ਕੁਲਦੀਪ ਧਾਲੀਵਾਲ ਨੇ ਅੰਮ੍ਰਿਤਸਰ ਤੇ ਮੋਹਾਲੀ ਤੋਂ ਕੈਨੇਡਾ ਅਤੇ ਯੂਐੱਸ ਵਿਚਾਲੇ ਸਿੱਧੀਆਂ ਉਡਾਣਾਂ ਦੀ ਕੀਤੀ ਮੰਗ

03/01/2023 7:58:20 PM

ਚੰਡੀਗੜ੍ਹ/ਨਵੀਂ ਦਿੱਲੀ (ਬਿਊਰੋ) : ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਕੇਂਦਰ ਪਾਸੋਂ ਮੰਗ ਕੀਤੀ ਕਿ ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ (ਮੋਹਾਲੀ) ਦੋਵਾਂ ਨੂੰ ਕੈਨੇਡਾ ਅਤੇ ਅਮੀਰੀਕੀ ਸ਼ਹਿਰਾਂ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ, ਸਿਆਟਲ ਅਤੇ ਸਾਨ ਫਰਾਂਸਿਸਕੋ ਆਦਿ ਲਈ ਸਿੱਧੀਆਂ ਹਵਾਈ ਉਡਾਣਾਂ ਲਈ ਪ੍ਰਮੁੱਖਤਾ ਨਾਲ ਸ਼ੁਮਾਰ ਕੀਤਾ ਜਾਵੇ, ਜਿਸ ਨਾਲ ਦੋਵਾਂ ਪਾਸਿਆਂ ਦੇ ਵੱਡੀ ਗਿਣਤੀ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਕੈਨੇਡੀਅਨ MP ਜਾਰਜ ਚਾਹਲ ਇੰਡੋ-ਪੈਸੀਫਿਕ ਰਣਨੀਤੀ ਨੂੰ ਵਧਾਉਣ ਪਹੁੰਚੇ ਭਾਰਤ, ਨਿਵੇਸ਼ ਨੂੰ ਲੈ ਕੇ ਪ੍ਰਗਟਾਈ ਇਹ ਇੱਛਾ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨਾਲ ਇੱਥੇ ਮੁਲਾਕਾਤ ਕਰਕੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (ਓ.ਸੀ.ਆਈ.) ਕਾਰਡ ਧਾਰਕ ਲੰਮੇ ਸਮੇਂ ਤੋਂ ਕੈਨੇਡਾ ਅਤੇ ਯੂ.ਐੱਸ.ਏ. ਵਿੱਚ ਰਹਿ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫੋਂ ਅਪੀਲ ਕੀਤੀ ਕਿ ਅੰਮ੍ਰਿਤਸਰ ਅਤੇ ਮੋਹਾਲੀ ਵਿਖੇ ਸਥਿਤ ਹਵਾਈ ਅੱਡਿਆਂ ਨੂੰ ਕੈਨੇਡਾ ਅਤੇ ਅਮੀਰੀਕੀ ਸ਼ਹਿਰਾਂ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ, ਸਿਆਟਲ ਅਤੇ ਸਾਨ ਫਰਾਂਸਿਸਕੋ, ਟੋਰਾਂਟੋ ਤੇ ਵੈਨਕੂਵਰ ਆਦਿ ਲਈ ਸਿੱਧੀਆਂ ਹਵਾਈ ਉਡਾਣਾਂ ਲਈ ਸ਼ਾਮਲ ਕਰਕੇ ਇਨ੍ਹਾਂ ਮੁਲਕਾਂ 'ਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਸ਼੍ਰੀ ਸਿੰਧੀਆ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਲੰਘੇ ਵਰ੍ਹੇ ਦਸੰਬਰ ਵਿੱਚ ਕਰਵਾਏ ਗਏ ਐੱਨ.ਆਰ.ਆਈ. ਸੰਮੇਲਨਾਂ ਦੌਰਾਨ ਇਨ੍ਹਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਦੁਆਰਾ ਇਹ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਵਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਕੈਨੇਡਾ ਦਰਮਿਆਨ ਸਿੱਧਾ ਹਵਾਈ ਸੰਪਰਕ ਮੁਹੱਈਆ ਕਰਵਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਕੈਨੇਡੀਅਨ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦਾ ਪ੍ਰਬੰਧ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਅਤੇ ਕੈਨੇਡਾ ਦੇ ਸ਼ਹਿਰਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਮੰਜ਼ਿਲਾਂ ‘ਤੇ ਪਹੁੰਚਣ ਲਈ ਨਵੀਂ ਦਿੱਲੀ ਜਾਂ ਭਾਰਤ ਦੇ ਹੋਰ ਸ਼ਹਿਰਾਂ 'ਚ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਅਕਾਲੀ ਦਲ ਤੇ ਕਾਂਗਰਸ ਨੂੰ ਝਟਕਾ, ਇਨ੍ਹਾਂ ਆਗੂਆਂ ਨੇ ਫੜਿਆ 'ਆਪ' ਦਾ ਝਾੜੂ

