ਜਾਣੋ ਕੌਣ ਹੈ ਸੁਧੀਰ ਸੂਰੀ, ਜਿਨ੍ਹਾਂ ਦਾ ਅੰਮ੍ਰਿਤਸਰ 'ਚ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਗਿਆ ਕਤਲ
Friday, Nov 04, 2022 - 08:18 PM (IST)
ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ’ਤੇ ਰੋਸ ਪ੍ਰਦਰਸ਼ਨ ਦੌਰਾਨ ਗੋਲ਼ੀਆਂ ਮਾਰੀਆਂ ਗਈਆਂ। 5 ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਸੂਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਨੇੜੇ ਦੇ ਇਕ ਘਰ ਵਿਚ ਵੜ ਗਿਆ ਪਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਕੌਣ ਹੈ ਸੁਧੀਰ ਸੂਰੀ?
ਸੁਧੀਰ ਸੂਰੀ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਕਾਫ਼ੀ ਸਰਗਰਮ ਸਨ ਤੇ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹੇ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਵੀ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਸੂਰੀ ਦਾ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਟਕਰਾਅ ਰਿਹਾ। ਸੁਧੀਰ ਸੂਰੀ ਖ਼ਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ ’ਤੇ ਸਨ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਦਾ ਖ਼ੁਲਾਸਾ ਹੋਇਆ ਸੀ, ਜੋ ਵਿਦੇਸ਼ ’ਚ ਬੈਠੇ ਖ਼ਾਲਿਸਤਾਨ ਸਮਰਥਕਾਂ ਨੇ ਰਚੀ ਸੀ। ਸੁਧੀਰ ਸੂਰੀ ਇਸ ਸਾਲ ਜੁਲਾਈ 'ਚ ਇਕ ਵਿਸ਼ੇਸ਼ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਸਨ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ। ਸੁਧੀਰ ਵੱਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ਵਿਚ ਉਹ ਆਪਣੇ ਸਮਰਥਕਾਂ ਨਾਲ ਇਕ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕਰਦੇ ਹੋਏ ਨਜ਼ਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ - ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਵਿਰੋਧ ਵਿਚ ਕੱਲ੍ਹ ਪੰਜਾਬ ਬੰਦ ਦਾ ਐਲਾਨ
ਕਿਉਂ ਕਰ ਰਹੇ ਸਨ ਪ੍ਰਦਰਸ਼ਨ
ਸੁਧੀਰ ਸੂਰੀ ਗੋਪਾਲ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦੇ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਉਹ ਸਾਥੀਆਂ ਦੇ ਨਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸਨ। ਇਸ ਦੌਰਾਨ ਪੁਲਸ ਦੀ ਮੌਜੂਦਗੀ ਵਿਚ ਉਨ੍ਹਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।