ਯਾਦਾਂ ’ਚ ਸਾਲ 2023: 'ਬਾਬਾ ਬੋਹੜ' ਦੇ ਦਿਹਾਂਤ ਸਣੇ ਪੰਜਾਬ ਦੀ ਸਿਆਸਤ ’ਚ ਹੋਈਆਂ ਇਹ ਵੱਡੀਆਂ ਘਟਨਾਵਾਂ
Sunday, Dec 31, 2023 - 02:48 PM (IST)
ਜਲੰਧਰ/ਚੰਡੀਗੜ੍ਹ (ਹਿਤੇਸ਼ ਗੁਪਤਾ, ਮੁਕੇਸ਼ ਗੌਤਮ, ਹਰੀਸ਼ਚੰਦਰ, ਰਮਨਜੀਤ ਸਿੰਘ, ਬਲਜਿੰਦਰ ਸ਼ਰਮਾ)- ਸਾਲ 2023 ਖ਼ਤਮ ਹੋਣ ਨੂੰ ਕੁਝ ਹੀ ਘੰਟੇ ਬਾਕੀ ਬਚੇ ਹਨ। ਆਉਣ ਵਾਲੇ ਸਾਲ 2024 ਦੇ ਸੁਆਗਤ ਲਈ ਪੂਰੀ ਦੁਨੀਆ ਬੇਤਾਬ ਹੈ। ਸਾਲ 2023 ਦੌਰਾਨ ਪੰਜਾਬ ਦੀ ਸਿਆਸਤ ਵਿਚ ਵੱਖ-ਵੱਖ ਰੰਗ ਵੇਖਣ ਨੂੰ ਮਿਲੇ। ਜਿੱਥੇ ਸਾਲ 2023 ਦੌਰਾਨ ਪੰਜਾਬ ’ਚ ਇਕ ਵੱਡੀ ਘਟਨਾ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੇ ਰੂਪ ’ਚ ਵੀ ਹੋਈ।, ਉਥੇ ਹੀ ਸਿਆਸਤ ਦੇ ਵਿਚ ਵੱਖ-ਵੱਖ ਪਹਿਲੂ ਵੇਖਣ ਨੂੰ ਮਿਲੇ। ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਮੰਤਰੀ ਤੋਂ ਇਲਾਵਾ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੂੰ ਪੰਥ ਅਤੇ ਅਕਾਲੀ ਦਲ ਦੀ ਸਿਆਸਤ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਸੀ।
ਸੰਤੋਖ ਚੌਧਰੀ ਨੂੰ ਗੁਆਇਆ, ਜਲੰਧਰ ਨੂੰ ਸੁਸ਼ੀਲ ਰਿੰਕੂ ਦੇ ਰੂਪ ’ਚ ਮਿਲਿਆ ਨਵਾਂ ਐੱਮ. ਪੀ.
2023 ਦੌਰਾਨ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ’ਤੇ ਉੱਪ-ਚੋਣ ਵੇਖਣ ਨੂੰ ਮਿਲੀ, ਜਿਸ ਦਾ ਕਾਰਨ ਇਹ ਸੀ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਜਲੰਧਰ ਦੇ ਐੱਮ. ਪੀ. ਸੰਤੋਖ ਚੌਧਰੀ ਦਾ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਮਈ ’ਚ ਹੋਈਆਂ ਲੋਕ ਸਭਾ ਦੀਆਂ ਉੱਪ-ਚੋਣਾਂ ਦੌਰਾਨ ਕਾਂਗਰਸ ਵੱਲੋਂ ਸੰਤੋਖ ਚੌਧਰੀ ਦੀ ਪਤਨੀ ਨੂੰ ਟਿਕਟ ਦਿੱਤੀ ਗਈ, ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਜਿੱਤ ਮਿਲੀ, ਜੋਕਿ ਇਸ ਵੇਲੇ ਲੋਕ ਸਭਾ ’ਚ ਆਮ ਆਦਮੀ ਪਾਰਟੀ ਦੇ ਇਕੋ-ਇਕ ਸੰਸਦ ਮੈਂਬਰ ਹਨ।
ਇਹ ਵੀ ਪੜ੍ਹੋ : ਸੀਤ ਲਹਿਰ ਦਾ ਜ਼ੋਰ, ਧੁੰਦ ਤੇ ਕੰਬਣੀ ਨਾਲ ਹੋਵੇਗਾ ‘ਨਵੇਂ ਸਾਲ ਦਾ ਸਵਾਗਤ’, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਕਾਂਗਰਸ ਸਰਕਾਰ ’ਚ ਮੰਤਰੀ ਰਹੇ 3 ਵੱਡੇ ਨੇਤਾ ਭਾਜਪਾ ਛੱਡ ਕੇ ਕਾਂਗਰਸ ’ਚ ਪਰਤੇ
