ਕੁਲਦੀਪ ਕੌਰ ਕੰਗ ਬਣੀ ਚੌਥੀ ਵਾਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ

Thursday, Aug 20, 2020 - 12:01 AM (IST)

ਮੋਹਾਲੀ,(ਪਰਦੀਪ)-ਸੀਨੀਅਰ ਅਕਾਲੀ ਨੇਤਾ ਬੀਬੀ ਕੁਲਦੀਪ ਕੌਰ ਕੰਗ ਨੂੰ ਲਗਾਤਾਰ ਚੌਥੀ ਵਾਰ ਇਸਤਰੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਜਿਉਂ ਹੀ ਅੱਜ ਕੀਤੀ ਗਈ ਤਿਉਂ ਹੀ ਅਕਾਲੀ ਹਲਕਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬੀਬੀ ਕੰਗ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਜ਼ਿਕਰਯੋਗ ਹੈ ਕਿ ਵਾਰਡ ਨੰਬਰ-10 ਮੋਹਾਲੀ ਤੋਂ 2006 ਤੋਂ ਅਕਾਲੀ ਕੌਂਸਲਰ ਬਣਦੀ ਆ ਰਹੀ ਬੀਬੀ ਕੰਗ ਇਸਤਰੀ ਅਕਾਲੀ ਦਲ ਕੋਰ ਕਮੇਟੀ ਦੀ ਮੈਂਬਰ ਰਹੀ ਅਤੇ ਚਾਈਲਡ ਰਾਈਟਸ ਕਮਿਸ਼ਨ ਦੇ ਤਿੰਨ ਸਾਲਾਂ ਮੈਂਬਰ ਵਜੋਂ ਕਾਰਜਸ਼ੀਲ ਵੀ ਰਹਿ ਚੁੱਕੇ ਹਨ। ਬੀਬੀ ਕੰਗ ਨੂੰ ਪਹਿਲੀ ਵਾਰ 2007 ਇਸਤਰੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਠੀਕ ਉਸੇ ਦਿਨ ਤੋਂ ਹੀ ਪਾਰਟੀ ਦੇ ਹਰ ਸਥਾਨਕ ਜਾਂ ਸੂਬਾ ਪੱਧਰੀ ਪ੍ਰੋਗਰਾਮ ਵਿਚ ਬੀਬੀ ਕੰਗ ਦੀ ਸ਼ਮੂਲੀਅਤ ਨੇ ਹਾਈਕਮਾਂਡ ਵਿਚ ਵਿਸ਼ੇਸ਼ ਥਾਂ ਬਣਾ ਦਿੱਤੀ। 
ਆਪਣੀ ਇਸ ਤਾਜ਼ਾ ਨਿਯੁਕਤੀ ਸਬੰਧੀ ਗੱਲ ਕਰਦਿਆਂ ਬੀਬੀ ਕੰਗ ਨੇ ਸਪੱਸ਼ਟ ਕਿਹਾ ਕਿ ਉਸ ਦਾ ਕੋਈ ਵੀ ਪਰਿਵਾਰ ਮੈਂਬਰ ਰਾਜਨੀਤੀ ਦੇ ਖੇਤਰ ਵਿਚ ਸਰਗਰਮ ਨਹੀਂ ਹੈ ਅਤੇ ਇਹ ਨਿਯੁਕਤੀ ਇਕ ਅਹਿਮ ਜ਼ਿੰਮੇਵਾਰੀ ਵਜੋਂ ਜੋ ਪਾਰਟੀ ਹਾਈਕਮਾਂਡ ਨੇ ਮੈਨੂੰ ਫਿਰ ਤੋਂ ਸੌਂਪੀ ਹੈ, ਇਸ ਲਈ ਮੈਂ ਸਭ ਤੋਂ ਪਹਿਲਾਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਉਸ ਵਿਚ ਫਿਰ ਤੋਂ ਭਰੋਸਾ ਦਿਖਾ ਕੇ ਇਹ ਜ਼ਿੰਮੇਵਾਰੀ ਸੌਂਪੀ ਹੈ। ਪੁੱਛੇ ਇਕ ਸਵਾਲ ਦੇ ਜਵਾਬ ਵਿਚ ਬੀਬੀ ਕੰਗ ਨੇ ਕਿਹਾ ਕਿ ਰਾਜਨੀਤੀ ਦੇ ਖੇਤਰ ਵਿਚ ਮੇਰਾ ਕੋਈ ਵੀ ਸਿਆਸੀ ਬੌਸ ਨਹੀਂ ਹੈ ਅਤੇ ਮੈਂ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਮਜ਼ਬੂਤ ਕਰਨ ਦੇ ਲਈ ਅਤੇ ਪਾਰਟੀ ਵਲੋਂ ਵੱਢੇ ਗਏ ਹਰ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਆਪਣਾ ਨਿਘਰ ਯੋਗਦਾਨ ਪਾਉਣ ਦੀ ਹਰ ਸਫਲ ਕੋਸ਼ਿਸ਼ ਕੀਤੀ ਹੈ ਅਤੇ ਅਕਾਲੀ ਦਲ ਹਾਈਕਮਾਂਡ ਨੇ ਮੈਨੂੰ ਪਾਰਟੀ ਵਿਚ ਕੰਮ ਕਰਨ ਲਈ ਹਮੇਸ਼ਾਂ ਉਚਿਤ ਪਲੇਟਫਾਰਮ ਦਿੱਤਾ ਅਤੇ ਮੇਰੇ ਵਲੋਂ ਪਾਰਟੀ ਲਈ ਕੀਤੀ ਮਿਹਨਤ ਦਾ ਮੁੱਖ ਮੋੜਿਆ ਹੈ। ਇਸ ਦੇ ਲਈ ਮੈਂ ਪਾਰਟੀ ਹਾਈਕਮਾਂਡ ਦੇ ਨਾਲ-ਨਾਲ ਉਨ੍ਹਾਂ ਪਾਰਟੀ ਕਾਰਕੂੰਨਾਂ ਅਤੇ ਸਹਿਯੋਗਕਰਤਾਵਾਂ ਦੀ ਹਮੇਸ਼ਾਂ ਸ਼ੁਕਰ ਗੁਜ਼ਾਰ ਰਹਾਂਗੀ ਜੋ ਹਰ ਸਥਿਤੀ ਵਿਚ ਮੈਨੂੰ ਅਗਾਂਹ ਵਧਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਬੀਬੀ ਕੰਗ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਪਾਰਟੀ ਲਈ ਪਹਿਲਾਂ ਹੀ ਕਾਰਜਸ਼ੀਲ ਅਤੇ ਭਵਿੱਖ ਦੀਆਂ ਨੇਤਾਵਾਂ ਨੌਜਵਾਨ ਲੜਕੀਆਂ ਨੂੰ ਵੀ ਪਾਰਟੀ ਨਾਲ ਜੋੜੇਗੀ ਅਤੇ ਜਲਦੀ ਹੀ ਇਸ ਸਬੰਧੀ ਜ਼ਿਲਾ ਮੋਹਾਲੀ ਇਕਾਈ ਦੇ ਸੰਗਠਨਾਤਮਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਕੁਲਦੀਪ ਕੌਰ ਕੰਗ ਦੇ ਨਾਲ ਸਾਬਕਾ ਕੌਂਸਲਰ ਕਮਲਜੀਤ ਕੌਰ ਸੋਹਾਣਾ, ਗੁਰਮੀਤ ਕੌਰ, ਜਸਵੀਰ ਕੌਰ ਅੱਤਲੀ, ਰਮਨਦੀਪ ਸਿੰਘ, ਰਵਿੰਦਰ ਕੌਰ, ਹਰਮਨਪ੍ਰੀਤ ਕੌਰ ਅਤੇ ਗੁਰਦੀਪਕ ਕੌਰ ਗਰੇਵਾਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਇਸਤਰੀ ਨੇਤਾਵਾਂ ਹਾਜ਼ਰ ਸਨ।


Deepak Kumar

Content Editor

Related News