ਯੂ. ਕੇ. ’ਚ ਦੋਹਰੀ ਜ਼ਿੰਦਗੀ ਜੀਅ ਰਿਹੈ KLF ਦਾ ਮੁਖੀ ਰਣਜੋਧ ਸਿੰਘ, ਅੰਮ੍ਰਿਤਪਾਲ ਨਾਲ ਹੈ ਸਿੱਧਾ ਕੁਨੈਕਸ਼ਨ

Monday, Apr 03, 2023 - 01:42 PM (IST)

ਜਲੰਧਰ (ਇੰਟ.)-ਪੰਜਾਬ ’ਚ ਅੱਤਵਾਦ ਦਾ ਦੌਰ ਖ਼ਤਮ ਹੋਣ ਤੋਂ ਲਗਭਗ 25 ਸਾਲ ਪਹਿਲਾਂ ਇਕ ਦਰਜਨ ਤੋਂ ਵੱਧ ਨਾਮੀ ਖ਼ਾਲਿਸਤਾਨੀ ਅੱਤਵਾਦੀ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਪੰਜ ਮੁਖੀ ਆਈ. ਐੱਸ. ਆਈ. ਦੇ ਸਿੱਧੇ ਸੰਪਰਕ ’ਚ ਹਨ। ਹੁਣ ਇਸ ਕੜੀ ’ਚ ਇਕ ਹੋਰ ਖ਼ੁਲਾਸਾ ਹੋਇਆ ਹੈ ਕਿ ਵਿਦੇਸ਼ ਭੱਜਿਆ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਆਪੇ ਬਣੇ ਮੁਖੀ ਰਣਜੋਧ ਸਿੰਘ ਬ੍ਰਿਟੇਨ (ਯੂ. ਕੇ.) ’ਚ ਅਵਤਾਰ ਸਿੰਘ ਖੰਡਾ ਦੇ ਨਾਂ ਨਾਲ ਦੋਹਰੀ ਜ਼ਿੰਦਗੀ ਜੀਅ ਰਿਹਾ ਹੈ। ਉਹ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ 19 ਮਾਰਚ ਦੀ ਹਿੰਸਾ ਦਾ ਮੁੱਖ ਸੂਤਰਧਾਰ ਹੈ। ਇਹੀ ਨਹੀਂ, ਕੇ. ਐੱਲ. ਐੱਫ਼. ਦੇ ਆਪੇ ਬਣੇ ਮੁਖੀ ਦਾ ਸਿੱਧੇ ਤੌਰ ’ਤੇ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅਤੇ ਫਰਾਰ ਚੱਲ ਰਹੇ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਨਾਲ ਸਿੱਧਾ ਕੁਨੈਕਸ਼ਨ ਦੱਸਿਆ ਜਾ ਰਿਹਾ ਹੈ, ਕਿਉਂਕਿ 20 ਮਾਰਚ ਨੂੰ ਰਣਜੋਧ ਸਿੰਘ ਨੇ ਫਰਾਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ’ਤੇ ਇਕ ਹੋਰ ਪ੍ਰੈੱਸ ਨੋਟ ਜਾਰੀ ਕੀਤਾ ਸੀ।

