ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ

Tuesday, Sep 19, 2023 - 04:57 PM (IST)

ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ

ਚੰਡੀਗੜ੍ਹ (ਬਿਊਰੋ) : ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਬੀ. ਸੀ. ਵਰਮਾ ਦਾ ਅੱਜ ਸਵੇਰੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਕੁਝ ਦਿਨ ਦਾਖ਼ਲ ਰਹਿਣ ਦੇ ਬਾਅਦ ਦਿਹਾਂਤ ਹੋ ਗਿਆ। ਨਿਮਰਤਾ ਅਤੇ ਹਲੀਮੀ ਦੇ ਨਾਲ ਕੁਸ਼ਲ ਪ੍ਰੋਫੈਸਰ ਬੀ. ਸੀ. ਵਰਮਾ ਵੱਲੋਂ ਆਪਣੇ ਅਧਿਆਪਨ ਸਮੇਂ ਕੀਤੇ ਨੇਕ ਕੰਮਾਂ ਸਦਕਾ ਪ੍ਰਾਪਤ ਦੁਆਵਾਂ ਦਾ ਹੀ ਫਲ ਹੈ ਕਿ ਪਰਮਾਤਮਾ ਨੇ ਉਨ੍ਹਾਂ ਦੇ ਪੁੱਤਰ ਅਨੁਰਾਗ ਵਰਮਾ ਨੂੰ ਪੰਜਾਬ ਦੇ ਮੁੱਖ ਸਕੱਤਰ ਦੇ ਮੁਕਾਮ ਉੱਤੇ ਪਹੁੰਚਾਇਆ। 

ਇਹ ਵੀ ਪੜ੍ਹੋ- CTU ਨੂੰ ਕਿਰਾਏ ਤੋਂ ਵੱਧ ਕਮਾਈ ਇਸ਼ਤਿਹਾਰਾਂ ਤੋਂ, ਆਮਦਨ ਵਧਾਉਣ ਲਈ ਸੇਵਾਵਾਂ ਬਿਹਤਰ ਕਰਨ ਦਾ ਸੁਝਾਅ

ਪ੍ਰੋ. ਬੀ. ਸੀ. ਵਰਮਾ ਦਾ ਜਨਮ 2 ਅਪ੍ਰੈਲ, 1934 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਲੈਲਾ ਵਿਖੇ ਹੋਇਆ। ਬਚਪਨ ਤੋਂ ਹੀ ਪੜ੍ਹਾਈ ਦੀ ਲਗਨ ਕਾਰਨ ਉਹ ਪਹਿਲਾਂ ਪੈਦਲ ਅਤੇ ਫਿਰ ਸਾਈਕਲ ’ਤੇ 15 ਕਿਲੋਮੀਟਰ ਦੂਰ ਪਟਿਆਲਾ ਸ਼ਹਿਰ ਪੜ੍ਹਨ ਜਾਂਦੇ ਸਨ। ਕੈਮਿਸਟਰੀ ਵਿਸ਼ੇ ’ਚ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ। ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਵਰਮਾ ਵਿਦਿਆਰਥੀਆਂ ’ਚ ਬਹੁਤ ਮਕਬੂਲ ਸਨ। ਅੱਸੀ ਦੇ ਦਹਾਕੇ ’ਚ ਜਦੋਂ ਟਿਊਸ਼ਨਾਂ ਦਾ ਦੌਰ ਸਿਖ਼ਰ ’ਤੇ ਸੀ, ਉਦੋਂ ਵਰਮਾ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗਰੀਬ, ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਘਰ ਵਿਖੇ ਮੁਫ਼ਤ ਪੜ੍ਹਾ ਕੇ ਜੱਸ ਖੱਟਿਆ। ਉਹ ਅਨੇਕਾਂ ਪਰਿਵਾਰਾਂ ਦੇ ਬੱਚਿਆਂ ਲਈ ਰਾਹਗੀਰ ਬਣੇ ਅਤੇ ਲੋੜਵੰਦ ਦੀ ਭੱਜ ਕੇ ਮਦਦ ਕਰਦੇ। ਆਪਣੇ ਵਿਦਿਆਰਥੀਆਂ ਦੇ ਅਕਾਦਮਿਕ ਮਾਮਲਿਆਂ ’ਚ ਹਰ ਤਰ੍ਹਾਂ ਦੀ ਮਦਦ ਕਰਨ ਦੇ ਨਾਲ ਆਪਣੇ ਸਹਾਇਕ ਕਰਮਚਾਰੀਆਂ ਪ੍ਰਤੀ ਵੀ ਸੁਹਿਰਦ ਅਤੇ ਉਸਾਰੂ ਸੋਚ ਰੱਖਦੇ ਸਨ।

ਇਹ ਵੀ ਪੜ੍ਹੋ- ਅਨੰਤਨਾਗ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਦੇ ਅੱਡੇ ਨੂੰ ਭਾਰਤੀ ਫੌਜ ਨੇ ਕੀਤਾ ਤਬਾਹ

 ਪ੍ਰੋ. ਬੀ. ਸੀ. ਵਰਮਾ ਦੇ ਪੜ੍ਹਾਏ ਵਿਦਿਆਰਥੀ ਵੱਖ-ਵੱਖ ਖੇਤਰਾਂ ’ਚ ਉਚ ਅਹੁਦਿਆਂ ’ਤੇ ਪਹੁੰਚੇ ਜਿਨ੍ਹਾਂ ’ਚ ਸਿਵਲ ਅਤੇ ਪੁਲਸ ਅਧਿਕਾਰੀ, ਪ੍ਰੋਫੈਸਰ ਅਤੇ ਵੱਡੀ ਗਿਣਤੀ ’ਚ ਡਾਕਟਰ ਸ਼ਾਮਲ ਹਨ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਅਕਸਰ ਆਪਣੇ ਸਤਿਕਾਰਯੋਗ ਅਧਿਆਪਕ ਪ੍ਰੋ. ਵਰਮਾ ਨੂੰ ਯਾਦ ਕਰਦੇ ਸਨ। ਵਰਮਾ ਨੇ ਅਧਿਆਪਨ ਤੋਂ ਇਲਾਵਾ ਬਤੌਰ ਸਿੱਖਿਆ ਪ੍ਰਸ਼ਾਸਕ ਕੁਸ਼ਲ ਸੇਵਾਵਾਂ ਨਿਭਾਈਆਂ। ਆਪ ਸਰਕਾਰੀ ਕਾਲਜ ਪੱਟੀ ਅਤੇ ਸਰਕਾਰੀ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹਿਣ ਉਪਰੰਤ ਡੀ. ਪੀ. ਆਈ. ਕਾਲਜਾਂ ਵਿਖੇ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ। ਪ੍ਰੋ. ਬੀ.ਸੀ. ਵਰਮਾ ਦੇ ਧਰਮ ਪਤਨੀ ਵੀ ਅਧਿਆਪਕਾ ਸਨ ਅਤੇ ਉਨ੍ਹਾਂ ਦਾ ਇਕ ਪੁੱਤਰ ਸ੍ਰੀ ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਅਤੇ ਦੂਜੇ ਪੁੱਤਰ ਅਸ਼ੀਸ਼ ਵਰਮਾ ਐਡਵੋਕੇਟ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Anuradha

Content Editor

Related News