10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਜਾਣੋ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰਿਆਂ ਦਾ ਇਤਿਹਾਸ

Wednesday, Jan 20, 2021 - 05:06 PM (IST)

10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਜਾਣੋ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰਿਆਂ ਦਾ ਇਤਿਹਾਸ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਤੇ ਨੂਰਾਨੀ ਸ਼ਖਸੀਅਤ ਦੁਨੀਆ ਦੇ ਇਤਿਹਾਸ ਅੰਦਰ ਨਿਵੇਕਲੀ ਅਤੇ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ ਸੰਨ 1666 ਈ. ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਦੇ ਗ੍ਰਹਿ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ। ਅੱਜ ਉਨ੍ਹਾਂ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਅਸੀਂ ਤੁਹਾਨੂੰ ਸ੍ਰੀ ਪਟਨਾ ਸਾਹਿਬ 'ਚ ਸਥਾਪਤ ਗੁਰਦੁਆਰਿਆਂ ਦਾ ਇਤਿਹਾਸ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਤਿਹਾਸ—

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਕ ਪਵਿੱਤਰ ਅਤੇ ਸਤਿਕਾਰਤ ਧਾਰਮਿਕ ਸਥਾਨ ਹੈ। ਇਸ ਜਗ੍ਹਾ ਨੂੰ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਸਥਾਨ ਹੋਣ ਦਾ ਮਾਣ ਹਾਸਲ ਹੈ। ਇਹ ਸਿੱਖਾਂ ਲਈ ਪੰਜ ਸਰਬਉੱਚ ਤਖ਼ਤ ਸਾਹਿਬਾਨਾਂ ਵਿਚੋਂ ਇਕ ਹੈ। ਤਿੰਨ ਸਿੱਖ ਗੁਰੂ ਸਹਿਬਾਨਾਂ ਵੱਲੋਂ ਪਾਵਨ ਕਰਕੇ ਭੇਟ ਕੀਤੇ ਗਏ ਇਸ ਤਖ਼ਤ ਸਾਹਿਬ ਨੂੰ ਉਤਸ਼ਾਹ ਤੇ ਨਿਡਰਤਾ, ਸ਼ਰਧਾਲੂਆਂ ’ਚ ਮਹਾਨ ਪਵਿੱਤਰਤਾ ਦੀ ਪ੍ਰੇਰਨਾ ਭਰਨ ਅਤੇ ਪਟਨਾ ਨਗਰ ਦੀ ਸ਼ਾਨਦਾਰ ਵਿਰਾਸਤ ਵਿਚ ਮਾਣਮੱਤੇ ਸਥਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।   ਗੁਰਦੁਆਰਾ ਪਟਨਾ ਸਾਹਿਬ ਦੇ ਮੈਦਾਨ ’ਤੇ ਹੀ ਇਕ ਅਜਾਇਬਘਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਯਾਦਗਾਰ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸਭ ਤੋਂ ਵੱਧ ਅਹਿਮ ਹੈ ਇੱਕ ‘ਪੰਘੂੜਾ’, ਜਿਸ ਦੀਆਂ ਚਾਰੇ ਲੱਤਾਂ ’ਤੇ ਸੋਨ-ਪੱਤਰੇ ਚੜ੍ਹੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿਚ ਇਸੇ ’ਚ ਸੌਂਦੇ ਹੁੰਦੇ ਸਨ। ਹੋਰ ਯਾਦਗਾਰੀ ਚਿੰਨ੍ਹਾਂ ਵਿਚ ਲੋਹੇ ਦੇ ਚਾਰ ਤੀਰ, ਹਾਥੀ ਦੰਦ ਦੇ ਬਣੇ ਸੈਂਡਲਾਂ ਦੀ ਜੋੜੀ ਅਤੇ ਦਸਮ ਪਾਤਿਸ਼ਾਹ ਦੀ ਪਵਿੱਤਰ ਕ੍ਰਿਪਾਨ ਸ਼ਾਮਿਲ ਹਨ। ਲੋਹੇ ਦਾ ਇਕ ਛੋਟਾ ਖੰਡਾ, ਚੱਕਰੀ, ਮਿੱਟੀ ਦੀ ਇੱਕ ਗੋਲੀ ਤੇ ਲੱਕੜ ਦੇ ਇੱਕ ਕੰਘੇ ਨੇ ਵੀ ਇਸ ਸਥਾਨ ਦੇ ਮਾਣ ਨੂੰ ਵਧਾਇਆ ਹੈ। ਇਸ ਪਵਿੱਤਰ ਗੁਰਦੁਆਰਾ ਸਾਹਿਬ ਵਿਚ ਇਕ ਅਜਿਹੀ ਪੁਸਤਕ ਨੂੰ ਵੀ ਰੱਖਿਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ‘ਹੁਕਮਨਾਮੇ’ ਮੌਜੂਦ ਹਨ।

