਲ ਖੜ੍ਹੇ ਹਨ ਜਦੋਂਕਿ 2015 ਅਤੇ 2016 ਦਾ ਬਕਾਇਆ ਵੀ ਸਰਕਾਰ ਮਜ਼ਦੂਰਾਂ ਨੂੰ ਨਹੀਂ ਦੇ ਰਹੀ। ਆਗੂਆਂ ਮੰਗ ਕੀਤੀ ਕਿ ਸਰਕਾਰ 100 ਦਿਨ ਦਾ ਕੰਮ ਹਰ ਮਜ਼ਦੂਰ ਪਰਿਵਾਰ ਲਈ ਜ਼ਰੂਰੀ ਬਣਾਏ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਕੰਮ ਦੌਰਾਨ ਹਾਜ਼ਰੀ ਜਾਬ ਕਾਰਡ 'ਤੇ ਲਗਾਈ ਜਾਵੇ, ਮਨਰੇਗਾ ਦੇ ਫਾਰਮ ਤਸਦੀਕ ਨਾ ਕਰਨ ਵਾਲੇ ਸਰਪੰਚਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਮਜ਼ਦੂਰੀ ਦਾ ਭੁਗਤਾਨ 15 ਦਿਨਾਂ ਵਿਚ ਪੂਰਾ ਕੀਤਾ ਜਾਵੇ।
ਇਸ ਮੌਕੇ ਅਸ਼ਵਨੀ ਕੁਮਾਰ ਲੱਖਣਕਲਾਂ, ਸਾਹਬੀ ਗੁਰਦਾਸ ਨੰਗਲ, ਤਰਲੋਕ ਸਿੰਘ, ਲਾਲੀ, ਗੋਪਾਲ ਕ੍ਰਿਸ਼ਨ ਪਾਲਾ ਆਦਿ ਹਾਜ਼ਰ ਸਨ।