ਕੋਟਕਪੂਰਾ ਗੋਲੀ ਕਾਂਡ: ਸਾਬਕਾ ਵਿਧਾਇਕ ਸਮੇਤ 5 ਪੁਲਸ ਅਧਿਕਾਰੀਆਂ ਨੇ ਅਦਾਲਤ ''ਚ ਭੁਗਤੀ ਪੇਸ਼ੀ

Saturday, Oct 19, 2019 - 10:10 AM (IST)

ਕੋਟਕਪੂਰਾ ਗੋਲੀ ਕਾਂਡ: ਸਾਬਕਾ ਵਿਧਾਇਕ ਸਮੇਤ 5 ਪੁਲਸ ਅਧਿਕਾਰੀਆਂ ਨੇ ਅਦਾਲਤ ''ਚ ਭੁਗਤੀ ਪੇਸ਼ੀ

ਫ਼ਰੀਦਕੋਟ (ਰਾਜਨ)—ਬੇਅਦਬੀ-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਅੱਜ ਮਾਣਯੋਗ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਈ, ਜਿਸ ਦੌਰਾਨ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ, ਐੱਸ. ਪੀ. ਬਲਜੀਤ ਸਿੰਘ, ਐੱਸ. ਪੀ. ਪਰਮਜੀਤ ਸਿੰਘ ਪਨੂੰ ਅਤੇ ਐੱਸ. ਆਈ. ਗੁਰਪ੍ਰੀਤ ਸਿੰਘ ਨੇ ਅਦਾਲਤ 'ਚ ਹਾਜ਼ਰੀ ਦਿੱਤੀ। ਬਹਿਸ ਦੌਰਾਨ ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਬਚਾਓ ਪੱਖ ਦੇ ਵਕੀਲ ਵੱਲੋਂ ਬਿਨਾਂ ਵਜ੍ਹਾ ਕੇਸ ਨੂੰ ਲਮਕਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਬੀਤੀ ਤਰੀਕ ਮੌਕੇ ਬਚਾਓ ਪੱਖ ਦੇ ਵਕੀਲ ਵੱਲੋਂ ਮਾਣਯੋਗ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਕੋਟਕਪੂਰਾ ਗੋਲੀਕਾਂਡ ਦੇ ਪ੍ਰਦਰਸ਼ਨਕਾਰੀਆਂ 'ਤੇ ਦਰਜ ਐੱਫ਼. ਆਈ. ਆਰ. ਦੀ ਸਟੇਟਮੈਂਟ ਰਿਪੋਰਟ ਆਦਿ ਤੋਂ ਇਲਾਵਾ ਸਿਟ ਮੁਖੀ ਸਮੇਤ 5 ਸੀਨੀਅਰ ਪੁਲਸ ਅਧਿਕਾਰੀਆਂ ਅਤੇ ਇਨ੍ਹਾਂ ਦੇ ਸਹਿਯੋਗੀ 6 ਪੁਲਸ ਅਧਿਕਾਰੀਆਂ ਦੇ ਮੋਬਾਇਲ ਨੰਬਰਾਂ ਦੀਆਂ ਕਾਲ ਡੀਟੇਲਜ਼ ਕਢਵਾਉਣ ਦੀ ਮੰਗ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਹੁਣ ਅਦਾਲਤ ਵੱਲੋਂ 1 ਨਵੰਬਰ ਨੂੰ ਕੀਤੀ ਜਾਣ ਵਾਲੀ ਸੁਣਵਾਈ ਮੌਕੇ ਹੋਣ ਵਾਲੀ ਬਹਿਸ 'ਤੇ ਦੋਸ਼ ਤੈਅ ਕੀਤੇ ਜਾਣਗੇ। ਇਸ ਮੌਕੇ ਬਹਿਬਲ ਕਲਾਂ ਗੋਲੀਕਾਂਡ ਵਿਚ ਮਾਰੇ ਗਏ ਹਰਭਗਵਾਨ ਦੇ ਲੜਕੇ ਸੁਖਰਾਜ ਸਿੰਘ ਖਾਰਾ ਨੇ ਦੱਸਿਆ ਕਿ ਬਚਾਓ ਪੱਖ ਵੱਲੋਂ ਇਸ ਕੇਸ ਨੂੰ ਬਿਨਾਂ ਵਜ੍ਹਾ ਲੰਮਾ ਖਿੱਚਿਆ ਜਾ ਰਿਹਾ ਹੈ ਅਤੇ ਉਹ ਸਮੱਗਰੀ ਹਾਸਿਲ ਕਰਨ ਲਈ ਪੱਤਰ ਦਾਇਰ ਕਰ ਰਿਹਾ ਹੈ, ਜਿਸ ਦਾ ਇਸ ਨਾਲ ਸਬੰਧ ਹੀ ਨਹੀਂ ਹੈ।


author

Shyna

Content Editor

Related News