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਚੜ੍ਹਦੀਕਲਾ ਲਈ 96 ਘੰਟਿਆਂ ਲਈ ਸ਼ੁਰੂ ਹੋਇਆ ‘ਸਤਿਨਾਮ ਵਾਹਿਗੁਰੂ’ ਦਾ ਜਾਪੁ

ਗੁਰਦੁਆਰਾ ਗੋਬਿੰਦ ਘਾਟ/ਕੰਗਣ ਘਾਟ 
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਲਗਭਗ ਦੋ ਸੌ ਗਜ਼ ’ਤੇ ਗੁਰਦੁਆਰਾ ਗੋਬਿੰਦ ਘਾਟ ਹੈ। ਇਹ ਗੁਰਦੁਆਰਾ ਉਸ ਜਗ੍ਹਾ ’ਤੇ ਹੈ ਜਿੱਥੇ ਪੰਡਿਤ ਸ਼ਿਵ ਦੱਤ, ਭਗਵਾਨ ਰਾਮ ਦੇ ਭਗਤ ਨੇ ਬਾਲਾ ਪ੍ਰੀਤਮ, ਜੋ ਵੱਡੇ ਹੋ ਕੇ ਸਿੱਖਾਂ ਦੇ ਦਸਵੇਂ ਗੁਰੂ ਬਣੇ, ਦੇ ਰੂਪ ਵਿਚ ਭਗਵਾਨ ਦੇ ਰੱਬੀ ਦਰਸ਼ਨ ਪ੍ਰਾਪਤ ਕੀਤੇ ਸਨ। ਇਸਨੂੰ ਕੰਗਣ ਘਾਟ ਵੀ ਕਿਹਾ ਜਾਂਦਾ ਹੈ। ਇੱਥੇ ਬਾਲਾ ਪ੍ਰੀਤਮ ਨੇ ਇਹ ਸੁਨੇਹਾ ਦਿੰਦੇ ਹੋਏ ਸੋਨੇ ਦਾ ਕੰਗਣ ਨਦੀ ਵਿਚ ਸੁੱਟ ਦਿੱਤਾ ਸੀ ਕਿ ਬੰਦੇ ਨੂੰ ਮੋਹ-ਮਾਇਆ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ
ਤਖ਼ਤ ਸ੍ਰੀ ਹਰਿਮੰਦਰ ਜੀ ਦੇ ਨਜ਼ਦੀਕ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਹੈ ਜੋ ਤੰਗ ਗਲੀ ਵਿਚ ਸਥਿਤ ਹੈ। ਗੁਰਦੁਆਰੇ ਦੇ ਮੂਹਰਲੇ ਪੁਰਾਣੇ ਦਰਵਾਜ਼ੇ ’ਤੇ ਲੱਕੜੀ ਉੱਤੇ ਲਿਖੇ ਅੱਖਰਾਂ ਮੁਤਾਬਿਕ ਇਹ ਗੁਰਦੁਆਰਾ 28 ਅਗਸਤ 1668 ਵਿਚ ਬਣਿਆ ਸੀ। ਇਹ ਉਸ ਘਰ ਦਾ ਪ੍ਰਤੀਕ ਹੈ ਜਿੱਥੇ ਰਾਜਾ ਫ਼ਤਹਿ ਚੰਦ ਮੈਨੀ ਅਤੇ ਰਾਣੀ ਵਿਸ਼ੰਭਰਾ ਦੇਵੀ ਰਹਿੰਦੇ ਸਨ। ਇੱਥੇ ਗੁਰੂ ਗੋਬਿੰਦ ਸਿੰਘ ਬਚਪਨ ਵਿਚ ਅਕਸਰ ਖੇਡਿਆ ਕਰਦੇ ਸਨ।

