ਕੁੰਵਰ ਵਿਜੇ ਪ੍ਰਤਾਪ ਨੂੰ ਨਾ ਲਾਇਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਠੋਕੇਗਾ ਧਰਨਾ: ਸਰਨਾ

05/06/2019 9:44:07 AM

ਨਾਭਾ (ਜਗਨਾਰ)—ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ. ਆਈ. ਟੀ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੀ ਸਿਟ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ 'ਚ ਡੂੰਘਾਈ ਨਾਲ ਸਹੀ ਜਾਂਚ ਕਰਵਾਈ ਜਾ ਰਹੀ ਸੀ। ਇਸ ਤੋਂ ਸਮੁੱਚੀ ਸਿੱਖ ਕੌਮ ਨੂੰ ਭਾਰੀ ਉਮੀਦਾਂ ਸਨ। ਸ਼੍ਰੋਮਣੀ ਅਕਾਲੀ-ਭਾਜਪਾ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰ ਕੇ ਸਿਟ ਦੇ ਮੁਖੀ ਦਾ ਤਬਾਦਲਾ ਕਰਵਾ ਦਿੱਤਾ ਗਿਆ। ਇਸ ਨੂੰ ਲੈ ਕੇ ਸਿੱਖ ਕੌਮ 'ਚ ਰੋਸ ਦੀ ਲਹਿਰ ਹੈ। ਸਿਟ ਬੇਅਦਬੀ ਕਰਣ, ਕਰਵਾਉਣ ਅਤੇ ਬਰਗਾੜੀ ਮੋਰਚੇ 'ਤੇ ਬੈਠੀ ਸੰਗਤ ਉੱਪਰ ਗੋਲੀਆਂ ਚਲਵਾਉਣ ਵਾਲਿਆਂ ਦੇ ਅਸਲ ਚਿਹਰੇ ਜਲਦ ਨੰਗੇ ਕਰਨ ਵਾਲੀ ਸੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇੜਲੇ ਪਿੰਡ ਢੀਂਗੀ ਸਥਿਤ ਬਲਵਿੰਦਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਫਿਰ ਤੋਂ ਸਿਟ ਦਾ ਮੁਖੀ ਨਾ ਲਾਇਆ ਤਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਧਰਨਾ ਦੇਣ ਤੋਂ ਗੁਰੇਜ਼ ਨਹੀਂ ਕਰੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਰਹੂਮ ਕੈਪਟਨ ਕੰਵਲਜੀਤ ਸਿੰਘ ਸਾਬਕਾ ਸਹਿਕਾਰਤਾ ਮੰਤਰੀ ਦੇ ਹਾਦਸੇ 'ਚ ਹੋਈ ਮੌਤ ਦੀ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਕੇਂਦਰ ਦੀ ਮੋਦੀ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਪ੍ਰਧਾਨ ਸਰਨਾ ਨੇ ਕਿਹਾ ਕਿ ਮੋਦੀ ਵੱਲੋਂ ਹਮੇਸ਼ਾ ਹੀ ਦੇਸ਼ ਦੇ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਇਆ ਜਾਂਦਾ ਹੈ ਕਿ ਉਹ ਪਾਕਿਸਤਾਨ ਨੂੰ ਕੁਚਲ ਕੇ ਖਤਮ ਕਰ ਦੇਣਗੇ ਜਦੋਂ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਸ਼ਾਂਤਮਈ ਢੰਗ ਨਾਲ ਬੈਠ ਕੇ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ। ਬਾਦਲ ਪਰਿਵਾਰ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਮੁਆਫੀ ਮੰਗ ਕੇ ਡਰਾਮੇਬਾਜ਼ੀ ਕਰ ਰਿਹਾ ਹੈ। ਇਸ ਨੂੰ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ। ਉਪਰੰਤ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਰਮਨਦੀਪ ਸਿੰਘ ਸੋਨੂੰ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਚਰਨਜੀਤ ਸਿੰਘ ਚੰਨੀ ਪ੍ਰਧਾਨ ਖਾਲਸਾ ਪੰਚਾਇਤ, ਬੀਬੀ ਮਨਜੀਤ ਕੌਰ ਮੈਂਬਰ ਜ਼ਿਲਾ ਪ੍ਰੀਸ਼ਦ, ਜਤਿੰਦਰ ਸਿੰਘ ਜਤੀ, ਸੁਰਜੀਤ ਸਿੰਘ, ਓਮ ਪ੍ਰਕਾਸ਼, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਗੁਰਜੰਟ ਸਿੰਘ, ਜੱਗਾ ਸਿੰਘ ਅਤੇ ਕਪਿਲ ਕੁਮਾਰ ਆਦਿ ਮੌਜੂਦ ਸਨ।


Shyna

Content Editor

Related News