ਗੋਲੀ ਕਾਂਡ ''ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਦਾ ਹਾਲ ਪੁੱਛਣ ਹਸਪਤਾਲ ਪੁੱਜੇ ਦਾਦੂਵਾਲ

Thursday, Oct 18, 2018 - 04:32 PM (IST)

ਗੋਲੀ ਕਾਂਡ ''ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਦਾ ਹਾਲ ਪੁੱਛਣ ਹਸਪਤਾਲ ਪੁੱਜੇ ਦਾਦੂਵਾਲ

ਜੈਤੋ (ਸਤਵਿੰਦਰ) - 14 ਅਕਤੂਬਰ, 2015 ਨੂੰ ਬਹਿਬਲ ਕਲਾਂ ਗੋਲੀ ਕਾਂਡ 'ਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਛੋਟੇ ਭਰਾ ਭਾਈ ਰੇਸ਼ਮ ਸਿੰਘ ਨਿਆਮੀਵਾਲਾ, ਜਿਸ 'ਤੇ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਗੰਭੀਰ ਤੌਰ 'ਤੇ ਜ਼ਖਮੀ ਹੋ ਜਾਣ 'ਤੇ ਉਨ੍ਹਾਂ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ, ਜੋ ਹੁਣ ਵੀ ਹਸਪਤਾਲ ਦਾਖਲ ਹਨ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਭਾਈ ਰੇਸ਼ਮ ਸਿੰਘ ਦਾ ਹਾਲ-ਚਾਲ ਪੁੱਛਣ ਵਾਸਤੇ ਹਸਪਤਾਲ ਪੁੱਜੇ। ਜ਼ਿਕਰਯੋਗ ਹੈ ਕਿ ਭਾਈ ਰੇਸ਼ਮ ਸਿੰਘ ਨਿਆਮੀਵਾਲਾ ਨੇ ਬਹਿਬਲ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਫ਼ਸਰਾਂ 'ਤੇ ਹਾਈ ਕੋਰਟ 'ਚ ਕੇਸ ਫਾਈਲ ਕੀਤਾ ਹੋਇਆ ਹੈ, ਜੋ ਸੁਣਵਾਈ ਅਧੀਨ ਹੈ। 29 ਨਵੰਬਰ, 2018 ਨੂੰ ਉਸ ਕੇਸ ਦੀ ਤਰੀਕ ਹੈ, ਜਿੱਥੇ ਭਾਈ ਰੇਸ਼ਮ ਸਿੰਘ ਨੇ ਕੁਝ ਸਬੂਤ ਕੋਰਟ ਨੂੰ ਪੇਸ਼ ਕਰਨੇ ਹਨ।ਜਥੇ. ਦਾਦੂਵਾਲ ਨੇ ਕਿਹਾ ਕਿ ਭਾਈ ਰੇਸ਼ਮ ਸਿੰਘ ਨਿਆਮੀਵਾਲਾ 'ਤੇ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਹੈ, ਪੁਲਸ ਨੂੰ ਚਾਹੀਦਾ ਹੈ ਕਿ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਜੈਤੋ ਕੁਲਦੀਪ ਸਿੰਘ ਸੋਹੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰੇਸ਼ਮ ਸਿੰਘ ਨਾਲ ਸਾਡੇ ਤਫ਼ਤੀਸ਼ੀ ਅਫ਼ਸਰ ਵਾਰ-ਵਾਰ ਸੰਪਰਕ ਕਰ ਰਹੇ ਹਨ ਪਰ ਰੇਸ਼ਮ ਸਿੰਘ ਕੋਈ ਬਿਆਨ ਦਰਜ ਨਹੀਂ ਕਰਵਾ ਰਿਹਾ।


Related News