ਡਾਕਾ ਮਾਰਨ ਦੀ ਤਿਆਰੀ ਕਰਦੇ 5 ਵਿਅਕਤੀ ਅਸਲੇ ਤੇ ਮਾਰੂ ਹਥਿਆਰਾਂ ਸਣੇ ਕਾਬੂ
Thursday, May 09, 2019 - 11:17 AM (IST)
ਕੋਟਕਪੂਰਾ (ਨਰਿੰਦਰ) - ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ 7 ਵਿਅਕਤੀਆਂ 'ਚੋਂ 5 ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਤੇ ਮਾਰੂ ਹਥਿਆਰਾਂ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਵੇਦ ਪ੍ਰਕਾਸ਼ ਵਲੋਂ ਚੋਣਾਂ ਦੇ ਮੱਦੇਨਜ਼ਰ ਪੁਲਸ ਪਾਰਟੀ ਨਾਲ ਜੈਤੋ ਰੋਡ 'ਤੇ ਸੂਏ ਦੇ ਪੁਲ ਕੋਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਹੀਰਾ ਸਿੰਘ ਪੁੱਤਰ ਕੁਲਵੰਤ ਸਿੰਘ, ਦੀਪਕ ਸਿੰਘ ਪੁੱਤਰ ਸੁਖਵਿੰਦਰ ਸਿੰਘ, ਲੱਖਾ ਸਿੰਘ ਪੁੱਤਰ ਮੁਕੰਦ ਸਿੰਘ, ਜਸਵੰਤ ਸਿੰਘ ਪੁੱਤਰ ਸੁਰਜੀਤ ਸਿੰਘ, ਮੰਦਰ ਸਿੰਘ ਪੁੱਤਰ ਸੁੱਖਾ ਸਿੰਘ, ਗੁਰਭੇਜ ਸਿੰਘ ਪੁੱਤਰ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਸੇਮਾ ਸਿੰਘ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ। ਇਨ੍ਹਾਂ ਕੋਲ ਨਾਜਾਇਜ਼ ਅਸਲਾ ਅਤੇ ਮਾਰੂ ਹਥਿਆਰ ਵੀ ਹਨ, ਜੋ ਲਾਲੇਆਣਾ ਰੋਡ ਤੋਂ ਢੈਪਈ ਰੋਡ 'ਤੇ ਲਾਟੂ ਰਾਮ ਦੇ ਬੰਦ ਪਏ ਭੱਠੇ 'ਤੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ।
ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਕਤ ਥਾਂ ਦੀ ਛਾਪੇਮਾਰੀ ਕਰਕੇ ਮੌਕੇ ਤੋਂ ਗੁਰਭੇਜ ਸਿੰਘ ਭੇਜਾ ਕੋਲੋਂ 12 ਬੋਰ ਦੇਸੀ ਪਿਸਤੌਲ ਸਮੇਤ 4 ਜ਼ਿੰਦਾ ਕਾਰਤੂਸ, ਜਸਵੰਤ ਸਿੰਘ ਤੋਂ ਲੋਹੇ ਦੀ ਪਾਈਪ, ਦੀਪਕ ਸਿੰਘ ਕੋਲੋਂ ਦਾਤਰ ਤੋਂ ਇਲਾਵਾ ਇਨ੍ਹਾਂ ਤਿੰਨਾਂ ਕੋਲੋਂ ਇਕ ਚੋਰੀ ਦਾ ਮੋਟਰਸਾਈਕਲ, ਜਿਸ ਦਾ ਚੈਸੀ ਅਤੇ ਇੰਜਣ ਨੰਬਰ ਰਗੜੇ ਹੋਏ ਸਨ, ਬਰਾਮਦ ਕਰ ਲਏ। ਇਸ ਤੋਂ ਇਲਾਵਾ ਲੱਖਾ ਸਿੰਘ ਤੋਂ ਇਕ ਦਤਾਰ, ਹੀਰਾ ਸਿੰਘ ਤੋਂ ਇਕ ਕਿਰਪਾਨ ਤੋਂ ਇਲਾਵਾ ਦੋਵਾਂ ਤੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਡੀ. ਐੱਸ. ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ ਅਤੇ ਐੱਸ. ਐੱਚ. ਓ. ਥਾਣਾ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਮੰਦਰ ਸਿੰਘ ਅਤੇ ਕੁਲਦੀਪ ਸਿੰਘ ਮੌਕੇ 'ਤੇ ਮੋਟਰਸਾਈਕਲ ਸਮੇਤ ਫਰਾਰ ਹੋ ਗਏ। ਕਾਬੂ ਕੀਤੇ ਇਸ ਲੁਟੇਰਾ ਗਿਰੋਹ ਦੇ ਮੈਂਬਰਾਂ ਤੋਂ ਪੁੱਛ-ਗਿੱਛ ਦੌਰਾਨ ਪਿਛਲੇ ਸਮੇਂ 'ਚ ਵਾਪਰੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸੁਲਝਣ ਦੀ ਆਸ ਬੱਝੀ ਹੈ, ਕਿਉਂਕਿ ਲੁਟੇਰਾ ਗਿਰੋਹ ਦੇ ਉਕਤ ਮੈਂਬਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਕਰੀਬ ਸਾਢੇ 5 ਮਹੀਨੇ ਪਹਿਲਾਂ ਬਾਜਾਖਾਨਾ ਰੋਡ ਜੈਤੋ ਵਿਖੇ ਪੈਟਰੋਲ ਪੰਪ ਨੇੜਿਓਂ ਫਾਈਨਾਂਸ ਕੰਪਨੀ ਵਾਲਿਆਂ ਤੋਂ ਇਕ ਬੈਗ, ਜਿਸ 'ਚ 98,680 ਰੁਪਏ ਦੀ ਨਕਦੀ ਤੇ ਲੈਪਟਾਪ ਵਰਗਾ ਟੈਬ ਸੀ ਅਤੇ ਕਰੀਬ 3 ਕੁ ਮਹੀਨੇ ਪਹਿਲਾਂ ਨੈਸ਼ਨਲ ਹਾਈਵੇ ਤੋਂ ਵੀ ਇਕ ਫਾਈਨਾਂਸ ਕੰਪਨੀ ਵਾਲਿਆਂ ਤੋਂ ਖੋਹੇ ਬੈਗ 'ਚ ਕਰੀਬ ਸਵਾ ਲੱਖ ਰੁਪਏ ਅਤੇ ਇਕ ਟੈਬਲੇਟ ਸੀ, ਖੋਹੇ ਸਨ। ਇਸ ਦੌਰਾਨ ਉਨ੍ਹਾਂ ਨੇ ਟੈਬ ਤਾਂ ਢੈਪਈ ਵਾਲੀ ਨਹਿਰ 'ਚ ਸੁੱਟ ਦਿੱਤਾ, ਜਦਕਿ ਪੈਸੇ ਉਨ੍ਹਾਂ ਆਪਸ 'ਚ ਵੰਡ ਲਏ ਸਨ।
ਉਨ੍ਹਾਂ ਦੱਸਿਆ ਕਿ ਉਕਤ ਲੁੱਟਾਂ-ਖੋਹਾਂ ਸਬੰਧੀ ਬਾਕਾਇਦਾ ਥਾਣਾ ਜੈਤੋ ਅਤੇ ਸਦਰ ਥਾਣਾ ਕੋਟਕਪੂਰਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਤਫਤੀਸ਼ੀ ਅਫਸਰ ਸਬ-ਇੰਸਪੈਕਟਰ ਵੇਦ ਪ੍ਰਕਾਸ਼ ਵੱਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਪੁੱਛ-ਗਿੱਛ ਦੌਰਾਨ ਨਵਾਂ ਖੁਲਾਸਾ ਹੋਇਆ ਕਿ ਉਕਤ ਗਿਰੋਹ ਮੋਟਰਸਾਈਕਲ ਚੋਰੀ ਕਰ ਕੇ ਉਸ ਦਾ ਚੈਸੀ ਅਤੇ ਇੰਜਣ ਨੰਬਰ ਰਗੜ ਕੇ ਜਾਅਲੀ ਆਰ. ਸੀਜ਼ ਤਿਆਰ ਕਰਦੇ ਸਨ। ਇਲਾਕਾ ਮੈਜਿਸਟਰੇਟ ਦੀ ਅਦਾਲਤ ਤੋਂ ਇਨ੍ਹਾਂ ਸਾਰਿਆਂ ਦਾ 3 ਦਿਨਾਂ ਦਾ ਪੁਲਸ ਰਿਮਾਂਡ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਪੁੱਛ-ਗਿੱਛ ਦੌਰਾਨ ਹੋਰ ਵੀ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।