ਕਾਂਗਰਸ ਸਰਕਾਰ ’ਚ ਮੰਤਰੀ ਰਹੇ 3 ਵੱਡੇ ਨੇਤਾ ਭਾਜਪਾ ਨੂੰ ਛੱਡ ਕੇ ਵਾਪਸ ਕਾਂਗਰਸ ਪਾਰਟੀ ਵਿਚ ਪਰਤ ਗਏ। ਸਾਬਕਾ ਮੰਤਰੀ ਰਾਜਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਜੂਨ, 2022 ’ਚ ਕਾਂਗਰਸ ਛੱਡ ਕੇ ਚੰਡੀਗੜ੍ਹ ਵਿਚ ਅਮਿਤ ਸ਼ਾਹ ਦੀ ਮੌਜੂਦਗੀ ’ਚ ਭਾਜਪਾ ਵਿਚ ਸ਼ਾਮਲ ਹੋਏ ਸਨ ਪਰ ਉਹ ਭਾਜਪਾ ’ਚ ਡੇਢ ਸਾਲ ਵੀ ਨਹੀਂ ਟਿਕ ਸਕੇ। ਅਕਤੂਬਰ, 2023 ’ਚ ਉਹ ਵਾਪਸ ਕਾਂਗਰਸ ’ਚ ਪਰਤ ਗਏ। ਚਰਚਾ ਸੀ ਕਿ ਕੇਂਦਰੀ ਏਜੰਸੀਆਂ ਦੇ ਡਰੋਂ ਇਨ੍ਹਾਂ ਨੇ ਭਗਵਾ ਧਾਰਨ ਕੀਤਾ ਸੀ। ਦੂਜੇ ਪਾਸੇ ਪੰਜਾਬ ਭਾਜਪਾ ਨੂੰ ਇਸ ਸਾਲ ਨਵਾਂ ਪ੍ਰਧਾਨ ਮਿਲਿਆ। ਜੁਲਾਈ ਵਿਚ ਪਾਰਟੀ ਨੇ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਸੌਂਪੀ। ਉਹ ਪਿਛਲੇ ਸਾਲ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਪਹਿਲੀ ਵਾਰ ਭਾਜਪਾ ਨੇ ਦੂਜੀ ਪਾਰਟੀ ’ਚੋਂ ਆਏ ਨੇਤਾ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਮਜੀਠੀਆ-ਸਿੱਧੂ ਦੀ ਜੱਫ਼ੀ
ਸਿਆਸੀ ਹਲਕਿਆਂ ’ਚ ਇਕ-ਦੂਜੇ ਦੇ ਕੱਟੜ ਦੁਸ਼ਮਣ ਮੰਨੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਸਮੇਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਭੁਲਾ ਦਿੱਤਾ। ਦੋਵੇਂ ਇਕ ਸਮਾਗਮ ਵਿਚ ਇਕੱਠੇ ਹੋਏ ਅਤੇ ਜੱਫ਼ੀ ਪਾਈ।
ਇਹ ਵੀ ਪੜ੍ਹੋ : PM ਮੋਦੀ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਪੰਜਾਬ 'ਚ 'ਵੰਦੇ ਭਾਰਤ ਐਕਸਪ੍ਰੈੱਸ' ਟਰੇਨ ਦੀ ਹੋਈ ਸ਼ੁਰੂਆਤ
ਹੜ੍ਹ ਨਾਲ 1400 ਪਿੰਡ ਡੁੱਬੇ, 40 ਵਿਅਕਤੀਆਂ ਨੇ ਗੁਆਈ ਜਾਨ
ਸਾਲ 2023 ’ਚ ਜ਼ਿਆਦਾ ਮੀਂਹ ਪੈਣ ਕਾਰਨ ਆਏ ਹੜ੍ਹ ਨਾਲ ਪੰਜਾਬ ਦੇ 1400 ਦੇ ਲਗਭਗ ਪਿੰਡ ਪ੍ਰਭਾਵਿਤ ਹੋਏ। ਤਰਨ ਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐੱਸ. ਏ. ਐੱਸ. ਨਗਰ, ਜਲੰਧਰ, ਸੰਗਰੂਰ, ਐੱਸ. ਬੀ. ਐੱਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਦੇ ਪਿੰਡ ਹੜ੍ਹ ਦੀ ਲਪੇਟ ਵਿਚ ਆਏ। ਇਸ ਕਾਰਨ ਸਰਕਾਰ ਵੱਲੋਂ 170 ਰਾਹਤ ਕੈਂਪ ਲਾ ਕੇ 27 ਹਜ਼ਾਰ ਦੇ ਲਗਭਗ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਹੜ੍ਹ ਦੌਰਾਨ ਪਸ਼ੂ-ਧਨ ਦਾ ਨੁਕਸਾਨ ਹੋਣ ਦੇ ਨਾਲ-ਨਾਲ 40 ਵਿਅਕਤੀਆਂ ਨੇ ਜਾਨ ਗੁਆਈ ਅਤੇ 20 ਜ਼ਖਮੀ ਹੋਏ। ਇਸ ਦੌਰਾਨ ਹਰਿਆਣਾ ਦੇ ਕੁਝ ਪਿੰਡ ਵੀ ਪ੍ਰਭਾਵਿਤ ਹੋਏ। ਇਹ ਨੁਕਸਾਨ ਸਤਲੁਜ, ਬਿਆਸ ਤੇ ਘੱਗਰ ਨਦੀ ’ਚ ਹੜ੍ਹ ਆਉਣ ਕਾਰਨ ਹੋਇਆ ਸੀ।
ਸੁਖਬੀਰ ਬਾਦਲ ਨੇ ਬੇਅਦਬੀ ਮਾਮਲੇ ’ਚ ਸੰਗਤ ਤੋਂ ਮੁਆਫ਼ੀ ਮੰਗੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ 2015 ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਸੰਗਤ ਤੋਂ ਮੁਆਫ਼ੀ ਮੰਗੀ। ਬੇਅਦਬੀ ਦੇ ਮਾਮਲੇ ’ਚ ਸਿੱਖ ਸੰਗਤ ਕਾਫ਼ੀ ਹੱਦ ਤਕ ਅਕਾਲੀ ਦਲ ਤੋਂ ਨਾਰਾਜ਼ ਸੀ। ਸੁਖਬੀਰ ਬਾਦਲ ਵੱਲੋਂ ਸੰਗਤ ਤੋਂ ਮੁਆਫ਼ੀ ਮੰਗਣਾ ਵੱਡੀ ਗੱਲ ਕਹੀ ਜਾ ਸਕਦੀ ਹੈ।
ਸ੍ਰੀ ਦਰਬਾਰ ਸਾਹਿਬ ਨੇੜੇ ਹੋਏ 3 ਧਮਾਕਿਆਂ ਦੀ ਵਾਰਦਾਤ ਦਾ ਮਾਮਲਾ ਕੁਝ ਹੀ ਦਿਨਾਂ ’ਚ ਹੋਇਆ ਹੱਲ
ਪੰਜਾਬ ਪੁਲਸ ਪੂਰਾ ਸਾਲ ਚੌਕਸੀ ਨਾਲ ਕੰਮ ਕਰਦੀ ਰਹੀ। ਇਸ ਸਾਲ ਦੀ ਸਭ ਤੋਂ ਵੱਡੀ ਵਾਰਦਾਤ ਅੰਮ੍ਰਿਤਸਰ ’ਚ ਸਥਿਤ ਆਸਥਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ 6 ਦਿਨਾਂ ਅੰਦਰ ਹੋਏ 3 ਬੰਬ ਧਮਾਕਿਆਂ ਦੀ ਰਹੀ। 6 ਮਈ ਤੋਂ ਸ਼ੁਰੂ ਹੋਈ ਧਮਾਕਿਆਂ ਦੀ ਇਸ ਲੜੀ ਨੇ ਪੂਰਾ ਹਫ਼ਤਾ ਪੰਜਾਬ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਵਸੇ ਪੰਜਾਬੀਆਂ, ਖਾਸ ਤੌਰ ’ਤੇ ਸਿੱਖਾਂ ਵਿਚ ਹਲਚਲ ਮਚਾਈ ਰੱਖੀ। ਅਖੀਰ ’ਚ ਪਹਿਲੇ ਧਮਾਕੇ ਦੇ 6 ਦਿਨਾਂ ਅੰਦਰ ਹੀ ਪੰਜਾਬ ਪੁਲਸ ਅਤੇ ਐੱਸ. ਜੀ. ਪੀ. ਸੀ. ਦੇ ਸਾਂਝੇ ਯਤਨਾਂ ਸਦਕਾ ਮੁਲਜ਼ਮ ਫੜੇ ਗਏ ਅਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਇਲਾਵਾ ਲੁਧਿਆਣਾ ’ਚ ਹੋਈ ਕਰੋੜਾਂ ਰੁਪਿਆਂ ਦੀ ਲੁੱਟ ਦੀ ਵਾਰਦਾਤ ਨੂੰ ਵੀ ਪੰਜਾਬ ਪੁਲਸ ਨੇ ਰਿਕਾਰਡ ਸਮੇਂ ਅੰਦਰ ਹੱਲ ਕੀਤਾ ਅਤੇ ਲੁੱਟਿਆ ਗਿਆ ਜ਼ਿਆਦਾਤਰ ਪੈਸਾ ਬਰਾਮਦ ਵੀ ਕਰ ਲਿਆ।