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਅੰਮ੍ਰਿਤਸਰ ਤੋਂ ਯਾਤਰੀਆਂ ਦੀ ਕਾਫੀ ਗਿਣਤੀ ਹੈ, ਧਾਲੀਵਾਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਯਾਤਰੀਆਂ ਦੀ ਇਹ ਗਿਣਤੀ ਕੈਨੇਡਾ ਲਈ ਵਾਇਡ ਬਾਡੀਡ ਏਅਰਕ੍ਰਾਫਟਾਂ ਦੀਆਂ ਇਕ ਹਫ਼ਤੇ ਵਿੱਚ ਘੱਟੋ-ਘੱਟ 5 ਉਡਾਣਾਂ ਨੂੰ ਪੂਰਾ ਕਰ ਸਕਦੀ ਹੈ। ਮੰਤਰੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਹਾਲ ਹੀ 'ਚ ਹੋਏ ਦੁਵੱਲੇ ਹਵਾਈ ਸੇਵਾ ਸਮਝੌਤੇ ਵਿੱਚ ਹੋਰ ਭਾਰਤੀ ਸ਼ਹਿਰ ਵੀ ਸ਼ਾਮਲ ਹਨ ਪਰ ਸਿੱਧੀਆਂ ਉਡਾਣਾਂ ਲਈ ਸ਼ਹਿਰਾਂ ਦੀ ਸੂਚੀ ਵਿੱਚ ਅੰਮ੍ਰਿਤਸਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਵੀ ਇਨ੍ਹਾਂ ਸ਼ਹਿਰਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਸੀ।

ਇਹ ਵੀ ਪੜ੍ਹੋ : ਨਰਮਾ ਪੱਟੀ ਵਾਲੇ ਕਿਸਾਨਾਂ ਨੂੰ 1 ਅਪ੍ਰੈਲ ਤੋਂ ਮਿਲੇ ਨਹਿਰੀ ਪਾਣੀ, CM ਮਾਨ ਵੱਲੋਂ ਸਿੰਚਾਈ ਵਿਭਾਗ ਦੇ ਅਫ਼ਸਰਾਂ ਨੂੰ ਹੁਕਮ

ਇਸ ਖਿੱਤੇ ਦੇ ਵੱਡੀ ਗਿਣਤੀ ਵਿੱਚ ਪੰਜਾਬੀ ਮੁਸਾਫਰਾਂ ਅਤੇ ਸੂਬਾ ਸਰਕਾਰ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਮੋਹਾਲੀ ਨੂੰ ਸਿੱਧੀਆਂ ਉਡਾਣਾਂ ਦੇ ਸੰਪਰਕ ਵਿੱਚ ਸ਼ਾਮਲ ਕਰਕੇ ਸਮਝੌਤੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧਾ ਹਵਾਈ ਸੰਪਰਕ ਪੰਜਾਬੀਆਂ ਨੂੰ ਵੱਡਾ ਲਾਭ ਪਹੁੰਚਾਉਣ ਦੇ ਨਾਲ-ਨਾਲ ਇਸ ਖੇਤਰ ਦੇ ਲੋਕਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਦੇ ਨਾਲ-ਨਾਲ ਕਾਫੀ ਲਾਭਦਾਇਕ ਵੀ ਹੋਵੇਗਾ। ਧਾਲੀਵਾਲ ਨੇ ਦੱਸਿਆ ਕਿ ਸਿੰਧੀਆ ਨੇ ਇਸ ਮੰਗ ਨੂੰ ਪ੍ਰਮੁੱਖਤਾ ਨਾਲ ਵਿਚਾਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਇਸ ਮਸਲੇ ਦੇ ਹੱਲ ਲਈ ਸੁਹਿਰਦ ਯਤਨ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News