ਮੁੱਖ ਮੰਤਰੀ ਪੰਜਾਬੀਆਂ ਤੋਂ ਕਿਨਾਰਾ ਨਾ ਕਰਕੇ ਕੋਵਿਡ-19 ਦੀ ਰੋਕਥਾਮ ਵੱਲ ਧਿਆਨ ਦੇਣ: ਅਕਾਲੀ ਦਲ

Monday, Apr 20, 2020 - 10:34 AM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਇਸ ਸੰਕਟ ਦੀ ਘੜੀ 'ਚ ਪੰਜਾਬੀਆਂ ਤੋਂ ਕਿਨਾਰਾ ਨਾ ਕਰਨ ਅਤੇ ਸੂਬੇ ਅੰਦਰ ਫੈਲੀ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਆਪਣੀ ਸਰਕਾਰੀ ਡਿਊਟੀ ਨਿਭਾਉਣ ਵੱਲ ਧਿਆਨ ਦੇਣ। ਪਾਰਟੀ ਨੇ ਕਿਹਾ ਕਿ ਇਸ ਸਬੰਧੀ ਅਸਲੀਅਤ ਦਿਖਾਉਣ 'ਤੇ ਉਹ ਗਾਲੀ-ਗਲੋਚ ਦੀ ਭਾਸ਼ਾ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨ। ਇਥੇ ਇਕ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਆਪਣਾ ਸਾਰਾ ਜ਼ੋਰ ਸਿਰਫ ਇਸ ਲਈ ਕੇਂਦਰੀ ਫੂਡ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੂੰ ਬੁਰਾ ਭਲਾ ਕਹਿਣ 'ਤੇ ਲਾਇਆ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਉਸ ਨੂੰ ਦੱਸ ਦਿੱਤਾ ਹੈ ਕਿ ਉਸ ਦੀ ਸਰਕਾਰ ਇਸ ਸਾਲ 20 ਮਾਰਚ ਤੋਂ ਲੈ ਕੇ ਕੇਂਦਰ ਕੋਲੋਂ 3485 ਕਰੋੜ ਰੁਪਏ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਕ ਇਸਤਰੀ ਕੇਂਦਰੀ ਮੰਤਰੀ ਬਾਰੇ ਮੰਦਾ ਬੋਲਣ ਦੀ ਬਜਾਏ ਤੁਹਾਡੇ ਲਈ ਚੰਗਾ ਹੋਣਾ ਸੀ ਜੇਕਰ ਤੁਸੀਂ ਪੰਜਾਬੀਆਂ ਨੂੰ ਇਹ ਦੱਸਿਆ ਹੁੰਦਾ ਕਿ ਕੀ ਇਹ ਪੈਸਾ ਸੂਬਾ ਸਰਕਾਰ ਨੇ ਹਾਸਿਲ ਕੀਤਾ ਹੈ ਜਾਂ ਨਹੀਂ? ਉਨ੍ਹਾਂ ਕਿਹਾ ਕਿ ਅੱਜ ਕੇਂਦਰੀ ਮੰਤਰੀ ਨੇ ਸੂਬੇ ਨੂੰ ਭੇਜੇ ਇਨ੍ਹਾਂ ਪੈਸਿਆਂ ਦਾ ਸਬੂਤ ਵੀ ਜਾਰੀ ਕਰ ਦਿੱਤਾ ਹੈ। ਅੱਜ ਝੂਠਾ ਕੌਣ ਸਾਬਿਤ ਹੋਇਆ ਹੈ?

ਮੁੱਖ ਮੰਤਰੀ ਨੂੰ ਧੁੰਦ ਦਾ ਸਹਾਰਾ ਲੈ ਕੇ ਸੱਚਾਈ ਤੋਂ ਭੱਜਣ ਤੋਂ ਵਰਜਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੂਬਾ ਸਰਕਾਰ ਕੋਲ ਆਫ਼ਤ ਰਾਹਤ ਫੰਡ ਤਹਿਤ 6 ਹਜ਼ਾਰ ਕਰੋੜ ਰੁਪਏ ਪਏ ਹਨ। ਕੀ ਤੁਸੀਂ ਪੰਜਾਬੀਆਂ ਨੂੰ ਦੱਸਣ ਦੀ ਖੇਚਲ ਕਰੋਗੇ ਕਿ ਬੇਹੱਦ ਕਸ਼ਟ ਭੋਗ ਰਹੇ ਕਿਸਾਨਾਂ, ਦਿਹਾੜੀਦਾਰਾਂ ਅਤੇ ਮਜ਼ਦੂਰਾਂ ਲਈ ਤੁਸੀਂ ਇਹ ਪੈਸਾ ਜਾਰੀ ਕਿਉਂ ਨਹੀਂ ਕੀਤਾ ਹੈ, ਜੋ ਕਿ ਰਾਹਤ ਵਾਸਤੇ ਤੁਹਾਡੇ ਮੂੰਹ ਵੱਲ ਦੇਖ ਰਹੇ ਹਨ। ਮੁੱਖ ਮੰਤਰੀ ਨੂੰ ਆਪਣੇ ਸਾਰੇ ਐਸ਼ੋ-ਇਸ਼ਰਤ ਛੱਡ ਕੇ ਇਸ ਸੰਕਟ ਦੀ ਘੜੀ 'ਚ ਸੂਬੇ ਵਾਸਤੇ ਸਮਾਂ ਕੱਢਣ ਲਈ ਆਖਦਿਆਂ ਭੂੰਦੜ ਅਤੇ ਸਰਦਾਰ ਗਰੇਵਾਲ ਨੇ ਕਿਹਾ ਕਿ ਕੋਵਿਡ-19 ਦੇ ਕੇਸਾਂ ਨੂੰ ਨੱਥ ਪਾਉਣ ਵਿਚ ਸੂਬਾ ਸਰਕਾਰ ਦੀ ਨਾਕਾਮੀ ਲਈ ਸਿਰਫ ਕੈਪਟਨ ਜ਼ਿੰਮੇਵਾਰ ਹੈ, ਜਿਨ੍ਹਾਂ ਦੀ ਗਿਣਤੀ ਹਰ ਰੋਜ਼ 10 ਫੀਸਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਆਪਣੇ ਵਧੀਕ ਮੁੱਖ ਸਕੱਤਰ ਕੇ.ਬੀ.ਐਸ. ਸਿੱਧੂ ਨੇ ਇਹ ਜਾਣਕਾਰੀ ਟਵਿਟਰ ਰਾਹੀਂ ਸਾਂਝੀ ਕੀਤੀ ਹੈ। ਕੀ ਤੁਸੀਂ ਉਸ ਨੂੰ ਵੀ ਝੂਠਾ ਸੱਦੋਗੇ?


Gurminder Singh

Content Editor

Related News