PunjabKesari

ਗੁਰਦੁਆਰਾ ਹਾਂਡੀ ਸਾਹਿਬ
ਗੁਰਦੁਆਰਾ ਹਾਂਡੀ ਸਾਹਿਬ ਜੋ ਹਾਂਡੀਵਾਲੀ ਸੰਗਤ ਵਜੋਂ ਵੀ ਜਾਣਿਆ ਜਾਂਦਾ ਹੈ, ਉਸ ਵੇਲੇ ਦਾ ਹੈ ਜਦੋਂ ਛੇ ਸਾਲ ਦੇ ਗੁਰੂ ਗੋਬਿੰਦ ਸਿੰਘ ਪੰਜਾਬ ਜਾ ਰਹੇ ਸਨ। ਜਿਵੇਂ ਕਥਾ ਦੱਸੀ ਜਾਂਦੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਬਾਲ ਪ੍ਰੀਤਮ ਅਤੇ ਮਾਤਾ ਗੁਜਰੀ ਪਟਨਾ ਤੋਂ ਬਾਹਰ ਪਹਿਲੇ ਪੜਾਅ ’ਤੇ ਰੁਕੇ ਸਨ ਅਤੇ ਮਾਈ ਪਰਧਾਨੀ, ਗੁਰੂ ਤੇਗ ਬਹਾਦਰ ਦੀ ਪੁਰਾਣੀ ਸ਼ਰਧਾਲੂ, ਨੇ ਉਨ੍ਹਾਂ  ਨੂੰ ਖਿਚੜੀ ਦੀ ਹਾਂਡੀ ਪਰੋਸੀ ਸੀ। 

ਕਰੌਂਦੇ ਦੇ ਦਰੱਖ਼ਤ ਦੁਆਲੇ ਸ਼ਰਧਾ ਦਾ ਨਮਸਕਾਰ
ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ  ਕਰੌਂਦੇ ਦਾ ਇਤਿਹਾਸਕ ਦਰੱਖ਼ਤ ਹੈ। ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਚਪਨ ’ਚ  ਕਰੌਂਦੇ ਦੀ ਦਾਤਣ ਕਰਦੇ ਸਨ ਅਤੇ ਦਾਤਣ ਧਰਤੀ ’ਚ ਗੱਡ ਦਿੰਦੇ ਸਨ। ਗੁਰਦੁਆਰਾ ਬਾਲ  ਲੀਲ੍ਹਾ ਮੈਣੀ ਸੰਗਤ ਸਾਹਿਬ  ਦੀ ਮਾਣਤਾ ਹੈ ਕਿ ਜੋ ਵੀ ਕਰੌਂਦੇ ਦੀ ਦਾਤਣ ਕਰੇਗਾ ਉਨ੍ਹਾਂ ਦੀ  ਇੱਛਾ ਪੂਰੀ ਹੋਵੇਗੀ। ਕਹਿੰਦੇ ਹਨ ਰਵਾਇਤਾਂ ਮੁਤਾਬਕ ਮਾਣਤਾ ਹੈ ਕਿ ਜੇ ਇੱਥੇ ਸੱਚੀ ਭਾਵਨਾ  ਨਾਲ ਅਰਦਾਸ ਕਰ ਕਰੌਂਦੇ ਦੀ ਦਾਤਣ ਪ੍ਰਾਪਤ ਕੀਤੀ ਜਾਵੇ ਤਾਂ ਸੰਤਾਨ ਪ੍ਰਾਪਤੀ ਦਾ ਸੁੱਖ  ਮਿਲੇਗਾ।

PunjabKesari

ਗੁਰਦੁਆਰਾ ਘਈ ਘਾਟ
ਪਟਨਾ ਵਿਚ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਘਈ ਘਾਟ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਇਸ ਖੇਤਰ ਦੇ ਸਭ ਪੁਰਾਣੇ ਗੁਰਦੁਆਰਿਆਂ ਵਿਚੋਂ ਇਕ ਹੈ। ਪਟਨਾ ਦੇ ਆਲਮਗੰਜ ਮੁਹੱਲੇ ਵਿਚ ਸਥਿਤ ਇਹ ਗੁਰਦੁਆਰਾ ਪਹਿਲਾਂ 1509 ਈਸਵੀ ਵਿਚ ਗੁਰੂ ਨਾਨਕ ਦੇਵ ਜੀ ਦੀ ਛੋਹ ਨਾਲ ਅਤੇ ਫਿਰ 1666 ਵਿਚ ਗੁਰੂ ਤੇਗ ਬਹਾਦਰ ਜੀ ਦੀ ਛੋਹ ਨਾਲ ਪਵਿੱਤਰ ਹੋਇਆ ਹੈ।