ਇਹ ਵੀ ਪੜ੍ਹੋ : New Year ਦੇ ਜਸ਼ਨ ਸਬੰਧੀ ਜਲੰਧਰ ਪੁਲਸ ਸਖ਼ਤ, PPR ਮਾਰਕੀਟ ‘ਨੋ ਵ੍ਹੀਕਲ ਜ਼ੋਨ’ ਐਲਾਨੀ, ਬਣਾਈ ਇਹ ਯੋਜਨਾ
ਮਨਜੀਤ ਸਿੰਘ ਜੀ. ਕੇ. ਦੀ ਅਕਾਲੀ ਦਲ ’ਚ ਵਾਪਸੀ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਜਿਨ੍ਹਾਂ ਵਲੋਂ ‘ਜਾਗੋ ਪਾਰਟੀ’ ਨਾਂ ਦੀ ਜਥੇਬੰਦੀ ਚਲਾ ਕੇ ਸਿਆਸੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ, ਦੁਬਾਰਾ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਤੋਂ ਇਕ ਵਾਰ ਮੁੜ ਪੰਥਕ ਏਕਤਾ ਦੇ ਸੰਕੇਤ ਮਿਲੇ।
ਹਾਈਵੇਅ 'ਤੇ ਰੇਲਵੇ ਲਾਈਨਾਂ ’ਤੇ ਡਟੇ ਰਹੇ ਕਿਸਾਨ
ਦਿੱਲੀ ਮੋਰਚਾ ਫਤਿਹ ਕਰਨ ਤੋਂ ਬਾਅਦ ਵਧੇ ਹੋਏ ਹੌਂਸਲੇ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਸਾਲ ਵੀ ਲਗਾਤਾਰ ਸੰਘਰਸ਼ ਕਰਦੀਆਂ ਰਹੀਆਂ। ਗੰਨੇ ਦੀ ਕੀਮਤ ਵਿਚ ਵਾਧੇ, ਗੰਨਾ ਕਿਸਾਨਾਂ ਦੇ ਮਿੱਲਾਂ ਵੱਲ ਬਕਾਇਆ ਪੈਸੇ ਲਈ ਕੀਤੇ ਗਏ ਸੰਘਰਸ਼ ਤੋਂ ਲੈ ਕੇ ਹੜ੍ਹ ਨਾਲ ਹੋਈ ਫਸਲਾਂ ਦੀ ਬਰਬਾਦੀ ਅਤੇ ਕੇਂਦਰ ਸਰਕਾਰ ਵੱਲੋਂ ਐੱਮ. ਐੱਸ. ਪੀ. ਸਬੰਧੀ ਕੀਤੇ ਗਏ ਵਾਅਦੇ ਦੇ ਵਫਾ ਨਾ ਹੋਣ ਤਕ ਵਰਗੇ ਮੁੱਦਿਆਂ ਨੂੰ ਆਧਾਰ ਬਣਾ ਕੇ ਕਿਸਾਨ ਜਥੇਬੰਦੀਆਂ ਨੇ ਨਾ ਸਿਰਫ਼ ਧਰਨੇ ਲਾਏ ਅਤੇ ਵਿਖਾਵੇ ਕੀਤੇ, ਸਗੋਂ ਸੂਬੇ ਵਿਚ ਕਈ ਥਾਵਾਂ ’ਤੇ ਹਾਈਵੇਅ 'ਤੇ ਰੇਲਵੇ ਲਾਈਨਾਂ ’ਤੇ ਵੀ ਆਵਾਜਾਈ ਰੋਕੀ ਰੱਖੀ।
43 ਸਰਕਾਰੀ ਸੇਵਾਵਾਂ ਦੀ ਹੋਮ ਡਿਲਿਵਰੀ ਦੀ ਯੋਜਨਾ ਲਈ ਯਾਦ ਕੀਤਾ ਜਾਵੇਗਾ 2023
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਪੂਰੇ ਕਰਨ ਲਈ ਮੁਫਤ ਬਿਜਲੀ ਅਤੇ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਤਾਂ ਪਹਿਲੇ ਸਾਲ ਹੀ ਕਰ ਦਿੱਤੀ ਗਈ ਸੀ। ਜਿੱਥੋਂ ਤਕ 2023 ਦਾ ਸਵਾਲ ਹੈ ਤਾਂ ਇਸ ਦੌਰਾਨ ਨਵੇਂ ਸਕੂਲ, ਕਾਲਜ ਤੇ ਹਸਪਤਾਲ ਖੋਲ੍ਹਣ ਦੇ ਨਾਲ ਹੀ ਨਵੇਂ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ। ਇਨ੍ਹਾਂ ਵਿਚ ਸਭ ਤੋਂ ਅਹਿਮ 43 ਸਰਕਾਰੀ ਸੇਵਾਵਾਂ ਦੀ ਹੋਮ ਡਲਿਵਰੀ ਸਬੰਧੀ ਯੋਜਨਾ ਹੈ, ਜਿਸ ਦੇ ਤਹਿਤ ਲੋਕ ਫੋਨ ’ਤੇ ਸਰਕਾਰੀ ਮੁਲਾਜ਼ਮਾਂ ਨੂੰ ਘਰ ਸੱਦ ਸਕਦੇ ਹਨ, ਜੋ ਉਨ੍ਹਾਂ ਨੂੰ ਦਸਤਾਵੇਜ਼ ਲੈ ਕੇ ਸਹੂਲਤਾਂ ਦੇਣਗੇ।
