ਦੋਧੀ ਤੋਂ ਬਣਿਆ ਐੱਲ. ਆਈ. ਸੀ. ਏਜੰਟ, ਫਿਰ ਖੜ੍ਹਾ ਕਰ ਦਿੱਤਾ ਕਰੋੜਾਂ ਦਾ ਸਾਮਰਾਜ
Tuesday, Aug 27, 2024 - 07:16 AM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਜ਼ਿਲ੍ਹਾ ਰੂਪਨਗਰ ਦੇ ਕਸਬਾ ਬੇਲਾ ਨਾਲ ਲੱਗਦੇ ਪਿੰਡ ਅਟਾਰੀ ਦਾ ਜੰਮਪਲ ਨਿਰਮਲ ਸਿੰਘ ਭੰਗੂ ਕਦੇ ਦੇਸ਼ ਭਰ ’ਚ ਸੁਰਖੀਆਂ ਬਣੇਗਾ, ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਕਸਬਾ ਬੇਲਾ ਨਾਲ ਲੱਗਦੇ ਪਿੰਡ ਅਟਾਰੀ ਦਾ ਰਹਿਣ ਵਾਲਾ ਨਿਰਮਲ ਸਿੰਘ ਭੰਗੂ ਪਹਿਲਾਂ ਸਾਈਕਲ ’ਤੇ ਦੁੱਧ ਵੇਚਦਾ ਸੀ। 70 ਦੇ ਦਹਾਕੇ ’ਚ ਉਹ ਨੌਕਰੀ ਲਈ ਕਲਕੱਤਾ ਚਲਿਆ ਗਿਆ। ਉੱਥੇ ਉਸ ਨੇ ‘ਪੀਅਰਲੈੱਸ’ ਕੰਪਨੀ ’ਚ ਕੁਝ ਸਾਲ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਹਰਿਆਣਾ ਦੀ ਇਕ ਕੰਪਨੀ ‘ਗੋਲਡਨ ਫਾਰੈਸਟ ਇੰਡੀਆ’ ਲਿਮਟਿਡ ’ਚ ਕੰਮ ਕੀਤਾ।
ਕੰਪਨੀ ਬੰਦ ਹੋਣ ਤੋਂ ਬਾਅਦ ਜਦੋਂ ਉਹ ਬੇਰੁਜ਼ਗਾਰ ਹੋ ਗਿਆ ਤਾਂ ਉਸ ਨੇ ਵੀ ਕੰਪਨੀ ਦਾ ਤਰੀਕਾ ਅਪਣਾਇਆ ਤੇ 1980 ’ਚ ‘ਪਰਲਜ਼ ਗੋਲਡਨ ਫੋਰੈਸਟ’ (ਪੀ.ਜੀ.ਐੱਫ.) ਨਾਂ ਦੀ ਕੰਪਨੀ ਬਣਾਈ। ਇਸ ਤੋਂ ਬਾਅਦ ਉਸ ਨੇ ਪਰਲ ਨਾਂ ਦੀਆਂ ਹੋਰ ਕਈ ਕੰਪਨੀਆਂ ਬਣਾਈਆਂ।
ਦਿੱਲੀ ’ਚ ਉਸ ਦੀ ਕੰਪਨੀ ’ਚ ਕੰਮ ਕਰਨ ਵਾਲੇ ਰੋਪੜ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੰਬਾਲਾ ’ਚ ਵੀ ‘ਪਰਲ’ ਗਰੁੱਪ ਦਾ ਦਫ਼ਤਰ ਸੀ, ਜਿੱਥੇ ਇਕ ਡਾਇਰੈਕਟਰ ਦੇ ਨਾਲ ਕਈ ਹੋਰ ਕੰਮ ਕਾਰਨ ਵਾਲੇ ਵਿਅਕਤੀ ਹੁੰਦੇ ਸਨ। ਇਸ ਗਰੁੱਪ ’ਚ ਵੱਡੇ ਅਹੁਦਿਆਂ ’ਤੇ ਉਨ੍ਹਾਂ ਦੇ ਰਿਸ਼ਤੇਦਾਰ ਹੀ ਸਨ। ਇਸ ਤੋਂ ਇਲਾਵਾ ਉਸ ਨੇ ਘੱਟ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਨੂੰ ਡਾਟਾ ਐਂਟਰੀ ’ਤੇ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਖ਼ੁਸ਼ਖਬਰੀ, ਸ਼ਰਧਾਲੂਆਂ ਲਈ ਮੁੜ ਖੁੱਲ੍ਹਿਆ ਕੇਦਾਰਨਾਥ ਧਾਮ ਪੈਦਲ ਮਾਰਗ, 26 ਦਿਨ ਪਹਿਲਾਂ ਕੀਤਾ ਗਿਆ ਸੀ ਬੰਦ
