ਮਹਿੰਦਰਪਾਲ ਬਿੱਟੂ ਦੀ ਨਮਿੱਤ ਅੰਤਿਮ ਅਰਦਾਸ ਦਾ ਸਥਾਨ ਤਬਦੀਲ
Friday, Jun 28, 2019 - 11:35 AM (IST)

ਕੋਟਕਪੂਰਾ (ਨਰਿੰਦਰ) - ਬੀਤੇ ਕੁਝ ਦਿਨ ਪਹਿਲਾਂ ਨਾਭਾ ਜੇਲ 'ਚ ਮਾਰੇ ਗਏ ਡੇਰਾ ਸਿਰਸਾ ਦੀ 45 ਮੈਂਬਰੀ ਸਟੇਟ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨਮਿੱਤ ਅੰਤਿਮ ਅਰਦਾਸ ਦਾ ਸਥਾਨ ਤਬਦੀਲ ਕਰ ਦਿੱਤਾ ਗਿਆ ਹੈ। ਡੇਰਾ ਪ੍ਰਬੰਧਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਅੰਤਿਮ ਅਰਦਾਸ 28 ਜੂਨ ਨੂੰ ਸਵੇਰੇ 11:00 ਤੋਂ 1:00 ਵਜੇ ਤੱਕ ਨਾਮ ਚਰਚਾ ਘਰ, ਕੋਟਕਪੂਰਾ ਵਿਖੇ ਰੱਖੀ ਗਈ ਸੀ ਪਰ ਹੁਣ ਇਹ ਸਥਾਨ ਤਬਦੀਲ ਕਰਕੇ ਨਵੀਂ ਦਾਣਾ ਮੰਡੀ 'ਚ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮਹਿੰਦਰਪਾਲ ਬਿੱਟੂ ਦੀ ਆਤਮਿਕ ਸ਼ਾਂਤੀ ਲਈ ਰੱਖੀ ਨਾਮ ਚਰਚਾ ਮੌਕੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਦੇ ਪੁੱਜਣ ਦੀ ਸੰਭਾਵਨਾ ਹੈ। ਪਾਰਕਿੰਗ ਅਤੇ ਹੋਰ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਦਾਣਾ ਮੰਡੀ ਨੂੰ ਚੁਣਿਆ ਗਿਆ ਹੈ। ਸਥਾਨ ਤਬਦੀਲ ਹੋਣ ਦੇ ਨਾਲ ਹੀ ਪੁਲਸ ਵੱਲੋਂ ਵੀ ਦਾਣਾ ਮੰਡੀ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਮੰਡੀ ਨੂੰ ਆਉਣ-ਜਾਣ ਵਾਲੇ ਰਸਤਿਆਂ ਅਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸਬੰਧੀ ਡੀ. ਐੱਸ. ਪੀ. ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਸੁਰੱਖਿਆ ਦੇ ਮਾਮਲੇ 'ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।