ਕਿਸਾਨਾਂ ਦੀ ਭਲਾਈ ਲਈ ਮਾਨ ਸਰਕਾਰ ਦੀ ਵਿਲੱਖਣ ਪਹਿਲ, ਚੁੱਕਣ ਜਾ ਰਹੀ ਹੈ ਇਹ ਵੱਡਾ ਕਦਮ
Thursday, Feb 09, 2023 - 05:58 PM (IST)
ਚੰਡੀਗੜ੍ਹ : ਪੰਜਾਬ 'ਚ ਕਿਸਾਨਾਂ ਦੀ ਸਲਾਹ ਨਾਲ ਇਕ ਨਵੀਂ ਖੇਤੀਬਾੜੀ ਨੀਤੀ ਬਣਾਈ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਦੱਸਿਆ ਕਿ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ 'ਚ ਪਹਿਲੀ ਵਾਰ ਸਰਕਾਰ ਇਕ ਖੇਤੀਬਾੜੀ ਨੀਤੀ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕਿਸਾਨ ਖ਼ੁਦ ਹੀ ਸੁਝਾਅ ਦੇਣਗੇ ਕਿ ਉਹ ਕੀ ਚਾਹੁੰਦੇ ਹਨ। ਅਸੀਂ ਕੇਂਦਰ ਸਰਕਾਰ ਵਾਂਗ ਕਿਸਾਨਾਂ ਲਈ ਤਾਨਾਸ਼ਾਹ ਕਾਨੂੰਨ ਨਹੀਂ, ਸਗੋਂ ਕਿਸਾਨਾਂ ਦੀ ਸਲਾਹ ਨਾਲ ਕਿਸਾਨ ਨੀਤੀ ਬਣਾਵਾਂਗੇ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਲੁਧਿਆਣਾ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮਿਲਣੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਪਸੀਨੇ ਛੁਡਾਉਣ ਵਾਲੀ 'ਗਰਮੀ' ਲਈ ਤਿਆਰ, 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ
ਇਸ ਮਿਲਣੀ ਦੌਰਾਨ ਸਰਕਾਰ, ਕਿਸਾਨ ਅਤੇ ਵਿਗਿਆਨੀ ਆਪਸ 'ਚ ਗੱਲਬਾਤ ਕਰਕੇ ਸੁਝਾਅ ਦੇਣਗੇ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਦਾ ਆਯੋਜਨ ਕਰੇਗੀ। ਇਹ ਮਿਲਣੀ ਸਮਾਗਮ 12 ਫਰਵਰੀ, 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਵੇਗਾ। ਖੇਤੀਬਾੜੀ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸੂਬੇ ਦੇ ਇਤਿਹਾਸ 'ਚਪਹਿਲੀ ਵਾਰ ਅਜਿਹੀ ਪਹਿਲ ਕੀਤੀ ਗਈ ਹੈ ਅਤੇ ਇਸ ਮਿਲਣੀ ਦੌਰਾਨ ਖੇਤੀਬਾੜੀ ਤੇ ਖੇਤੀ ਆਧਾਰਿਤ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਬੂਥਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਿਸਾਨਾਂ ਲਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੀ ਕਿਸਾਨ-ਸਰਕਾਰ ਮਿਲਣੀ ਲਈ 5 ਹਜ਼ਾਰ ਕਿਸਾਨਾਂ/ ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਇਸ ਮਿਲਣੀ ਦੌਰਾਨ ਤਜ਼ਰਬੇਕਾਰ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ, ਜੋ ਕਿ ਖੇਤੀਬਾੜੀ ਅਤੇ ਖੇਤੀਬਾੜੀ ਸਹਾਇਕ ਕਿੱਤਿਆਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਰੱਖਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਖੇਤੀਬਾੜੀ ਕਲੱਬਾਂ, ਐਸੋਸੀਏਸ਼ਨਾਂ ਦੇ ਮੈਂਬਰ ਵੀ ਇਸ ਮਿਲਣੀ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ 'ਚ ਸੈਲਫ ਹੈਲਪ ਗਰੁੱਪਾਂ, ਸਹਿਕਾਰੀ ਸੁਸਾਇਟੀਆਂ ਨਾਲ ਸਬੰਧਿਤ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