ਉਸ ਦੇ ਬਚਪਨ ਦੇ ਦੋਸਤ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਕੂਲ ਸਮੇਂ ਨਿਰਮਲ ਸਿੰਘ ਭੰਗੂ ਬੜਾ ਹੀ ਚੰਗਾ ਇਨਸਾਨ ਸੀ। ਉਹ ਹਰ ਕਿਸੇ ਦੀ ਮਦਦ ਕਰਦਾ ਸੀ। ਉਹ ਮੇਰੇ ਨਾਲ ਦਸਵੀਂ ਤੱਕ ਪੜ੍ਹਿਆ ਤੇ ਬਾਅਦ ’ਚ ਉਹ ਚੰਡੀਗੜ੍ਹ ਚਲਾ ਗਿਆ। ਅਗਲੀ ਪੜ੍ਹਾਈ ਉਸ ਨੇ ਚੰਡੀਗੜ੍ਹ ਤੋਂ ਕੀਤੀ। ਉਸ ਦੌਰਾਨ ਉਹ ਐੱਲ. ਆਈ. ਸੀ. ਦਾ ਏਜੰਟ ਬਣ ਗਿਆ ਸੀ ਤੇ ਉਹ ਕਦੇ-ਕਦੇ ਹੀ ਅਟਾਰੀ ਪਿੰਡ ਆਉਂਦਾ ਸੀ ਤੇ ਖੁੱਲ੍ਹੇ ਮਨ ਨਾਲ ਸਾਨੂੰ ਮਿਲਦਾ ਸੀ। ਉਸ ਸਮੇਂ ਉਹ ਬੜਾ ਹੀ ਹਸਮੁੱਖ ਇਨਸਾਨ ਸੀ ਤੇ ਹਮੇਸ਼ਾ ਹਾਂ-ਪੱਖੀ ਗੱਲ ਕਰਦਾ ਸੀ।
ਸਾਰਾ ਪਰਿਵਾਰ ਕਰਦਾ ਸੀ ਡੇਅਰੀ ਦਾ ਕੰਮ
ਉਸ ਦੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ’ਚ ਨਿਰਮਲ ਸਿੰਘ ਭੰਗੂ ਬਹੁਤ ਸਧਾਰਨ ਵਿਅਕਤੀ ਸੀ। ਉਸ ਦੇ ਪਿਤਾ ਗੁਰਦਿਆਲ ਸਿੰਘ ਦੇ ਤਿੰਨ ਪੁੱਤਰ ਸਨ, ਜਿਨ੍ਹਾਂ ’ਚੋਂ ਬਲਦੇਵ ਸਿੰਘ ਤੇ ਨਛੱਤਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀਆਂ ਦੋ ਭੈਣਾਂ ਹਨ, ਜਿਨ੍ਹਾਂ ’ਚੋਂ ਇਕ ਵਿਦੇਸ਼ ਰਹਿੰਦੀ ਹੈ। ਉਸ ਦਾ ਸਾਰਾ ਪਰਿਵਾਰ ਡੇਅਰੀ ਦਾ ਕੰਮ ਕਰਦਾ ਸੀ। ਸ਼ੁਰੂਆਤੀ ਦਿਨਾਂ ’ਚ ਉਹ ਖ਼ੁਦ ਸਾਈਕਲ ’ਤੇ ਨਾਲ ਦੇ ਪਿੰਡ ’ਚ ਦੁੱਧ ਪਾਉਣ ਜਾਂਦਾ ਸੀ। ਉਹ ਆਪਣੇ ਪਿੰਡ ਦੇ ਹਰ ਵਿਅਕਤੀ ਨਾਲ ਬੜੀ ਨਿਮਰਤਾ ਨਾਲ ਗੱਲ ਕਰਦਾ ਸੀ। ਇਹੀ ਕਾਰਨ ਹੈ ਕਿ ਉਹ ਦੋਧੀ ਤੋਂ ਕਰੋੜਪਤੀ ਬਣ ਗਿਆ।
ਆਮ ਲੋਕਾਂ ਤੋਂ ਇਕੱਠੀ ਕੀਤੀ ਛੋਟੀ ਜਿਹੀ ਰਕਮ ਨਾਲ ਉਸ ਨੇ ਪਰਲਜ਼ ਗਰੁੱਪ ਦਾ ਵੱਡਾ ਸਾਮਰਾਜ ਬਣਾਇਆ ਸੀ। ਭੰਗੂ ਨੇ ਇਸ ਪੈਸੇ ਨੂੰ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰਾਂ ’ਚ ਨਿਵੇਸ਼ ਕੀਤਾ ਪਰ ਵਾਅਦੇ ਮੁਤਾਬਕ ਉਸ ਨੇ ਪੈਸੇ ਨਿਵੇਸ਼ਕਾਂ ਨੂੰ ਵਾਪਸ ਨਹੀਂ ਕੀਤੇ। ਇਸ ਕਾਰਨ ਲੋਕਾਂ ਨੇ ਕੰਪਨੀ ਖ਼ਿਲਾਫ਼ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਾਮਲੇ ਨੂੰ ਵਧਦਾ ਦੇਖ ਕੇ ਸੀ. ਬੀ. ਆਈ. ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8