ਗੁਰਦੁਆਰਾ ਗੁਰੂ ਕਾ ਬਾਗ਼
ਪਟਨਾ ਸਾਹਿਬ-ਫਤਵਾਹ ਰੋਡ ਉੱਤੇ ਧੌਲਪੁਰ ’ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ  ਜੀ ਦੇ ਤਿੰਨ ਕਿਲੋਮੀਟਰ ਪੂਰਬ ਵਿਚ ਖੂਬਸੂਰਤ ਗੁਰਦੁਆਰਾ ਗੁਰੂ ਕਾ ਬਾਗ ਹੈ। ਮੂਹਰੇ ਸਰੋਵਰ ਅਤੇ ਹਰੇ-ਭਰੇ ਦ੍ਰਿਸ਼ ਨਾਲ ਘਿਰਿਆ ਇਹ ਗੁਰਦੁਆਰਾ ਅਧਿਆਤਮਕ ਸੁੱਖ ਵਾਲਾ ਰਮਣੀਕ ਅਸਥਾਨ ਹੈ। ਗੁਰੂ ਤੇਗ ਬਹਾਦਰ ਜੀ ਪੂਰਬ ਵਿਚ ਆਪਣੀ ਧਾਰਮਿਕ ਯਾਤਰਾ ਤੋਂ ਵਾਪਸੀ ’ਤੇ ਇਸ ਸਥਾਨ ’ਤੇ ਹੀ ਰੁਕੇ ਸਨ। ਬਾਗ ਵਿਚ ਉਨ੍ਹਾਂ ਦੀ ਪਵਿੱਤਰ ਹਾਜ਼ਰੀ ਨੇ ਚਮਤਕਾਰੀ ਢੰਗ ਨਾਲ ਸੁੱਕ ਚੁੱਕੇ ਮੈਦਾਨਾਂ ਨੂੰ ਹਰੇ-ਭਰੇ ਬਾਗ ਵਿਚ ਬਦਲ ਦਿੱਤਾ ਸੀ। ਜਿਸਨੂੰ ਇਸਦੇ ਮਾਲਕ ਨਵਾਬ ਰਹੀਮ ਬਖਸ਼ ਅਤੇ ਨਵਾਬ ਕਰੀਮ ਬਖਸ਼ ਨੇ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ ਅਤੇ ਇਸਦਾ ਨਾਮ ਗੁਰੂ ਕਾ ਬਾਗ ਰੱਖ ਦਿੱਤਾ ਸੀ। 

ਇਹ ਵੀ ਪੜ੍ਹੋ : ਪ੍ਰਕਾਸ਼ ਦਿਹਾੜੇ ਮੌਕੇ ਖ਼ਾਲਸਾਈ ਸ਼ਾਨੋ ਸ਼ੌਕਤ ਦੇ ਨਾਲ ਸਜਾਏ ਗਏ ਨਗਰ ਕੀਰਤਨ

ਭੂਚਾਲ ਵੀ ਨਹੀਂ ਹਿਲਾ ਸਕਿਆ ਸੀ ਇਸ ਡਿਓਢੀ ਨੂੰ
9ਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਸ ਡਿਓਢੀ ਰਾਹੀਂ ਪਟਨਾ ਸਾਹਿਬ ਦਾਖਲ ਹੋਏ ਸਨ, ਇਹ ਡਿਓਢੀ ਅੱਜ ਵੀ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹੈ।  1934 ਦੇ ਭੂਚਾਲ ਦੌਰਾਨ ਪਟਨਾ ਸਾਹਿਬ ਸ਼ਹਿਰ ’ਚ ਕਾਫੀ ਜਾਨ ਮਾਲ ਦਾ ਨੁਕਸਾਨ ਹੋਇਆ ਸੀ। ਇਸ ਦੌਰਾਨ ਸਿਰਫ ਇਹ ਡਿਓਢੀ ਹੀ ਬਚੀ ਰਹੀ ਸੀ। ਗੁਰਦੁਆਰੇ ਦੀ ਬਾਕੀ ਇਮਾਰਤ ਦੁਬਾਰਾ ਬਣਾਈ ਗਈ ਹੈ। ਪੰਜਾਬ ’ਚ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ  ਨੇ ਵੀ ਪਟਨਾ ਸਾਹਿਬ ਦੀ ਇਮਾਰਤ ਦੀ ਸੇਵਾ ਕਰਵਾਈ ਸੀ।