ਕੇ. ਐੱਲ. ਐੱਫ਼. ਦਾ ਜਥੇਦਾਰ ਹੋਇਆ ਸੀ ਨਿਯੁਕਤ
ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਲੰਡਨ ਅਤੇ ਨਵੀਂ ਦਿੱਲੀ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਰਣਜੋਧ ਸਿੰਘ ਨਾਂ ਦਾ ਇਹ ਸ਼ਖ਼ਸ ਉੱਥੋਂ ਹੀ ਪੂਰੀ ਦੁਨੀਆ ’ਚ ਸਿੱਖ ਭਾਈਚਾਰੇ ਖ਼ਿਲਾਫ਼ ਜ਼ੁਲਮ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਰਾਉਂਦੇ ਹੋਏ ਕੇ. ਐੱਲ. ਐੱਫ਼. ਦੇ ਪ੍ਰੈੱਸ ਨੋਟ ਜਾਰੀ ਕਰਦਾ ਹੈ। ਇਕ ਮੀਡੀਆ ਰਿਪੋਰਟ ’ਚ 20 ਨਵੰਬਰ, 2022 ਨੂੰ ਜਾਰੀ ਇਕ ਪ੍ਰੈੱਸ ਨੋਟ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਕੇ. ਐੱਲ. ਐੱਫ਼. ਦੇ ਚੋਟੀ ਦੇ ਅਹੁਦੇਦਾਰਾਂ ਦੀ ਉੱਚ ਪੱਧਰੀ ਬੈਠਕ ਇਕ ਗੁਪਤ ਸਥਾਨ ’ਤੇ ਹੋਈ ਸੀ। ਬੈਠਕ ਦੌਰਾਨ ਕੇ. ਐੱਲ. ਐੱਫ਼. ਹਾਈਕਮਾਨ ਨੇ ਭਾਈ ਰਣਜੋਧ ਸਿੰਘ ਨੂੰ ਕੇ. ਐੱਲ. ਐੱਫ. ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਨੂੰ ਦਿੱਤੀ ਹੈ ਧਮਕੀ
ਕੇ. ਐੱਲ. ਐੱਫ਼. ਨੇ ਅਜਨਾਲਾ ਕਾਂਡ ਅਤੇ ਪੰਜਾਬ ’ਚ ਮੌਜੂਦਾ ਸਥਿਤੀ ਲਈ ਭਾਰਤੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਸ ਨੂੰ ਜ਼ਿੰਮੇਦਾਰ ਠਹਿਰਾਇਆ। ਇਕ ਪ੍ਰੈੱਸ ਨੋਟ ’ਚ ਸੰਗਠਨ ਨੇ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਦੋਵਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਨੂੰ ਪੰਜਾਬ ਅੱਤਵਾਦ ਦੇ ਦਿਨਾਂ ’ਚ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਅਤੇ ਐੱਸ. ਐੱਸ. ਪੀ. ਗੋਬਿੰਦ ਰਾਮ ਦੇ ਕਤਲ ਦੀ ਯਾਦ ਦਿਵਾ ਦਿੱਤੀ।
ਖ਼ੁਫ਼ੀਆ ਏਜੰਸੀਆਂ ਦੇ ਇਨਪੁਟ ਹਨ ਕਿ ਖੰਡਾ, ਜੋ ਅਵਤਾਰ ਸਿੰਘ ਆਜ਼ਾਦ ਅਤੇ ਰਣਜੋਧ ਸਿੰਘ ਦੇ ਨਾਂ ਨਾਲ ਆਪਣੀ ਫੇਸਬੁੱਕ ਪ੍ਰੋਫਾਈਲ ਬਣਾਈ ਰੱਖਦਾ ਹੈ, ਛੇਤੀ ਹੀ ਮੁੱਖ ਨਿਸ਼ਾਨੇ ਦੇ ਰੂਪ ’ਚ ਪੰਜਾਬ ਦੇ ਨਾਲ ਭਾਰਤ ’ਚ ਅੱਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਲੈਣਾ ਸ਼ੁਰੂ ਕਰ ਸਕਦਾ ਹੈ। ਖੰਡਾ ਦਾ ਮੁੱਖ ਮਕਸਦ ਪੰਜਾਬ ਅਤੇ ਯੂ. ਕੇ. ਕੈਨੇਡਾ, ਯੂ. ਐੱਸ., ਜਰਮਨੀ, ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਭਾਰਤ ਦੇ ਖ਼ਿਲਾਫ਼ ਅਤੇ ਕਥਿਤ ਖ਼ਾਲਿਸਤਾਨ ਅੰਦੋਲਨ ਦੇ ਸਮਰਥਨ ’ਚ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣਾ ਹੈ।

ਰਣਜੋਧ ਦੇ ਪਿਤਾ ਵੀ ਸਨ ਖ਼ਾਲਿਸਤਾਨੀ ਸਮਰਥਕ
ਰਣਜੋਧ ਸਿੰਘ ਦੇ ਪਿਤਾ ਕੁਲਵੰਤ ਸਿੰਘ ਖੁਕਰਾਨਾ ਵੀ ਖ਼ਾਲਿਸਤਾਨੀ ਸਮਰਥਕ ਸਨ ਅਤੇ 1991 ’ਚ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਢੇਰ ਕਰ ਦਿੱਤਾ ਸੀ। ਦਿੱਲੀ ਪੁਲਸ ਨੇ ਵੀ ਰਾਸ਼ਟਰੀ ਝੰਡੇ ਦੇ ਨਿਰਾਦਰ ਅਤੇ ਦੇਸ਼-ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਖੰਡਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਹੈ। ਭਾਰਤ ਨੇ ਦੂਤਘਰ ’ਤੇ ਹੋਏ ਹਮਲੇ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਵਿਰੋਧ ਪ੍ਰਦਰਸ਼ਨ ਬਾਰੇ ’ਚ ਬ੍ਰਿਟੇਨ ਦੀ ਸੁਰੱਖਿਆ ਸੇਵਾਵਾਂ ਨੂੰ ਲਿਖਤੀ ਰੂਪ ’ਚ ਸੂਚਿਤ ਕਰ ਦਿੱਤਾ ਹੈ ਅਤੇ ਐੱਮ. ਆਈ-5 ਨੂੰ 19 ਮਾਰਚ ਤੋਂ ਪਹਿਲਾਂ ਹੀ ਸੰਭਾਵੀ ਹਿੰਸਾ ਬਾਰੇ ਨਿੱਜੀ ਰੂਪ ’ਚ ਜਾਣਕਾਰੀ ਦਿੱਤੀ ਸੀ। ਇਸ ਦੇ ਬਾਵਜੂਦ ਕੱਟੜਪੰਥੀਆਂ ਨੇ ਭਾਰਤੀ ਦੂਤਘਰ ’ਤੇ ਹਮਲਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News