ਇਹ ਵੀ ਹਨ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ–
-ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਟਰਾਂਸਪੋਰਟ ਦੀ ਸਹੂਲਤ ਦਿੱਤੀ ਗਈ।
-ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ।
-ਨਸ਼ਿਆਂ ਨੂੰ ਖ਼ਤਮ ਕਰਨ ਲਈ ਹਜ਼ਾਰਾਂ ਸਕੂਲੀ ਬੱਚਿਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ’ਚ ਅਰਦਾਸ ਕੀਤੀ ਗਈ।
-ਵਿਧਾਨ ਸਭਾ ਦੇ ਕੰਮਕਾਜ ਨੂੰ ਪੇਪਰਲੈੱਸ ਕਰ ਕੇ ਡਿਜੀਟਲ ਕੀਤਾ ਗਿਆ।
-ਉੱਦਮੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ‘ਸਰਕਾਰ-ਵਪਾਰੀ ਮਿਲਣੀ’ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ : 2023 ’ਚ ਜਬਰ-ਜ਼ਿਨਾਹ ਦੀਆਂ ਉਹ ਘਟਨਾਵਾਂ ਜਿਨ੍ਹਾਂ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਆਪਣਿਆਂ ਨੇ ਵੀ ਨਾ ਬਖ਼ਸ਼ਿਆ
ਭਗਵੰਤ ਮਾਨ ਦੀ ਡਿਬੇਟ ’ਚ ਨਹੀਂ ਆਏ ਵਿਰੋਧੀ ਪਾਰਟੀਆਂ ਦੇ ਨੇਤਾ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਹੀ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਪਲਟਵਾਰ ਕਰਨ ਲਈ ਭਗਵੰਤ ਮਾਨ ਵਲੋਂ ਲੁਧਿਆਣਾ ਦੇ ਪੀ. ਏ. ਯੂ. ’ਚ ਡਿਬੇਟ ਰੱਖੀ ਗਈ, ਜਿਸ ਵਿਚ ਚਰਚਾ ਕਰਨ ਲਈ ਸੁਖਬੀਰ ਬਾਦਲ, ਸੁਨੀਲ ਜਾਖੜ, ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਹ ਨਹੀਂ ਆਏ ਅਤੇ ਉਨ੍ਹਾਂ ਦੀਆਂ ਕੁਰਸੀਆਂ ਖਾਲੀ ਰਹੀਆਂ।
ਬਿਕਰਮ ਮਜੀਠੀਆ ਨੂੰ ਐੱਸ. ਆਈ. ਟੀ. ਦਾ ਸੰਮਨ
ਇਸ ਸਾਲ ਦੇ ਅਖੀਰ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਹਮੋ-ਸਾਹਮਣੇ ਆ ਗਏ। ਦਸੰਬਰ ਮਹੀਨੇ ਵਿਚ ਦੋਵਾਂ ਵਿਚਾਲੇ ਕਾਫੀ ਵਿਵਾਦ ਹੋਇਆ ਸੀ। ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਮਜੀਠੀਆ ਨੂੰ ਪੁੱਛਗਿੱਛ ਲਈ ਮੁੜ ਸੱਦਿਆ।
ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।