ਇਬਾਦਤ
ਅਦੀਬਾਂ ਦੀ ਨਜ਼ਰ ਤੋਂ ਲੱਗਾ ਹੋਇਆ ਹੈ ਸੀ ਦਰਬਾਰ ਦਸਮੇਸ਼ ਜੀ ਦਾ, ਵੇਖ ਵੇਖ ਜੀਹਨੂੰ ਕਦੀ ਚਿੱਤ ਨਾ ਰਜਾਇਆ ਜਾਵੇ।
ਇਕ ਪਾਸੇ ਬੈਠੀ ਹੋਈ ਆਂਹਦੀ ਸੀ ਬਹਾਦਰੀ ਇਹ, ਸਵਾ ਲੱਖ ਵੈਰੀ ਨਾਲ ਇਕੋ ਹੀ ਲੜਾਇਆ ਜਾਵੇ।
ਆਂਹਦੀ ਸੀ ਹਕੂਮਤ ਦੂਜੇ ਪਾਸੇ ਵੱਲ ਬੈਠੀ ਹੋਈ, ਨਾਨਕ ਸ਼ਾਹੀ ਸਿੱਕਾ ਸਾਰੇ ਜੱਗ ’ਤੇ ਚਲਾਇਆ ਜਾਵੇ।
ਲੱਛਮੀ ਇਹ ਆਖਦੀ ਸੀ ਵੈਰਨੀ ਨੂੰ ਜੋ ਬਾਣ ਮਾਰੋ, ਉਹ ਦੀ ਚੁੰਝ ਅੱਗੇ ਵੀ ਤਾਂ ਸੋਨਾ ਹੀ ਚੜ੍ਹਾਇਆ ਜਾਵੇ।
ਆਂਹਦੀ ਸੀ ਫ਼ਕੀਰੀ ਕੋਲੋਂ ਨਹੀਂ ਨਹੀਂ ਸੁਣੋ ਮੈਥੋਂ, ਪੈਰਾਂ ’ਚ ਖਿਤਾਬਾਂ ਤੇ ਜਗੀਰਾਂ ਨੂੰ ਰੁਲਾਇਆ ਜਾਵੇ।
ਸੁੰਦਰਤਾਈ ਆਖਦੀ ਸੀ ਪੰਜ ਕੱਕੀ ਛਬ ਨਾਲ, ਪਰੀਆਂ ਤੇ ਅਪੱਛਰਾਂ ਦਾ ਦਿਲ ਭਰਮਾਇਆ ਜਾਵੇ।
ਇਲਮ ਪਿਆ ਆਖਦਾ ਸੀ ਘੋੜਿਆਂ ਦੇ ਸੇਵਕਾਂ ਤੋਂ, ਡੂੰਘਿਆਂ ਕਬਿੱਤਾਂ ਦੇ ਚਾ ਅਰਥਾਂ ਨੂੰ ਕਰਾਇਆ ਜਾਵੇ।
ਅਦਲ ਪਿਆ ਆਂਹਦਾ ਸੀ ਜੇ ਆਪਣਾ ਹੀ ਹੋਵੇ ਪਾਪੀ, ਉਹਨੂੰ ਵੀ ਮਸੰਦਾਂ ਵਾਂਙ ਜ਼ਿੰਦਾ ਹੀ ਜਲਾਇਆ ਜਾਵੇ।
ਰਿਧੀ ਸਿਧੀ ਆਖਦੀ ਸੀ ਗੁਪਤ ਰਹੇ ਸਭੋ ਕੁਝ, ਖੰਡੇ ਵਾਲੀ ਧਾਰੋ ਕੇਵਲ ਅੰਮ੍ਰਿਤ ਹੀ ਵਗਾਇਆ ਜਾਵੇ।a
ਕਹਿੰਦੀ ਸੀ ਕੁਰਬਾਨੀ ਪਈ ਸਿੱਖੀ ਦੇ ਮਹੱਲ ਵਿਚ, ਜਗ੍ਹਾ ਇੱਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਇਆ ਜਾਵੇ।
ਆਂਹਦੀ ਸੀ ਗੁਰਿਆਈ ਕੋਲ ਇਹ ਭੀ ਜੇਕਰ ਹੋ ਜਾਵੇ, ਤਾਂ ਵੀ ਹੰਝੂ ਅੱਖੀਆਂ ’ਚੋਂ ਇਕ ਨਾ ਡੁਲਾਇਆ ਜਾਵੇ।
ਕੀ ਮੈਂ ਦੱਸਾਂ ਹਾਲ ਉਸ ਆਲੀ ਦਰਬਾਰੀ ਵਾਲਾ, ਬੋਲ ਮੈਨੂੰ ਲੱਭਦੇ ਨਹੀਂ ਜਿਨ੍ਹਾਂ ’ਚ ਸੁਣਾਇਆ ਜਾਵੇ।
 

 

 


author

Anuradha

Content Editor

Related News